ਲੁਧਿਆਣਾ: ਸਨਅਤੀ ਸ਼ਹਿਰ ਕਹਿਣ ਨੂੰ ਤਾਂ ਪੰਜਾਬ ਦਾ ਸਭ ਤੋਂ ਵੱਡਾ ਸ਼ਹਿਰ ਹੈ ਪਰ ਇੱਥੇ ਵੀ 21ਵੀਂ ਸਦੀ ਦੇ ਬਾਵਜੂਦ ਲੋਕ 20ਵੀਂ ਸਦੀ ਵਾਲਾ ਜੀਵਨ ਬਤੀਤ ਕਰਨ ਨੂੰ ਮਜ਼ਬੂਰ ਹਨ। ਸਤਲੁਜ ਦਰਿਆ ਦੇ ਕੰਢੇ ਵਸਦੇ ਲੋਕ ਅੱਜ ਵੀ ਜਲੰਧਰ ਤੋਂ ਲੁਧਿਆਣਾ ਅਤੇ ਲੁਧਿਆਣਾ ਤੋਂ ਜਲੰਧਰ ਆਉਣ ਦੇ ਲਈ ਬੇੜੀ ਦਾ ਇਸਤੇਮਾਲ ਕਰਦੇ ਹਨ। ਇਹਨਾਂ ਪਿੰਡਾਂ ਨੂੰ ਸਤਲੁਜ ਦਰਿਆ ਦਾ ਪੁਲ 25 ਤੋਂ 30 ਕਿਲੋਮੀਟਰ ਪੈਂਦੇ ਹੈ। ਭਾਵੇਂ ਕੰਮ ਕਾਜ ਵਾਲੇ ਲੋਕ ਹੋਣ, ਬੱਚੇ ਜਾਂ ਫਿਰ ਕਿਸਾਨ ਸਭ ਨੂੰ ਵੀ ਬੇੜੀ ਦੀ ਵਰਤੋਂ ਕਰਕੇ ਜਾਂ ਫਿਰ ਟਰੈਕਟਰ ਦਰਿਆ ਵਿੱਚੋਂ ਆਪਣੀ ਜਾਨ ਜੋਖ਼ਮ 'ਚ ਪਾ ਕੇ ਕੱਢਣਾ ਪੈਂਦਾ ਹੈ। ਬਰਸਾਤ ਦੇ ਦਿਨਾਂ 'ਚ ਇਨ੍ਹਾਂ ਪਿੰਡਾਂ ਦੇ ਲੋਕਾਂ ਲਈ ਪਾਰ ਜਾਣਾ ਹੋਰ ਵੀ ਮੁਸ਼ਕਿਲ ਹੋ ਜਾਂਦਾ ਹੈ। ਸਰਕਾਰੀ ਠੇਕੇ 'ਤੇ ਚੱਲ ਰਹੀ ਇਸ ਕਿਸ਼ਤੀ 'ਚ 10 ਰੁਪਏ ਅੰਦਰ ਉਹ 10 ਮਿੰਟ 'ਚ ਲੁਧਿਆਣਾ ਤੋਂ ਜਲੰਧਰ ਪੁੱਜ ਜਾਂਦੇ ਹਨ। ਇਨ੍ਹਾਂ ਹੀ ਨਹੀਂ ਬੇੜੀ 2 ਪਹਿਆਂ ਵਾਹਨ ਵੀ ਨਾਲ ਲੈ ਜਾਂਦੀ ਹੈ ਜਿਸ ਦਾ 10 ਰੁਪਏ ਵਾਧੂ ਚਾਰਜ ਦੇਣਾ ਪੈਂਦਾ ਹੈ।
ਦਰਿਆ ਪਾਰ ਕਿਹੜੇ-ਕਿਹੜੇ ਪਿੰਡ: ਦਰਅਸਲ ਸਤਲੁਜ ਦਰਿਆ ਦੇ ਨਾਲ ਲੱਗਦੇ, ਲੁਧਿਆਣਾ ਅਤੇ ਜਲੰਧਰ ਫਿਲੌਰ ਦੇ ਪਿੰਡਾਂ ਦੇ ਲੋਕਾਂ ਲਈ ਇਹ ਬੇੜੀ ਹੀ ਮੁੱਖ ਸਾਧਨ ਹੈ। ਲੁਧਿਆਣਾ ਵੱਲ ਨੂਰਪੁਰ ਬੇਟ, ਵਲੀਪੁਰ ਖੁਰਦ ਅਤੇ ਕਲਾਂ, ਗੋਂਸਗੜ, ਸਿੱਧਵਾਂ ਖਾਸ, ਮਾਨੀਵਾਲ, ਘਮਨੇਵਾਲ, ਖੈਰਾਬੇਟ, ਰਜਾਪੁਰ, ਬਾਣੀਵਾਲ ਆਦਿ ਪਿੰਡ ਜਲੰਧਰ ਵੱਲ ਲੱਗਦੇ ਹਨ ਅਤੇ ਜਲੰਧਰ ਵੱਲ ਵੀ ਫਿਲੌਰ ਦੇ 1 ਦਰਜਨ ਪਿੰਡਾਂ ਲਈ ਇਹ ਬੇੜੀ ਹੀ ਲੁਧਿਆਣਾ ਆਉਣ ਦਾ ਸਾਧਨ ਹੈ। ਲੋਕਾਂ ਨੇ ਦੱਸਿਆ ਕੇ ਉਹ ਕੰਮਾਂਕਾਰਾਂ ਲਈ, ਆਪਣੀਆਂ ਜ਼ਮੀਨਾਂ ਲਈ, ਰਿਸ਼ਤੇਦਾਰੀ 'ਚ ਜਾਣ ਲਈ, ਗੁਰੂ ਅਰਜੁਨ ਦੇਵ ਜੀ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਲਈ ਇਸ ਬੇੜੀ ਦਾ ਇਸਤੇਮਾਲ ਕਰਦੇ ਹਨ।
ਕਿਸਾਨਾਂ ਲਈ ਸਾਧਨ: ਸਤਲੁਜ ਦਰਿਆ 'ਚ ਚੱਲਣ ਵਾਲੀ ਇਹ ਬੇੜੀ ਸਿਰਫ ਆਮ ਲੋਕਾਂ ਦੇ ਆਉਣ ਜਾਣ ਦੇ ਲਈ ਨਹੀਂ ਸਗੋਂ ਕਿਸਾਨਾਂ ਲਈ ਵੀ ਵੱਡਾ ਸਾਧਨ ਹੈ। ਕਿਸਾਨਾਂ ਦੀਆਂ ਜਮੀਨਾਂ ਵੱਡੇ ਪੱਧਰ 'ਤੇ ਦਰਿਆ ਦੇ ਕੰਢੇ ਇਸ ਪਾਰ ਵੀ ਹਨ ਅਤੇ ਉਸ ਪਾਰ ਵੀ ਹਨ। ਕਿਸਾਨਾਂ ਨੂੰ ਇਸ ਬੇੜੀ ਦੀ ਵਰਤੋਂ ਕਰਕੇ ਆਪਣੀਆਂ ਜ਼ਮੀਨਾਂ ਦੇ ਵਿੱਚ ਜਾ ਕੇ ਖੇਤੀ ਕਰਨੀ ਪੈਂਦੀ ਹੈ। ਇਲਾਕੇ ਦੇ ਕਿਸਾਨਾਂ ਨੇ ਦੱਸਿਆ ਕਿ ਉਹਨਾਂ ਨੂੰ ਸਤਲੁਜ ਦਰਿਆ 'ਤੇ ਲੱਗੇ ਦੋਵੇਂ ਪੁਲ ਬਹੁਤ ਦੂਰ ਲਗਦੇ ਹਨ ਅਤੇ ਫਿਰ ਉਹਨਾਂ ਦੋਹਾਂ 'ਤੇ ਟੋਲ ਟੈਕਸ ਵੀ ਲੱਗਦਾ ਹੈ। ਲਾਡੋਵਾਲ 'ਤੇ ਸਥਿਤ ਟੋਲ ਪਲਾਜ਼ਾ ਦੀ ਕੀਮਤ 150 ਰੁਪਏ ਇਕ ਪਾਸੇ ਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਦਾ ਸੜਕ 'ਤੇ ਜਾਣ ਦੇ ਨਾਲ ਪੈਟਰੋਲ ਡੀਜ਼ਲ ਦਾ ਖਰਚਾ ਵੀ ਆ ਜਾਂਦਾ ਹੈ।
ਬੇੜੀ ਦੀ ਸੁਵਿਧਾ: ਇਸ ਇਲਾਕੇ ਵਿੱਚ ਬੇੜੀ ਦੀ ਸੁਵਿਧਾ ਬੀਤੇ ਲੰਮੇਂ ਸਮੇਂ ਤੋਂ ਚੱਲ ਰਹੀ ਹੈ। ਸਰਕਾਰੀ ਠੇਕੇ 'ਤੇ ਦਿੱਤੀ ਹੋਈ ਇਸ ਬੇੜੀ ਦੀ ਸ਼ੁਰੂਆਤ ਸਮੇਂ ਦੋ ਰੁਪਏ ਵਿੱਚ ਲੋਕਾਂ ਨੂੰ ਪਾਰ ਲਗਾਉਂਦੀ ਸੀ। ਸਮੇਂ ਦੇ ਨਾਲ- ਨਾਲ ਕਿਸ਼ਤੀ ਦਾ ਕਿਰਾਇਆ ਤਾਂ 10 ਰੁਪਏ ਹੋ ਗਿਆ ਪਰ ਇਸ ਇਲਾਕੇ ਦਾ ਕੋਈ ਵਿਕਾਸ ਨਹੀਂ ਹੋਇਆ। ਬੇੜੀ ਚਲਾਉਣ ਵਾਲੇ ਰਾਜੂ ਨੇ ਦੱਸਿਆ ਕਿ ਪਹਿਲਾ ਬਾਂਸ ਦੇ ਨਾਲ ਕਿਸ਼ਤੀ ਰਾਹੀਂ ਲੋਕਾਂ ਨੂੰ ਪਾਰ ਲੰਘਾਇਆ ਜਾਂਦਾ ਸੀ ਪਰ ਹੁਣ ਮੋਟਰ ਵਾਲੀ ਬੇੜੀ ਚੱਲ ਪਈ ਹੈ। ਬਰਸਾਤਾਂ ਦੇ ਦਿਨਾਂ ਦੇ ਵਿੱਚ ਉਹਨਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਾਣੀ ਦਾ ਪੱਧਰ ਕਾਫੀ ਉੱਪਰ ਆ ਜਾਂਦਾ ਹੈ ਅਤੇ ਉਹਨਾਂ ਦਾ ਸਫ਼ਰ ਵੀ ਵੱਧ ਜਾਂਦਾ ਹੈ। ਦਰਿਆ ਤੋਂ ਉਸ ਪਾਰ ਜਾਣ ਲਈ ਕਾਫ਼ੀ ਰਿਸਕ ਵੀ ਰਹਿੰਦਾ ਹੈ। ਏਥੋਂ ਤੱਕ ਕਿ ਬੇੜੀ ਦੇ ਸਵਾਰ ਲੋਕਾਂ ਨੂੰ ਲਾਈਫ ਜੈਕਟ ਦੇਣ ਦੀ ਵੀ ਸੁਵਿਧਾ ਨਹੀਂ ਹੈ।
ਸਰਕਾਰ ਬਦਲੀ, ਹਾਲਾਤ ਨਹੀਂ ਬਦਲੇ : ਸਤਲੁਜ ਦਰਿਆ ਦੇ ਕੰਢੇ ਰਹਿੰਦੇ ਪਿੰਡਾਂ ਦੇ ਲੋਕਾਂ ਨੇ ਦੱਸਿਆ ਕਿ ਸਾਡਾ ਇਲਾਕਾ ਪਿਛਲੇ ਕਈ ਦਹਾਕਿਆਂ ਤੋਂ ਵਿਕਾਸ ਤੋਂ ਵਾਂਝਾ ਹੈ। ਇਲਾਕੇ ਦੇ ਵਿੱਚ ਕੋਈ ਵੀ ਪੁਲ ਨਹੀਂ ਬਣਾਇਆ ਗਿਆ। ਪਿੰਡਾਂ ਦੇ ਲੋਕਾਂ ਨੇ ਦੱਸਿਆ ਕਿ ਸਮੇਂ ਦੀਆਂ ਸਰਕਾਰਾਂ ਬਦਲੀਆਂ ਪਰ ਸਾਡੇ ਇਲਾਕੇ ਦੇ ਵਿੱਚ ਹਾਲਾਤ ਅੱਜ ਵੀ ਆਜ਼ਾਦੀ ਤੋਂ ਪਹਿਲਾਂ ਵਾਲੇ ਹੀ ਹਨ। ਉਹਨਾਂ ਨੂੰ ਰੋਜ਼ ਮਰਾ ਦੀ ਜ਼ਿੰਦਗੀ ਦੇ ਲਈ ਸੰਘਰਸ਼ ਕਰਨਾ ਪੈਂਦਾ ਹੈ । ਇੱਥੋਂ ਤੱਕ ਕਿ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਪਰਿਵਾਰਾਂ ਕੋਲ ਜਾਣ ਲਈ ਜਾਨ ਜੋਖਮ ਵਿਚ ਪਾ ਕੇ ਬੇੜੀ ਦਾ ਸਹਾਰਾ ਲੈਣਾ ਪੈਂਦਾ ਹੈ।