ਲੁਧਿਆਣਾ: ਪੰਜਾਬ 'ਚ ਮੌਸਮ ਬਦਲਣ ਦੇ ਨਾਲ ਬਿਮਾਰੀਆਂ ਦਾ ਡਰ ਵੀ ਵੱਧਦਾ ਜਾ ਰਿਹਾ ਹੈ ਜਿਸ ਨੂੰ ਲੈ ਕੇ ਲੁਧਿਆਣਾ ਦੇ ਸਿਵਲ ਹਸਪਤਾਲ 'ਚ ਮਰੀਜ਼ਾਂ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਈਟੀਵੀ ਭਾਰਤ ਦੀ ਟੀਮ ਵੱਲੋਂ ਹਸਪਤਾਲ ਦੇ ਪ੍ਰਬੰਧਾਂ ਬਾਰੇ ਅਤੇ ਲੋਕਾਂ ਨੂੰ ਬਿਮਾਰੀਆਂ ਤੋਂ ਬਚਣ ਲਈ ਸਿਵਲ ਹਸਪਤਾਲ ਦੇ ਮੀਨੀਅਰ ਮੈਡੀਕਲ ਅਫ਼ਸਰ ਅਵੀਨਾਸ਼ ਜਿੰਦਲ ਨਾਲ ਖ਼ਾਸ ਗੱਲਬਾਤ ਕੀਤੀ ਗਈ ਹੈ।
ਗੱਲਬਾਤ ਦੌਰਾਨ ਅਵੀਨਾਸ਼ ਜਿੰਦਲ ਨੇ ਦੱਸਿਆ ਕਿ ਸਰਦੀਆਂ ਦੇ ਦਸਤਕ ਦੇਣ ਨਾਲ ਸਵਾਈਨ ਫਲੂ ਦਾ ਖ਼ਤਰਾ ਵੱਧ ਗਿਆ ਹੈ ਜਿਸ ਦੇ ਮੱਦੇਨਜ਼ਰ ਹਸਪਤਾਲ 'ਚ ਕਈ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸਵਾਈ ਫਲੂ ਤਿੰਨ ਤਰ੍ਹਾਂ ਦਾ ਹੁੰਦਾ ਹੈ ਅਤੇ ਲੰਮਾ ਸਮਾਂ ਗਲੇ ਦਾ ਖ਼ਰਾਬ ਰਹਿਣਾ, ਖਾਂਸੀ, ਗਲੇ 'ਚ ਦਰਦ ਸਵਾਈਨ ਫਲੂ ਦੇ ਲੱਛਣ ਮੰਨੇ ਜਾਂਦੇ ਹਨ।
ਇਹ ਵੀ ਪੜ੍ਹੋ - ਸਿੱਧੂ ਨੇ ਸਰਕਾਰੀਆ ਤੋਂ ਕਿਸਾਨਾਂ ਦੀਆਂ ਲੈਂਡ ਪਿੂਗ ਸਣੇ ਹੋਰ ਅਹਿਮ ਮੰਗਾਂ ਮੰਨਵਾਈਆਂ
ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਬੰਧੀ ਟੀਕਾਕਰਣ ਦੀ ਸ਼ੁਰੂਆਤ ਕੀਤੀ ਗਈ ਹੈ ਅਤੇ ਨਾਲ ਹੀ ਕਿਹਾ ਕਿ ਲੋਕਾਂ ਨੂੰ ਇਸ ਤੋਂ ਬਚਣ ਲਈ ਟੀਕਾ ਲਗਵਾਉਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਬੀ ਕੈਟਾਗਰੀ ਦੇ ਲੋਕਾਂ ਨੂੰ ਦਵਾਈ ਦਿੱਤੀ ਜਾਂਦੀ ਹੈ ਜਦ ਕਿ ਸੀ ਕੈਟਾਗਰੀ ਦੇ ਲੋਕਾਂ ਨੂੰ ਭਰਤੀ ਕਰ ਲਿਆ ਜਾਂਦਾ ਹੈ।
ਦੱਸਣਯੋਗ ਹੈ ਕਿ ਸਵਾਈਨ ਫਲੂ ਲਈ ਲੁਧਿਆਣਾ ਸਿਵਲ ਹਸਪਤਾਲ ਵਿੱਚ ਡਾਕਟਰਾਂ ਦੀ ਟੀਮ ਦਾ ਗਠਨ ਵੀ ਕੀਤਾ ਗਿਆ ਹੈ ਅਤੇ ਵਿਸ਼ੇਸ਼ ਵਾਰਡ ਵੀ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸਰਦੀਆਂ ਦੇ ਮੌਸਮ ਦੀ ਸ਼ੁਰੂਆਤ ਨਾਲ ਬਜ਼ੁਰਗਾਂ ਅਤੇ ਬੱਚਿਆਂ ਨੂੰ ਵੀ ਕਾਫੀ ਮੁਸ਼ਕਿਲਾਂ ਹੁੰਦੀਆਂ ਹਨ ਜਿਸ ਕਾਰਨ ਉਨ੍ਹਾਂ ਨੂੰ ਸਵੇਰੇ ਸ਼ਾਮ ਸੈਰ ਤੋਂ ਬਚਣਾ ਚਾਹੀਦਾ ਹੈ। ਇਸ ਤਰ੍ਹਾਂ ਲੁਧਿਆਣਾ ਸਿਵਲ ਹਸਪਤਾਲ 'ਚ ਸਰਦੀਆਂ ਨੂੰ ਦੇਖਦਿਆਂ ਕੀਤੇ ਗਏ ਅਹਿਮ ਪ੍ਰਬੰਧ ਸ਼ਲਾਘਾਯੋਗ ਹਨ।