ਲੁਧਿਆਣਾ: ਮਹਾਕਾਲ ਸਿੰਘ ਖਾਲਸਾ ਅਤੇ ਸਤਬੀਰ ਕੌਰ ਖਾਲਸਾ ਪਤਿਤ ਪੁਣੇ ਵੱਲ ਵੱਧ ਰਹੀ ਸਿੱਖ ਕੌਮ ਲਈ ਮਾਰਗਦਰਸ਼ਨ ਦਾ ਕੰਮ ਕਰ ਰਹੇ ਹਨ। ਇਨ੍ਹਾਂ ਦੇ ਸਿੱਖੀ ਸਰੂਪ ਤੋਂ ਪ੍ਰਭਾਵਿਤ ਹੋਕੇ ਕਈ ਨੌਜਵਾਨ ਅੰਮ੍ਰਿਤ ਛੱਕ ਚੁੱਕੇ ਹਨ ਅਤੇ ਨਸ਼ੇ ਦੀ ਦਲਦਲ ਚੋਂ ਨਿਕਲਣ ਵਿੱਚ ਕਾਮਯਾਬ ਹੋਏ ਹਨ। ਮਹਾਕਾਲ ਸਿੰਘ ਅਤੇ ਸਤਬੀਰ ਕੌਰ ਦੀ ਜਿੰਦਗੀ ਕੁੱਝ ਸਾਲ ਪਹਿਲਾਂ ਉਨ੍ਹਾ ਦੇ ਇਸ ਸਰੂਪ ਤੋਂ ਬਿਲਕੁੱਲ ਵੱਖਰੀ ਸੀ, ਪਰ ਸ੍ਰੀ ਹਜ਼ੂਰ ਸਾਹਿਬ ਜਾ ਕੇ ਉਹ ਗੁਰਬਾਣੀ ਅਤੇ ਬਾਣੇ ਤੋਂ, ਇੰਨ੍ਹੇ ਜ਼ਿਆਦਾ ਪ੍ਰਭਾਵਿਤ ਹੋਏ ਕਿ ਉਨ੍ਹਾਂ ਨੇ ਰਹਿਤ ਮਰਿਆਦਾ ਦੇ ਨਾਲ (Preach Sikh Gurbani) ਆਪਣੀ ਜ਼ਿੰਦਗੀ ਬਤੀਤ ਕਰਨੀ ਸ਼ੁਰੂ ਕਰ ਦਿੱਤਾ ਅਤੇ ਹੁਣ ਉਹ ਬਾਕੀਆਂ ਲਈ ਚਾਨਣ ਮੁਨਾਰਾ ਬਣੇ ਹੋਏ ਹਨ। ਸੋਸ਼ਲ ਮੀਡੀਆ ਉੱਤੇ ਇਸ ਜੋੜੀ ਨੂੰ ਜਿੱਥੇ ਲੋਕ ਫੋਲੋ ਕਰ ਰਹੇ ਹਨ, ਉੱਥੇ ਹੀ ਇਹ ਜੋੜਾ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਨ ਵਿੱਚ ਵੀ ਯੋਗਦਾਨ ਦੇ ਰਹੇ ਹਨ।
ਸਿੱਖੀ ਸਰੂਪ ਦੀ ਪ੍ਰੇਰਨਾ: ਮਹਾਕਾਲ ਸਿੰਘ ਨੂੰ ਖਾਲਸਾ ਰੂਪ ਧਾਰਨ ਕਰਨ ਲਈ ਕਿਸੇ ਹੋਰ ਨੇ ਨਹੀਂ ਸਗੋਂ ਉਨ੍ਹਾਂ ਦੀ ਧਰਮ ਪਤਨੀ ਨੇ ਪ੍ਰੇਰਿਤ ਕੀਤਾ। ਹੈਰਾਨੀ ਦੀ ਗੱਲ ਇਹ ਹੈ ਕਿ ਉਨ੍ਹਾਂ ਦੀ ਪਤਨੀ ਹਰਿਆਣਾ ਦੇ ਇਕ ਹਿੰਦੂ ਪਰਿਵਾਰ ਤੋਂ ਸਬੰਧ ਰੱਖਦੀ ਹੈ। ਸਤਬੀਰ ਕੌਰ ਖਾਲਸਾ ਪਹਿਲਾਂ ਅਨੁਰਾਧਾ ਚੌਧਰੀ ਸੀ, ਜਿਸ ਨੇ ਸਿੱਖੀ ਤੋਂ ਪ੍ਰਭਾਵਿਤ ਹੋ ਕੇ ਨਾ ਸਿਰਫ਼ ਆਪਣੇ ਪਤੀ ਜੋ ਕਿ ਸਿੱਖ ਪਰਿਵਾਰ ਨਾਲ ਸਬੰਧਿਤ ਸੀ, ਉਨ੍ਹਾਂ ਨੂੰ ਗੁਰੂ ਦੇ ਲੜ ਲੱਗ ਜਾਣ ਅਤੇ ਸਿੱਖੀ ਦਾ ਬਾਣਾ ਪਾਉਣ ਲਈ ਪ੍ਰੇਰਿਤ ਕੀਤਾ, ਸਗੋਂ ਆਪ ਵੀ ਉਹ ਸਿੰਘਣੀ ਬਣੀ। ਸਿਰ ਉੱਤੇ ਸੁੰਦਰ ਦੁਮਾਲਾ ਸਜਾਉਣ ਵਾਲੇ ਦੋਵੇਂ ਗੁਰਸਿੱਖ ਜੋੜੇ ਦਾ ਵਿਆਹ ਲਵ ਕਮ ਆਰੇਂਜ ਮੈਰਿਜ ਹੈ।
ਨੌਜਵਾਨਾਂ ਲਈ ਸੇਧ: ਹਾਲਾਂਕਿ, ਅੱਜ ਦੇ ਯੁੱਗ ਵਿੱਚ ਕਿਸੇ ਹੋਰ ਧਰਮ ਵਿੱਚ ਵਿਆਹ ਕਰਨਾ ਕੋਈ ਬਹੁਤੀ ਵੱਡੀ ਗੱਲ ਨਹੀਂ ਹੈ। ਪਰ, ਵੱਡੀ ਗੱਲ ਇਹ ਹੈ ਕਿ ਜਿੱਥੇ ਸੋਸ਼ਲ ਮੀਡੀਆ ਦੇ ਇਸ ਯੁੱਗ ਵਿੱਚ ਇਨਸਾਨ ਆਪਣੀਆਂ ਕਦਰਾਂ ਕੀਮਤਾਂ ਨੂੰ ਗੁਆ ਰਿਹਾ ਹੈ, ਸਮਾਜ ਲਗਾਤਾਰ ਵੰਡਦਾ ਜਾ ਰਿਹਾ ਹੈ, ਉੱਥੇ ਹੀ, ਇਨ੍ਹਾਂ ਦੋਵਾਂ ਨੇ ਸਮਾਜ ਨੂੰ ਜੋੜਨ ਦੀ ਨਵੀਂ (Gursikh Couple Mahakal Singh) ਪਿਰਤ ਪਾਈ ਹੈ। ਖਾਸ ਕਰਕੇ ਇਸ ਉਮਰ ਦੇ ਵਿੱਚ ਜਦੋਂ ਕੋਈ ਬਾਕੀਆਂ ਲਈ ਪ੍ਰੇਰਨਾ ਸਰੋਤ ਬਣਦਾ, ਤਾਂ ਇਹ ਖਿੱਚ ਦਾ ਕੇਂਦਰ ਬਣ ਜਾਂਦਾ, ਜੋ ਕਿ ਮਹਾਕਾਲ ਸਿੰਘ ਅਤੇ ਸਤਬੀਰ ਕੌਰ ਬਣੇ ਹੋਏ ਹਨ। ਦੋਵਾਂ ਨੇ ਸਮਾਜ ਵਿੱਚ ਆਪਸੀ ਸਾਂਝ ਦਾ ਸੁਨੇਹਾ ਦਿੱਤਾ ਅਤੇ ਇਨ੍ਹਾਂ ਦੇ ਬਾਣੇ ਤੋਂ ਪ੍ਰਭਾਵਿਤ ਹੋਕੇ ਸਿੱਖੀ ਤੋਂ ਬੇਮੁੱਖ ਹੋਏ ਕਈ ਨੌਜਵਾਨ ਮੁੜ ਸਿੱਖੀ ਨਾਲ ਜੁੜ ਸਕੇ ਹਨ।
ਨਸ਼ੇ ਵਿਰੁੱਧ ਮੁਹਿੰਮ: ਪੰਜਾਬ ਵਿੱਚ ਨਸ਼ੇ ਦੀ ਸਮੱਸਿਆਂ ਨੂੰ ਵੀ ਖ਼ਤਮ ਕਰਨ ਲਈ ਇਹ ਗੁਰਸਿੱਖ ਜੋੜਾ ਕਾਫੀ ਯਤਨਸ਼ੀਲ ਹੈ। ਮਹਾਕਾਲ ਸਿੰਘ ਅਤੇ ਸਤਬੀਰ ਕੌਰ ਨੌਜਵਾਨਾਂ ਨੂੰ ਨਸ਼ੇ ਦੇ ਮਾੜੇ ਪ੍ਰਭਾਵਾਂ ਪ੍ਰਤੀ ਜਾਗਰੂਕ ਕਰਦੇ ਹਨ। ਨੌਜਵਾਨਾਂ ਨੂੰ ਨਸ਼ੇ ਦਾ ਕਿਵੇਂ ਤਿਆਗ ਕੀਤਾ ਜਾ ਸਕਦਾ ਹੈ, ਇਸ ਸਬੰਧੀ ਦੱਸਦੇ ਹਨ। ਉਨ੍ਹਾਂ ਨੇ ਦੱਸਿਆ ਕਿ ਗੁਰਬਾਣੀ ਨਾਲ ਜੁੜ ਕੇ ਗੁਰੂ ਦੇ ਲੜ ਲੱਗ ਕੇ ਸਾਰੇ ਐਬ ਖ਼ਤਮ ਹੋ ਜਾਂਦੇ ਹਨ ਜਿਸ ਦੀ ਉਹ ਖੁਦ ਉਧਾਰਨ ਹਨ। ਮਹਾਕਾਲ ਸਿੰਘ ਦੇ ਦੱਸਣ ਮੁਤਾਬਿਕ ਹੁਣ ਤੱਕ ਉਹ ਇਕ ਦਰਜਨ ਤੋਂ ਵਧੇਰੇ ਨੌਜਵਾਨਾਂ ਨੂੰ ਨਸ਼ਾ ਛੁਡਵਾਉਣ ਵਿੱਚ ਕਾਮਯਾਬ ਹੋ ਸਕੇ ਹਨ।
ਅੰਮ੍ਰਿਤ ਸੰਚਾਰ ਅਤੇ ਪ੍ਰਚਾਰ: ਸਤਬੀਰ ਕੌਰ ਖਾਲਸਾ ਨੇ ਦੱਸਿਆ ਕਿ ਉਨ੍ਹਾਂ ਤਖ਼ਤ ਸ਼੍ਰੀ ਹਜ਼ੂਰ ਸਾਹਿਬ ਜਾ ਕੇ ਅੰਮ੍ਰਿਤ ਛਕਿਆ ਹੈ। ਉਨ੍ਹਾਂ ਨੇ ਦੱਸਿਆ ਕਿ 2 ਸਾਲ ਪਹਿਲਾਂ ਇਹ ਦੋ ਤਿੰਨ ਦਿਨ ਦੇ ਲਈ ਸ੍ਰੀ ਹਜ਼ੂਰ ਸਾਹਿਬ ਦਰਸ਼ਨ ਕਰਨ ਗਏ ਸਨ, ਪਰ ਉਨ੍ਹਾਂ ਦੀ ਰੱਬ ਨਾਲ ਇਸ ਤਰ੍ਹਾਂ ਬਿਰਤੀ ਜੁੜੀ ਕੇ 1 ਮਹੀਨਾ ਉਹ ਤਖ਼ਤ ਸ਼੍ਰੀ ਹਜ਼ੂਰ ਸਾਹਿਬ ਰਹੇ, ਉਨ੍ਹਾਂ ਦਾ ਵਾਪਿਸ ਆਉਣ ਨੂੰ ਦਿਲ ਨਹੀਂ ਸੀ। ਫਿਰ ਪੰਜਾਬ ਵਾਪਸੀ ਤੋਂ ਬਾਅਦ ਹੀ ਉਨ੍ਹਾਂ ਨੇ ਕੇਸ ਕਤਲ ਕਰਨੇ ਬੰਦ ਕਰ ਦਿੱਤੇ, ਇਥੋਂ ਤੱਕ ਕੇ ਪੂਰੀ ਸਿੱਖ ਮਰਾਯਦਾ ਵਿੱਚ ਰਹਿਣ ਲੱਗੇ। ਫਿਰ ਉਨ੍ਹਾਂ ਦਾ ਅੰਮ੍ਰਿਤ ਪਾਨ ਦਾ ਸਬੱਬ ਵੀ ਸ਼੍ਰੀ ਹਜ਼ੂਰ ਸਾਹਿਬ (Satbir Singh Khalsa) ਜਾ ਕੇ ਬਣਿਆ, ਪੂਰੇ 1 ਸਾਲ ਬਾਅਦ ਉਨ੍ਹਾਂ ਨੂੰ ਅੰਮ੍ਰਿਤ ਦੀ ਦਾਤ ਮਿਲੀ, ਜਿਸ ਤੋਂ ਬਾਅਦ ਉਨ੍ਹਾਂ ਦੀ ਜਿੰਦਗੀ ਪੂਰੀ ਤਰਾਂ ਬਦਲ ਗਈ।
ਰਹਿਤ ਮਰਿਆਦਾ ਦੀ ਪਾਲਣਾ: ਮਹਾਕਾਲ ਸਿੰਘ ਨੇ ਦੱਸਿਆ ਕੇ ਇਸ ਸਰੂਪ ਵਿੱਚ ਰਹਿਣ ਲਈ ਉਨ੍ਹਾਂ ਨੂੰ ਕੋਈ ਮੁਸ਼ਕਿਲ ਨਹੀਂ ਆਉਂਦੀ। ਤੜਕੇ ਉਠਕੇ ਇਸ਼ਨਾਨ ਕਰ ਕੇ, ਗੁਰਬਾਣੀ ਦਾ ਜਾਪ ਕਰਨ ਨਾਲ ਉਨ੍ਹਾਂ ਨੂੰ ਸਕੂਨ ਮਿਲਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੇ ਕੰਮ ਉੱਤੇ ਜਾਣਾ ਹੋਵੇ ਜਾਂ ਕੋਈ ਨੌਕਰੀ ਕਰਦਾ ਹੋਵੇ ਤਾਂ ਉਹ ਤੜਕਸਾਰ 4 ਵਜੇ ਵੀ ਉੱਠ ਜਾਂਦਾ ਹੈ। ਤਿਆਰ ਹੋ ਕੇ ਕੰਮ ਉੱਤੇ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਇਸ ਤਰ੍ਹਾਂ ਕੋਈ ਉੱਠ ਸਕਦਾ ਹੈ, ਤਾਂ ਅਸੀਂ ਕਿਉਂ ਨਹੀਂ। ਉਨ੍ਹਾਂ ਕਿਹਾ ਕਿ ਜਦੋਂ ਅਸੀਂ ਗੁਰਬਾਣੀ ਦੇ ਲੜ ਲੱਗਦੇ ਹਾਂ ਤਾਂ ਇਸ ਨਾਲ ਸਾਨੂੰ ਸਕੂਨ ਮਿਲਦਾ ਹੈ।