ਲੁਧਿਆਣਾ: ਦੇਸ਼ ਦਾ ਅੰਨਦਾਤਾ ਜਿੱਥੇ ਆਪਣੇ ਹੱਕੀ ਮੰਗਾਂ ਦੀ ਲੜਾਈ ਲੜ ਰਿਹਾ ਹੈ। ਉੱਥੇ ਹੀ ਸੜਕੀ ਆਵਾਜਾਈ ਪ੍ਰਭਾਵਿਤ ਹੋਣ ਕਾਰਨ ਲੁਧਿਆਣਾ ਦੀ ਨਿੱਟਵੀਅਰ ਇੰਡਸਟਰੀ ਨੂੰ ਵੱਡਾ ਘਾਟਾ ਪੈ ਰਿਹਾ ਹੈ। ਹਾਲਾਂਕਿ ਨਿੱਟਵੀਅਰ ਇੰਡਸਟਰੀ ਨੇ ਇਸ ਦੇ ਬਾਵਜੂਦ ਕਿਸਾਨਾਂ ਦੇ ਸਮਰਥਨ ਕਰਨ ਦਾ ਐਲਾਨ ਕੀਤਾ ਹੈ ਅਤੇ ਕਿਸਾਨਾਂ ਦੀ ਮਦਦ ਲਈ ਇੱਕ ਟਰੱਕ ਭਰ ਕੇ ਜੈਕਟਾਂ ਦਿੱਲੀ ਭੇਜਿਆ ਹਨ।
5000 ਕਰੋੜ ਦਾ ਹੋਇਆ ਨੁਕਸਾਨ, ਫਿਰ ਵੀ ਕਿਸਾਨਾਂ ਲਈ ਦਰਿਆ ਦਿਲ
ਨਿੱਟਵੀਅਰ ਇੰਡਸਟਰੀ ਦੇ ਪ੍ਰਧਾਨ ਨੇ ਕਿਹਾ ਹੈ ਕਿ ਸੀਜ਼ਨ ਹੋਣ ਕਰਕੇ ਉਨ੍ਹਾਂ ਨੂੰ ਹੁਣ ਤੱਕ 5 ਹਜ਼ਾਰ ਕਰੋੜ ਰੁਪਏ ਦਾ ਘਾਟਾ ਪੈ ਚੁੱਕਿਆ ਹੈ। ਨਿੱਟਵੀਅਰ ਇੰਡਸਟਰੀ ਲੁਧਿਆਣਾ ਦੇ ਪ੍ਰਧਾਨ ਵਿਨੋਦ ਥਾਪਰ ਨੇ ਦੱਸਿਆ ਕਿ ਪਹਿਲਾਂ ਕੋਰੋਨਾ ਫਿਰ ਕਿਸਾਨ ਅੰਦੋਲਨ ਕਰਕੇ ਸੀਜ਼ਨ ਦਾ ਕੰਮ ਹੁਣ ਲਗਭਗ ਖ਼ਤਮ ਹੋਣ ਦੇ ਕੰਢੇ ਪਹੁੰਚ ਗਿਆ ਹੈ।
ਭਾਰਤ ਬੰਦ ਦਾ ਕਰਦੇ ਹਾਂ ਸਮਰਥਨ
ਉਨ੍ਹਾਂ ਕਿਹਾ ਕਿ ਟ੍ਰੇਨਾਂ ਘੱਟ ਚੱਲਣ ਕਰਕੇ ਅਤੇ ਕਿਸਾਨ ਅੰਦੋਲਨ ਕਰਕੇ ਸ਼ਿਪਮੈਂਟ ਪੂਰੀ ਤਰ੍ਹਾਂ ਬੰਦ ਹੈ। ਲੁਧਿਆਣਾ ਦੀ ਇੰਡਸਟਰੀ ਨੇ ਜੋ ਸਾਮਾਨ ਬਣਾਇਆ ਸੀ ਉਹ ਸਟਾਕ ਹੋ ਗਿਆ ਹੈ, ਪਰ ਇਸਦੇ ਬਾਵਜੂਦ ਉਹ ਕਿਸਾਨਾਂ ਦੇ ਸੰਘਰਸ਼ ਵਿੱਚ ਉਨ੍ਹਾਂ ਦੇ ਨਾਲ ਹਨ ਅਤੇ ਭਾਰਤ ਬੰਦ ਦਾ ਵੀ ਪੂਰਾ ਸਮਰਥਨ ਕਰਨ ਦਾ ਐਲਾਨ ਕੀਤਾ ਹੈ। ਇਸ ਦੌਰਾਨ ਇੰਡਸਟਰੀਆਂ ਨੂੰ ਮੰਗਲਵਾਰ ਪੂਰੀ ਤਰ੍ਹਾਂ ਬੰਦ ਰਹਿਣ ਦਾ ਵੀ ਫ਼ੈਸਲਾ ਲਿਆ ਗਿਆ ਹੈ।
ਠੰਡ ਵਿੱਚ ਠਰ ਰਹੇ ਕਿਸਾਨਾਂ ਲਈ ਭੇਜਿਆ ਗਈਆਂ ਟਰੱਕ ਭਰ ਕੇ ਜੈਕਟਾਂ
ਉਨ੍ਹਾਂ ਦੱਸਿਆ ਕਿ ਕਿਸਾਨਾਂ ਦੇ ਸਾਥ ਲਈ ਉਨ੍ਹਾਂ ਨੇ ਟਰੱਕ ਵਿੱਚ ਜੈਕਟਾਂ ਭਰ ਕੇ ਵੀ ਬੀਤੇ ਦਿਨੀਂ ਭੇਜਿਆ ਹੈ। ਵਿਨੋਦ ਥਾਪਰ ਨੇ ਕਿਹਾ ਕਿ ਸਰਕਾਰ ਨੂੰ ਕਿਸਾਨਾਂ ਦੇ ਮਸਲੇ ਦਾ ਹੱਲ ਜਲਦ ਕਰਨਾ ਚਾਹੀਦਾ ਹੈ ਕਿਉਂਕਿ ਸਿਰਫ਼ ਕਿਸਾਨ ਹੀ ਨਹੀਂ ਸਗੋਂ ਹੋਰ ਕਈ ਇੰਡਸਟਰੀ ਵੀ ਇਸ ਨਾਲ ਜੁੜੀ ਹੋਈ ਹੈ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਤਾਨਾਸ਼ਾਹੀ ਰਵੱਈਏ ਕਰਕੇ ਅੱਜ ਹਰ ਵਰਗ ਨੂੰ ਘਾਟਾ ਸਹਿਣਾ ਪੈ ਰਿਹਾ ਹੈ। ਹਰ ਵਰਗ ਘਾਟੇ ਵੱਲ ਚੱਲ ਰਿਹਾ ਹੈ। ਇੱਥੋਂ ਤੱਕ ਕਿ ਜੀਡੀਪੀ ਵਿੱਚ ਵੀ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ।