ਲੁਧਿਆਣਾ: ਲੁਧਿਆਣਾ ਕੋਰਟ ਵਿੱਚ ਧਮਾਕਾ (Ludhiana District Court Blast) ਕਰਨ ਵਾਲੇ ਮੁੱਖ ਮੁਲਜ਼ਮ ਗਗਨਦੀਪ ਦਾ ਸਖ਼ਤ ਸੁਰੱਖਿਆ ਵਿੱਚ ਸਸਕਾਰ ਕੀਤਾ ਗਿਆ। ਜਿਸ ਮੌਕੇ ਪਰਿਵਾਰ ਤੋਂ ਇਲਾਵਾ ਕੋਈ ਵੀ ਅੰਤਮ ਸਸਕਾਰ 'ਚ ਸ਼ਾਮਲ ਨਹੀਂ ਹੋਇਆ।
ਇਸ ਮੌਕੇ ਮੀਡੀਆ ਨੇ ਪਰਿਵਾਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਪਰਿਵਾਰ ਨੇ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ। ਲੁਧਿਆਣਾ ਵਿੱਚ ਸਿਵਲ ਹਸਪਤਾਲ ਵੱਲੋਂ ਗਗਨਦੀਪ ਦੀ ਪਤਨੀ ਨੂੰ ਡੈੱਡ ਬੌਡੀ ਸੌਂਪੀ ਗਈ ਸੀ।
ਦੱਸ ਦੇਈਏ ਕਿ ਲੁਧਿਆਣਾ ਕੋਰਟ ਧਮਾਕਾ ਮਾਮਲੇ (Ludhiana District Court Blast case) ’ਚ ਪੰਜਾਬ ਦੇ ਡੀਜੀਪੀ (DGP Punjab) ਚਟੋਪਾਧਿਆਏ ਨੇ ਧਮਾਕਾ ਕਰਨ ਵਾਲੇ ਗਗਨਦੀਪ ਸਿੰਘ ਦੀ ਪਛਾਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਪੰਜਾਬ ਪੁਲਿਸ ਦਾ ਸਾਬਕਾ ਕਾਂਸਟੇਬਲ ਹੈ ਅਤੇ ਖੰਨਾ ਦੇ ਥਾਣਾ ਸਦਰ ਵਿੱਚ ਤਾਇਨਾਤ ਸੀ। ਉਨ੍ਹਾਂ ਕਿਹਾ ਕਿ ਜਦੋਂ ਉਹ ਬਾਥਰੂਮ ਵਿਚ ਬੰਬ ਲਗਾ ਰਿਹਾ ਸੀ ਉਹ ਇਕੱਲਾ ਸੀ, ਪਰ ਉਹ ਆਤਮਘਾਤੀ ਨਹੀਂ ਸੀ।
ਉਨ੍ਹਾਂ ਇਹ ਵੀ ਕਿਹਾ ਕਿ ਧਮਾਕੇ ਵਿੱਚ ਆਰਡੀਐਕਸ (RDX) ਦੀ ਵਰਤੋਂ ਕੀਤੀ ਗਈ ਸੀ ਜਾਂ ਨਹੀਂ, ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਹੀ ਡੀਜੀਪੀ ਪੰਜਾਬ ਨੇ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਵੀ ਕੀਤੀ ਹੈ ਕਿ ਜੇਕਰ ਉਹ ਮਿਹਨਤ ਕਰਨੀ ਚਾਹੁੰਦੇ ਹਨ ਤਾਂ ਖੇਡਾਂ ਵਿੱਚ ਕੁਸ਼ਤੀ ਕਰਨ, ਕਬੱਡੀ ਵਿੱਚ ਕਰਨ। ਮਿਲਖਾ ਸਿੰਘ ਤੇ ਪਰਗਟ ਸਿੰਘ ਵਾਂਗ ਪੰਜਾਬ ਨੂੰ ਮਾਣ ਬਖਸ਼ੋ ਪਰ ਗੋਲੀਆਂ ਚਲਾਉਣਾ ਵੱਡਾ ਕੰਮ ਨਹੀਂ ਹੈ।
ਇਹ ਵੀ ਪੜ੍ਹੋ: ਲੁਧਿਆਣਾ ਬਲਾਸਟ ਦੇ ਮੁਲਜ਼ਮ ਦਾ ਕੇਸ ਲੜਨ ਵਾਲੇ ਵਕੀਲ ਨੇ ਕੀਤੇ ਵੱਡੇ ਖੁਲਾਸੇ
ਉੱਥੇ ਹੀ ਦੂਜੇ ਪਾਸੇ ਈਟੀਵੀ ਭਾਰਤ ਦੇ ਪੱਤਰਕਾਰ ਨੇ ਘਟਨਾ ਵਾਲੀ ਸਥਾਨ ਦਾ ਜਾਇਜਾ ਲਿਆ। ਪੱਤਰਕਾਰ ਨੇ ਦੱਸਿਆ ਕਿ ਜਿੱਥੇ ਬੰਬ ਫਿੱਟ ਕੀਤਾ ਗਿਆ ਸੀ ਉਸ ਪੂਰੇ ਬਾਥਰੂਮ ਦੇ ਪਰਖੱਚੇ ਉੱਡ ਗਏ ਸਨ, ਧਮਾਕਾ ਇਨ੍ਹਾਂ ਜਬਰਦਸਤ ਸੀ ਕਿ ਨੇੜੇ ਦੀ ਬਿਲਡਿੰਗ ਦੇ ਕਈ ਸ਼ਿਸ਼ੇ ਵੀ ਟੁੱਟ ਗਏ ਹਨ ਇੱਥੇ ਤੱਕ ਕਿ ਥੱਲੇ ਖੜੀਆਂ ਗੱਡੀਆਂ ਨੂੰ ਵੀ ਕਾਫੀ ਨੁਕਸਾਨ ਪਹੁੰਚਿਆ।
ਡੀਜੀਪੀ ਪੰਜਾਬ (DGP Punjab) ਨੇ ਕਿਹਾ ਕਿ ਸਾਡੀਆਂ ਜਾਂਚ ਏਜੰਸੀਆਂ ਨੇ ਬਹੁਤ ਵਧੀਆ ਕੰਮ ਕੀਤਾ ਹੈ ਅਤੇ 24 ਘੰਟਿਆਂ ਵਿੱਚ ਇਸ ਪੂਰੇ ਮਾਮਲੇ ਨੂੰ ਟਰੇਸ ਕਰ ਲਿਆ ਹੈ। ਚੋਣਾਂ ਤੋਂ ਪਹਿਲਾਂ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀਆਂ ਰਚੀਆਂ ਜਾ ਰਹੀਆਂ ਸਾਜ਼ਿਸ਼ਾਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਡੀਜੀਪੀ ਨੇ ਕਿਹਾ ਕਿ ਮੁਲਜ਼ਮ ਦੇ ਪਾਕਿਸਤਾਨ ਨਾਲ ਸਬੰਧ ਵੀ ਸਾਹਮਣੇ ਆ ਰਹੇ ਹਨ।
ਜਾਂਚ ਏਜੰਸੀਆਂ ਇਸ ਦੀ ਗੰਭੀਰਤਾ ਨਾਲ ਜਾਂਚ ਕਰ ਰਹੀਆਂ ਹਨ। ਗਗਨਦੀਪ ਖ਼ਿਲਾਫ਼ ਸਾਲ 2019 ਵਿੱਚ ਐਨਡੀਪੀਐਸ ਐਕਟ ਤਹਿਤ ਪਰਚਾ ਦਰਜ ਕੀਤਾ ਗਿਆ ਸੀ ਅਤੇ ਫਰਵਰੀ 2022 ਵਿੱਚ ਲੁਧਿਆਣਾ ਦੀ ਇਸੇ ਅਦਾਲਤ ਵਿੱਚ ਉਸ ਦੀ ਸੁਣਵਾਈ ਹੋਈ ਸੀ।
ਇਹ ਵੀ ਪੜ੍ਹੋ: Ludhiana Court Blast: ਗਗਨਦੀਪ ਨਾਲ ਲਿੰਕ ਰੱਖਦੇ 2 ਸ਼ੱਕੀ ਨਸ਼ਾ ਤਸਕਰ 7 ਦਿਨਾਂ ਦੇ ਪੁਲਿਸ ਰਿਮਾਂਡ 'ਤੇ