ਲੁਧਿਆਣਾ: ਜ਼ਿਲ੍ਹਾ ਕਚਹਿਰੀ ਧਮਾਕੇ ਵਿੱਚ 6 ਲੋਕ ਜ਼ਖ਼ਮੀ ਹੋ ਗਏ ਜਿੰਨ੍ਹਾਂ ਵਿਚ ਦੋ ਮਹਿਲਾਵਾਂ ਸ਼ਰਨਜੀਤ ਕੌਰ ਅਤੇ ਸੰਦੀਪ ਕੌਰ ਵੀ ਸ਼ਾਮਿਲ ਹਨ। ਇੰਨ੍ਹਾਂ ਪੀੜਤ ਦੋਵਾਂ ਮਹਿਲਾਵਾਂ ਦਾ ਇਲਾਜ ਲੁਧਿਆਣਾ ਦੇ ਸਿਵਲ ਹਸਪਤਾਲ ਵਿਚ ਚੱਲ ਰਿਹਾ ਹੈ। ਦੋਵਾਂ ਦੀ ਹਾਲਤ ਹੁਣ ਖ਼ਤਰੇ ਤੋਂ ਬਾਹਰ ਹੈ। ਹਾਦਸੇ ਦੀ ਪੀੜਤ ਸੰਦੀਪ ਕੌਰ ਨੇ ਦੱਸਿਆ ਕਿ ਉਹ ਦੂਜੇ ਫਲੋਰ ’ਤੇ ਫੋਟੋ ਸਟੰਟ ਕਰਨ ਦਾ ਕੰਮ ਕਰਦੀ ਹੈ ਅਤੇ ਇੱਕ-ਇੱਕ ਰੁਪਏ ਇਕੱਠੇ ਕਰਕੇ ਆਪਣੇ ਘਰ ਦਾ ਗੁਜ਼ਾਰਾ ਚਲਾਉਂਦੀ ਹੈ। ਉਨ੍ਹਾਂ ਦੱਸਿਆ ਕਿ ਜਦੋਂ ਧਮਾਕਾ ਹੋਇਆ ਤਾਂ ਉਸ ਭਾਰਤ ਨੂੰ ਕਾਫੀ ਸੱਟਾਂ ਲੱਗੀਆਂ ਉਸ ਦੇ ਸਿਰ ’ਤੇ ਟਾਂਕੇ ਲੱਗੇ ਅਤੇ ਪੈਰ ਵੀ ਫਰੈਕਚਰ ਹੋ ਗਿਆ। ਪੀੜਤ ਮਹਿਲਾ ਨੇ ਦੱਸਿਆ ਕਿ ਉਸ ਦੀ ਮਸ਼ੀਨ ਜਿਸ ਤੋਂ ਉਸ ਦੀ ਰੋਜ਼ੀ ਰੋਟੀ ਚੱਲਦੀ ਸੀ ਉਹ ਵੀ ਤਬਾਹ ਹੋ ਗਈ ਹੈ ਜਿਸ ਕਰਕੇ ਉਨ੍ਹਾਂ ਨੂੰ ਘਰ ਦਾ ਗੁਜਾਰਾ ਕਰਨਾ ਮੁਸ਼ਕਿਲ ਹੋ ਗਿਆ ਹੈ।
ਜ਼ਖ਼ਮੀ ਸ਼ਰਨਜੀਤ ਕੌਰ ਨੇ ਦੱਸਿਆ ਕਿ ਉਹ ਜ਼ਿਲ੍ਹਾ ਕਚਹਿਰੀ ਵਿਚ ਹੀ ਕੰਮ ਕਰਦੀ ਹੈ ਅਤੇ ਅੱਜ ਦੂਜੇ ਫਲੋਰ ’ਤੇ ਉਨ੍ਹਾਂ ਦੀ ਤਰੀਕ ਸੀ ਅਤੇ ਉਹ ਕੋਰਟ ਵੱਲ ਜਾ ਰਹੇ ਸਨ ਤਾਂ ਅਚਾਨਕ ਜਬਰਦਸਤ ਧਮਾਕਾ ਹੋਇਆ ਇਸ ਤੋਂ ਬਾਅਦ ਉਨ੍ਹਾਂ ਨੂੰ ਕੁਝ ਵੀ ਹੋਸ਼ ਨਹੀਂ ਰਹੀ। ਉਨ੍ਹਾਂ ਦੱਸਿਆ ਕਿ ਹਸਪਤਾਲ ’ਚ ਉਨ੍ਹਾਂ ਨੂੰ ਲਿਆਂਦਾ ਗਿਆ। ਉਨ੍ਹਾਂ ਕਿਹਾ ਕਿ ਸਿਵਲ ਹਸਪਤਾਲ ਵਿੱਚ ਜੋ ਇਲਾਜ ਹੋ ਰਿਹਾ ਹੈ ਉਹ ਉਸ ਤੋਂ ਸੰਤੁਸ਼ਟ ਹਨ ਪਰ ਸੁਰੱਖਿਆ ਨੂੰ ਲੈ ਕੇ ਜ਼ਰੂਰ ਵੱਡੀ ਅਣਗਹਿਲੀ ਹੋਈ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਉਨ੍ਹਾਂ ਨੂੰ ਸਿਵਲ ਹਸਪਤਾਲ ਵਿਚ ਮਿਲਣ ਆਏ ਸਨ ਅਤੇ ਹੋਰ ਵੀ ਕਈ ਲੀਡਰ ਮਿਲਣ ਪਹੁੰਚੇ ਸਨ, ਜਦੋਂ ਕਿ ਦੂਜੇ ਪਾਸੇ ਲੁਧਿਆਣਾ ਸਿਵਲ ਹਸਪਤਾਲ ਇਸ ਸਬੰਧੀ ਡਾ ਯਸ਼ੀ ਗੁਪਤਾ ਨੇ ਦੱਸਿਆ ਕਿ 2 ਜ਼ਖਮੀਆਂ ਦਾ ਇਲਾਜ ਲੁਧਿਆਣਾ ਸਿਵਲ ਹਸਪਤਾਲ ਵਿੱਚ ਚੱਲ ਰਿਹਾ ਹੈ ਤੇ ਦੋਵੇ ਖਤਰੇ ਤੋਂ ਬਾਹਰ ਹਨ।
ਲੁਧਿਆਣਾ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਭੁੱਲਰ ਨੇ ਦੇਰ ਰਾਤ ਲੁਧਿਆਣਾ ਜ਼ਿਲ੍ਹਾ ਕਚਹਿਰੀ ’ਚ ਹੋਏ ਧਮਾਕੇ ਦੀ ਘਟਨਾ ਨੂੰ ਲੈ ਕੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਹਾਦਸੇ ਵਿੱਚ ਇੱਕ ਦੀ ਮੌਤ ਅਤੇ 6 ਲੋਕ ਜ਼ਖ਼ਮੀ ਹੋਏ ਹਨ। ਇਸ ਮੌਕੇ ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਧਮਾਕੇ ਦੌਰਾਨ ਮਰਨ ਵਾਲੇ ਮੁਲਜ਼ਮ ਉੱਪਰ ਹੀ ਸ਼ੱਕ ਜਤਾਇਆ ਗਿਆ ਹੈ
ਜਾਣਕਾਰੀ ਅਨੁਸਾਰ ਐਨਆਈਏ ਅਤੇ ਐਨਐਸਜੀ ਟੀਮ ਲੁਧਿਆਣਾ ਵੱਲੋਂ ਜ਼ਿਲ੍ਹਾ ਕਚਿਹਰੀ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਧਮਾਕਾ ਕਰਨ ਵਾਲੇ ਸ਼ਖ਼ਸ ਦੀ ਲਾਸ਼ ਘਟਨਾ ਸਥਾਨ ਤੋਂ ਹਟਾ ਦਿੱਤਾ ਗਿਆ ਹੈ ਅਤੇ ਉਸਨੂੰ ਸਿਵਲ ਹਸਪਤਾਲ ਵਿੱਚ ਪਹੁੰਚਾਇਆ ਗਿਆ ਹੈ। ਫਿਲਹਾਲ ਜਾਂਚ ਜਾਰੀ ਹੈ।
ਇਹ ਵੀ ਪੜ੍ਹੋ: ਲੁਧਿਆਣਾ ਧਮਾਕੇ ਮਗਰੋਂ ਬੋਲੇ ਸਿੱਧੂ, ਪੰਜਾਬ ਨੂੰ ਵੰਡਿਆ ਨਹੀਂ ਜਾ ਸਕਦਾ