ਲੁਧਿਆਣਾ: ਜ਼ਿਲ੍ਹੇ ਦੇ ਨਗਰ ਨਿਗਮ ਵੱਲੋਂ ਵਰਤੋਂ 'ਚ ਲਿਆਂਦੀਆਂ ਗੱਡੀਆਂ ਤੇ ਪੈਟਰੋਲ-ਡੀਜ਼ਲ ਦੇ ਖਰਚੇ ਹੈਰਾਨ ਕਰਨ ਵਾਲੇ ਹਨ। ਦਰਅਸਲ ਇਨ੍ਹਾਂ ਖਰਚਿਆਂ ਦਾ ਖੁਲਾਸਾ ਜ਼ਿਲ੍ਹੇ ਦੇ ਨਾਮੀ ਆਰਟੀਆਈ ਐਕਟੀਵਿਸਟ ਰੋਹਿਤ ਸਭਰਵਾਲ ਵੱਲੋਂ ਪਾਈ ਆਰਟੀਆਈ 'ਚ ਹੋਇਆ ਹੈ। ਆਰਟੀਆਈ 'ਚ ਮਿਲੀ ਜਾਣਕਾਰੀ ਅਨੁਸਾਰ 17 ਮਹੀਨਿਆਂ 'ਚ ਲੁਧਿਆਣਾ ਨਗਰ ਨਿਗਮ ਵੱਲੋਂ 12 ਕਰੋੜ ਰੁਪਏ ਦੇ ਪੈਟਰੋਲ-ਡੀਜ਼ਲ ਦੀ ਖਪਤ ਕੀਤੀ ਗਈ ਹੈ।
ਆਰਟੀਆਈ ਐਕਟੀਵਿਸਟ ਰੋਹਿਤ ਕੁਮਾਰ ਸਭਰਵਾਲ ਨੇ ਦੱਸਿਆ ਹੈ ਕਿ 17 ਮਹੀਨਿਆਂ 'ਚ 12 ਕਰੋਫ ਦਾ ਖ਼ਰਚ ਹੈਰਾਨ ਕਰਨ ਵਾਲਾ ਹੈ। ਉਨ੍ਹਾਂ ਕਿਹਾ ਕਿ ਕਾਰਪੋਰੇਸ਼ਨ ਅਕਸਰ ਹੀ ਫੰਡ ਨਾ ਹੋਣ ਦੀ ਦੁਹਾਈ ਦੇ ਕੇ ਵਿਕਾਸ ਕਾਰਜ ਪੂਰੇ ਨਹੀਂ ਕਰਵਾਉਂਦੀ। ਆਰਟੀਆਈ 'ਚ ਦੱਸਿਆ ਗਿਆ ਕਿ ਇਨ੍ਹੀ ਖਪਤ ਦਾ ਮੁੱਖ ਕਾਰਨ ਗੱਡੀਆਂ ਦਾ ਪੁਰਾਣਾ ਹੋਣਾ ਹੈ।
ਆਰਟੀਆਈ 'ਚ ਜਾਣਕਾਰੀ ਮਿਲੀ ਹੈ ਕਿ ਕਰੋਨਾ ਕਾਲ ਦੌਰਾਨ ਕਾਰਪੋਰੇਸ਼ਨ ਲੁਧਿਆਣਾ ਵੱਲੋਂ ਲੱਗਭਗ 3 ਕਰੋੜ ਰੁਪਏ ਦਾ ਪੈਟਰੋਲ-ਡੀਜ਼ਲ ਖਰਚ ਕੀਤਾ ਗਿਆ। ਰੋਹਿਤ ਦਾ ਕਹਿਣਾ ਹੈ ਕਿ 3 ਕਰੋੜ ਦੇ ਪੈਟਰੋਲ-ਡੀਜ਼ਲ ਦੀ ਖ਼ਪਤ ਨਗਰ ਨਿਗਮ ਨੇ ਕਿੱਥੇ ਅਤੇ ਕਿਵੇਂ ਕੀਤੀ ਇਹ ਉਨ੍ਹਾਂ ਦੀ ਸਮਝ ਤੋਂ ਬਾਹਰ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਆਰਟੀਆਈ 'ਚ ਮਹੀਨੇਵਾਰ ਜਾਣਕਾਰੀ ਮੰਗੀ ਗਈ ਸੀ ਜੋ ਕਿ ਉਨ੍ਹਾਂ ਉਪਲੱਬਧ ਨਹੀਂ ਕਰਵਾਈ ਗਈ।
ਦੂਜੇ ਪਾਸੇ ਲੁਧਿਆਣਾ ਨਗਰ ਨਿਗਮ ਦੇ ਕਮਿਸ਼ਨਰ ਪ੍ਰਦੀਪ ਕੁਮਾਰ ਸਭਰਵਾਲ ਨੇ ਕਿਹਾ ਹੈ ਕਿ ਨਗਰ ਨਿਗਮ ਲੁਧਿਆਣਾ ਲੋਕਾਂ ਦੀ ਸੇਵਾ ਕਰਦੀ ਹੈ ਅਤੇ ਇਸ ਦੌਰਾਨ ਹੀ ਪੈਟਰੋਲ-ਡੀਜ਼ਲ ਦੀ ਖਪਤ ਹੋਈ ਹੈ ਹਾਲਾਂਕਿ ਉਨ੍ਹਾਂ ਕਿਹਾ ਕਿ ਜੇਕਰ ਪੈਟਰੋਲ-ਡੀਜ਼ਲ ਦੀ ਖ਼ਪਤ ਨਾਜਾਇਜ਼ ਕੀਤੀ ਗਈ ਹੋਈ ਤਾਂ ਜਾਂਚ ਕਰਵਾ ਬਣਦੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ।