ਲੁਧਿਆਣਾ: ਪੁਲਿਸ ਵੱਲੋਂ ਡੀਸੀ ਦਫ਼ਤਰ ਅਤੇ ਕਚਹਿਰੀ ਦੀ ਪੂਰੀ ਘੇਰਾਬੰਦੀ ਕਰਕੇ ਸੁਰੱਖਿਆ ਵਧਾ ਦਿੱਤੀ ਹੈ ਪਰ ਬੀਤੇ ਦਿਨ ਹੋਏ ਧਮਾਕੇ ਤੋਂ ਬਾਅਦ ਪੁਲਿਸ ਦੀ ਸੁਰੱਖਿਆ ਨੂੰ ਲੈ ਕੇ ਵਕੀਲਾਂ ਨੇ ਹੁਣ ਸਵਾਲ ਖੜ੍ਹੇ ਕਰਨੇ ਸ਼ੁਰੂ ਕਰ ਦਿੱਤੇ। ਵਕੀਲ ਨੇ ਸਵਾਲ ਖੜ੍ਹੇ ਕਰਦੇ ਕਿਹਾ ਕਿ ਜ਼ਿਲ੍ਹਾ ਕਚਹਿਰੀ ਦੇ ਅੰਦਰ ਆਉਣ ਦੇ ਲਈ 12 ਦਰਵਾਜ਼ੇ ਅਧਿਕਾਰਕ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਵੀ ਕਈ ਰਸਤੇ ਹਨ ਜਿੱਥੋਂ ਆਸਾਨੀ ਨਾਲ ਅੰਦਰ ਆਇਆ ਜਾ ਸਕਦਾ ਹੈ ਜੋ ਕਿ ਅਣਅਧਿਕਾਰਿਤ ਹੈ। ਰੋਸ ਜ਼ਾਹਿਰ ਕਰਦੇ ਹੋਏ ਵਕੀਲਾਂ ਨੇ ਕਿਹਾ ਕਿ ਕਚਹਿਰੀ ਦੇ ਅੰਦਰ ਕੋਈ ਵੀ ਕੈਮਰਾ ਸਹੀ ਤਰ੍ਹਾਂ ਕੰਮ ਨਹੀਂ ਕਰ ਰਿਹਾ। ਉਨ੍ਹਾਂ ਦੱਸਿਆ ਕਿ ਜਦੋਂ ਗੈਂਗਸਟਰਾਂ ਦੀ ਪੇਸ਼ੀ ਹੁੰਦੀ ਹੈ ਤਾਂ ਇੱਕ-ਇੱਕ ਗੈਂਗਸਟਰ ਦੇ ਨਾਲ ਦਰਜਨਾਂ ਹੋਰ ਉਨ੍ਹਾਂ ਦੇ ਸਾਥੀ ਆਉਂਦੇ ਹਨ ਨਾ ਤਾਂ ਉਨ੍ਹਾਂ ਦੀ ਕਦੇ ਚੈਕਿੰਗ ਹੁੰਦੀ ਹੈ ਅਤੇ ਨਾ ਹੀ ਪੁਲਿਸ ਮੁਸਤੈਦੀ ਵਿਖਾਉਂਦੀ ਹੈ।

ਲੁਧਿਆਣਾ ਦੇ ਸੀਨੀਅਰ ਵਕੀਲ ਅਤੇ ਸਮਾਜ ਸੇਵੀ ਨਰਿੰਦਰ ਆਦਿਆ ਨੇ ਕਿਹਾ ਕਿ ਵਕੀਲ ਕਚਹਿਰੀ ਦੇ ਅੰਦਰ ਸੁਰੱਖਿਅਤ ਨਹੀਂ ਹਨ। ਉਨ੍ਹਾਂ ਕਿਹਾ ਕਿ ਕਚਹਿਰੀ ਦੇ ਕੈਮਰੇ ਨਹੀਂ ਚੱਲ ਰਹੇ ਅਤੇ ਨਾ ਹੀ ਦਰਵਾਜ਼ਿਆਂ ’ਤੇ ਕੋਈ ਸੁਰੱਖਿਆ ਦੇ ਪੁਖਤਾ ਪ੍ਰਬੰਧ ਹਨ। ਵਕੀਲ ਨੇ ਪੁਲਿਸ ਦੀ ਸੁਰੱਖਿਆ ਉੱਤੇ ਸਵਾਲ ਚੁੱਕਦਿਆਂ ਕਿਹਾ ਕਿ ਪੁਲਿਸ ਫ਼ਿਲਮਾਂ ਵਾਂਗ ਕੰਮ ਕਰਦੀ ਵਿਖਾਈ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਕਤਲ ਹੋ ਜਾਂਦਾ ਹੈ ਅਤੇ ਬਾਅਦ ਵਿੱਚ ਪੁਲਿਸ ਆਉਂਦੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਉਹੀ ਕੰਮ ਅੱਜ ਹੋ ਰਿਹਾ ਹੈ ਪੁਲਿਸ ਪੂਰੇ ਘਟਨਾ ਤੋਂ ਬਾਅਦ ਹੁਣ ਚੈਕਿੰਗ ਕਰਦੀ ਵਿਖਾਈ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਅਜਿਹੇ ਪ੍ਰਬੰਧ ਪਹਿਲਾਂ ਪੁਲਿਸ ਵੱਲੋਂ ਕੀਤੇ ਹੁੰਦੇ ਤਾਂ ਸ਼ਾਇਦ ਇਹ ਧਮਾਕਾ ਨਾ ਹੁੰਦਾ।

ਇਹ ਵੀ ਪੜ੍ਹੋ: Ludhiana Blast: ਪੰਜਾਬ ਵੜ੍ਹਦੇ ਹੀ ਕੇਜਰੀਵਾਲ ਦਾ ਚੰਨੀ ਸਰਕਾਰ ’ਤੇ ਵੱਡਾ ਹਮਲਾ