ਚੰਡੀਗੜ੍ਹ : ਲੁਧਿਆਣਾ ਦੇ ਵਕੀਲ ਵਰੁਣ ਗੁਪਤਾ ਵੱਲੋਂ ਐੱਸਟੀਐੱਫ ਦੇ ਇੰਚਾਰਜ ਹਰਬੰਸ ਸਿੰਘ ਖ਼ਿਲਾਫ਼ ਦਿੱਤੀ ਸ਼ਿਕਾਇਤ ਦਾ ਮਾਮਲਾ ਪੰਜਾਬ ਅਤੇ ਹਰਿਆਣਾ ਉੱਚ ਅਦਾਲਤ ਵਿੱਚ ਪਹੁੰਚ ਗਿਆ ਹੈ। ਇਸ ਮਾਮਲੇ 'ਚ ਲੁਧਿਆਣਾ ਦੇ ਵਕੀਲਾਂ ਵੱਲੋਂ ਲਗਾਤਾਰ ਹੜਤਾਲ ਕੀਤੀ ਜਾ ਰਹੀ ਹੈ। ਵਰੁਣ ਗੁਪਤਾ ਨੇ ਅਦਾਲਤ 'ਚ ਕਿਹਾ ਹੈ ਕਿ ਪੰਜਾਬ ਸਰਕਾਰ ਇਸ ਮਾਮਲੇ ਵਿੱਚ ਢਿੱਲ ਵਰਤ ਰਹੀ ਹੈ।
ਵਰੁਣ ਗੁਪਤਾ ਦੇ ਵਕੀਲ ਫੈਰੀ ਸੋਫਤ ਨੇ ਕਿਹਾ ਕਿ ਇਸ ਮਾਮਲੇ ਵਿੱਚ ਸਰਕਾਰ ਵੱਲੋਂ ਵਰਤੀ ਜਾ ਰਹੀ ਢਿੱਲ ਨੂੰ ਵੇਖਦੇ ਹੋਏ ਅਦਾਲਤ ਨੇ ਸਰਕਾਰ ਨੂੰ ਸਟੇਟਸ ਰਿਪੋਰਟ ਦਾਖ਼ਲ ਕਰਨ ਲਈ ਕਿਹਾ ਸੀ । ਆਪਣੀ ਸਟੇਟਸ ਰਿਪੋਰਟ 'ਚ ਸਰਕਾਰੀ ਪੱਖ ਨੇ ਕਿਹਾ ਕਿ ਇਸ ਮਾਮਲੇ 'ਚ ਐੱਸ.ਐੱਸ.ਪੀ. ਖੰਨਾ ਦੀ ਅਗਵਈ ਵਿੱਚ ਇੱਕ ਵਿਸ਼ੇਸ਼ ਜਾਂਚ ਟੀਮ ਗਠਤ ਕੀਤੀ ਗਈ ਹੈ।
ਇਹ ਵੀ ਪੜ੍ਹੋ :ਸੰਸਦ ਪਰਿਸਰ 'ਚ ਕਾਂਗਰਸ ਦਾ ਧਰਨਾ, ਦੁਪਹਿਰ 2 ਵਜੇ ਤੱਕ ਕਾਰਵਾਈ ਮੁਲਤਵੀ
ਜਿਸ 'ਤੇ ਅਦਾਲਤ ਨੇ ਕਿਹਾ ਕਿ ਇੱਕ ਪੁਲਿਸ ਅਫ਼ਸਰ ਆਪਣੇ ਮਹਿਕਮੇ ਦੇ ਮੁਲਾਜ਼ਮ 'ਤੇ ਕਿਵੇਂ ਕਾਰਵਾਈ ਕਰ ਸਕਦਾ ਹੈ। ਅਦਾਲਤ ਨੇ ਮੁੜ ਸਟੇਟਸ ਰਿਪੋਰਟ ਮੰਗੀ ਤਾਂ ਸਰਕਾਰ ਆਪਣੀ ਰਿਪੋਰਟ ਦੇ ਰਾਹੀਂ ਅਦਾਲਤ ਨੂੰ ਸੰਤੁਸ਼ਟ ਕਰਨ ਵਿੱਚ ਨਾਕਾਮ ਰਹੀ।
ਹੁਣ ਇਸ ਮਾਮਲੇ ਦੀ ਕੱਲ੍ਹ ਮੁੜ ਸੁਣਵਾਈ ਹੋਵੇਗੀ ।ਜਿਸ ਤੋਂ ਬਾਅਦ ਹੀ ਇਸ ਮਾਮਲੇ ਬਾਰੇ ਕੁਝ ਸਪੱਸ਼ਟ ਹੋ ਸਕੇਗਾ।