ਲੁਧਿਆਣਾ : ਪੰਜਾਬ ਦੀਆਂ ਮਿੰਨੀ ਓਲੰਪਿਕ ਖੇਡਾਂ ਕਹਾਉਣ ਵਾਲੀਆਂ ਕਿਲ੍ਹਾ ਰਾਏਪੁਰ ਦੀਆਂ ਖੇਡਾਂ ਦੇ ਵਿੱਚ ਇਸ ਵਾਰ ਹਰਿਆਣਾ ਤੋਂ ਵੀ ਵੱਡੀ ਗਿਣਤੀ ਵਿਚ ਖਿਡਾਰੀਆਂ ਨੇ ਹਿੱਸਾ ਲਿਆ ਹੈ ਅਤੇ ਇਨਾਮ ਵੀ ਹਾਸਲ ਕੀਤੇ ਹਨ। ਇਸੇ ਤਰ੍ਹਾਂ ਹੀ ਖੇਡ ਮੇਲੇ ਵਿਚ ਅੰਬਾਲੇ ਤੋਂ 80 ਸਾਲ ਦੇ ਬਜ਼ੁਰਗ ਬਲਦੇਵ ਸਿੰਘ ਵੀ ਸ਼ਾਮਲ ਹੋਏ। ਬਲਦੇਵ ਸਿੰਘ ਨਾਲ ਗੱਲਬਾਤ ਕਰਨ ਉਤੇ ਉਨ੍ਹਾਂ ਦੱਸਿਆ ਕਿ ਉਹ ਪਹਿਲੀ ਵਾਰ ਕਿਲ੍ਹਾ ਰਾਏਪੁਰ ਦੀਆਂ ਖੇਡਾਂ ਦੇ ਵਿੱਚ ਹਿੱਸਾ ਲੈਣ ਆਇਆ ਹੈ, ਇਸ ਤੋਂ ਪਹਿਲਾਂ ਉਹ ਕਈ ਮੈਰਾਥਨ ਦੌੜਾਂ ਵਿਚ ਹਿੱਸਾ ਲੈ ਚੁੱਕਾ ਹੈ। ਕਿਲ੍ਹਾ ਰਾਏਪੁਰ ਦੀਆਂ ਖੇਡਾਂ ਵਿਚੋਂ 5 ਕਿਲੋ ਮੀਟਰ ਦੌੜ ਵਰਗ ਦੇ ਮੈਚ ਬਲਦੇਵ ਸਿੰਘ ਇਕਲੌਤਾ ਖਿਡਾਰੀ ਸੀ, ਜਿਸਨੇ 5 ਕਿਲੋਮੀਟਰ ਦੀ ਦੌੜ ਭੱਜੀ ਵੀ ਤੇ ਪੂਰੀ ਵੀ ਕੀਤੀ। 80 ਸਾਲ ਦੀ ਉਮਰ ਦੇ ਵਿਚ 5 ਕਿਲੋਮੀਟਰ ਦੀ ਦੌੜ ਲਾਉਣ ਅਤੇ ਉਸਨੂੰ ਪੂਰੀ ਕਰ ਕੇ ਮੈਡਲ ਹਾਸਲ ਕਰਨਾ ਇੱਕ ਵੱਡੀ ਕਾਮਯਾਬੀ ਹੈ।
ਇਹ ਐ ਬਲਦੇਵ ਸਿੰਘ ਦੀ ਖੁਰਾਕ : ਬਲਦੇਵ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ 80 ਸਾਲ ਦੀ ਉਮਰ ਦੇ ਵਿਚ ਉਹ ਅੱਜ ਵੀ ਪੰਜ ਕਿਲੋਮੀਟਰ ਰੋਜ਼ਾਨਾ ਸਵੇਰੇ ਦੌੜ ਲਾਉਂਦਾ ਹੈ ਅਤੇ ਦਿਨ ਰਾਤ ਕੰਮ ਕਰਦਾ ਹੈ। ਉਨ੍ਹਾਂ ਦੱਸਿਆ ਕਿ ਉਸ ਨੇ ਵਿਆਹ ਨਹੀਂ ਕਰਵਾਇਆ ਅਤੇ ਉਸ ਦਾ ਸਰੀਰ ਦਾ ਕੋਈ ਵੀ ਹਿਸਾ ਦੁੱਖਦਾ ਨਹੀਂ ਹੈ। ਉਸ ਨੂੰ ਕੋਈ ਰੋਗ ਨਹੀਂ ਹੈ ਨਾ ਹੀ ਉਸ ਦਾ ਬੀਪੀ ਵਧਦਾ ਹੈ ਅਤੇ ਨਾ ਹੀ ਉਸ ਨੂੰ ਕੋਈ ਸ਼ੂਗਰ ਦੀ ਬੀਮਾਰੀ ਹੈ। ਬਲਦੇਵ ਸਿੰਘ ਨੇ ਦੱਸਿਆ ਕਿ ਘਰ ਦੀ ਰੋਟੀ ਦੁਧ ਘਿਓ ਖੁੱਲ੍ਹਾ ਖਾਂਦਾ ਹੈ। ਬਲਦੇਵ ਸਿੰਘ ਨੇ ਦੱਸਿਆ ਕਿ ਹਰਿਆਣਾ ਦੇ ਅੰਬਾਲਾ ਦਾ ਰਹਿਣ ਵਾਲਾ ਹੈ ਅਤੇ ਪਹਿਲੀ ਵਾਰ ਕਿਲ੍ਹਾ ਰਾਏਪੁਰ ਦੀਆਂ ਖੇਡਾਂ ਵਿਚ ਹਿੱਸਾ ਲੈਣ ਆਇਆ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਉਸ ਨੂੰ ਪਤਾ ਹੀ ਨਹੀਂ ਸੀ ਕਿ ਪੰਜਾਬ ਵਿਚ ਇਸ ਤਰ੍ਹਾਂ ਦੀਆਂ ਖੇਡਾਂ ਹੁੰਦੀਆਂ ਹਨ, ਜਿਨ੍ਹਾਂ ਵਿੱਚ ਬਜ਼ੁਰਗ ਦੌੜਾਂ ਲਾਉਂਦੇ ਨੇ।
ਇਹ ਵੀ ਪੜ੍ਹੋ : Kila Raipur Sports Fair: 72 ਸਾਲਾ ਬਜ਼ੁਰਗ ਦੌੜਾਕ ਨੇ ਸਭ ਨੂੰ ਪਾਈਆਂ ਭਾਜੜਾਂ
ਬਲਦੇਵ ਸਿੰਘ ਨੇ ਦੱਸਿਆ ਸਿਹਤ ਦਾ ਰਾਜ : ਬਲਦੇਵ ਸਿੰਘ ਨੇ ਨੌਜਵਾਨਾਂ ਨੂੰ ਦੱਸਿਆ ਕਿ ਉਸ ਨੂੰ ਕੋਈ ਵੀ ਬਿਮਾਰੀ ਨਾ ਲੱਗਣ ਦਾ ਰਾਜ ਕਿਸੇ ਵੀ ਤਰ੍ਹਾਂ ਦਾ ਨਸ਼ਾ ਸਰੀਰ ਨੂੰ ਨਾ ਲਾਉਣਾ ਹੈ। 5 ਕਿਲੋਮੀਟਰ ਦੀ ਦੌੜ ਲਗਾਉਣ ਵਾਲਾ ਉਹ ਇਕਲੌਤਾ ਬਜ਼ੁਰਗ ਸੀ, ਜੋ ਇਕੱਲਾ ਹੀ ਮੁਕਾਬਲੇ ਦੇ ਵਿਚ ਦੌੜ ਲਾਈ ਅਤੇ ਜਿੱਤ ਵੀ ਹਾਸਲ ਕੀਤੀ ਉਨ੍ਹਾਂ ਦੱਸਿਆ ਕਿ ਮੇਰਾ ਕਿਸੇ ਨਾਲ ਮੁਕਾਬਲਾ ਹੀ ਨਹੀਂ ਸੀ ਕਿਉਂਕਿ 70 ਸਾਲ ਤੋਂ ਬਾਅਦ 5 ਕਿਲੋਮੀਟਰ ਦੀ ਦੌੜ ਲਾਉਣੀ ਬਹੁਤ ਮੁਸ਼ਕਿਲ ਹੈ।