ਲੁਧਿਆਣਾ: ਖੰਨਾ ਪੁਲਿਸ ਨੇ ਵੱਡੀ ਕਾਮਯਾਬੀ ਹਾਸਿਲ ਕੀਤੀ ਹੈ। ਖੰਨਾ ਪੁਲਿਸ ਦਾ ਦਾਅਵਾ ਹੈ ਕਿ ਉਨ੍ਹਾਂ ਹਵਾਲੇ ਦੀ 9 ਕਰੋੜ 66 ਲੱਖ 61 ਹਜ਼ਾਰ 700 ਰੁਪਏ ਸਮੇਤ 6 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਐਸਐਸਪੀ ਧਰੁਵ ਦਹੀਆ ਨੇ ਪ੍ਰੈੱਸ ਕਾਨਫਰੰਸ ਦੌਰਾਨ ਇਹ ਜਾਣਕਾਰੀ ਦਿੱਤੀ ਹੈ।
ਐਸਐਸਪੀ ਧਰੁਵ ਦਹੀਆ ਨੇ ਦੱਸਿਆ ਕਿ ਖੰਨਾ ਪੁਲਿਸ ਵੱਲੋਂ ਸਪੈਸ਼ਲ ਨਾਕਾਬੰਦੀਆਂ ਕਰਕੇ ਚੈਕਿੰਗਾਂ ਕੀਤੀਆ ਜਾ ਰਹੀਆਂ ਹਨ। ਪੁਲਿਸ ਪਾਰਟੀ ਮੈਕਡੋਨਾਲਡ ਜੀ.ਟੀ ਰੋਡ ਦੋਰਾਹਾ ਪਾਸ ਨਾਕਾਬੰਦੀ ਕਰਕੇ ਸ਼ੱਕੀ ਵਹੀਕਲਾਂ/ਪੁਰਸ਼ਾਂ ਦੀ ਚੈਕਿੰਗ ਕਰ ਰਹੀ ਸੀ, ਤਾਂ ਇੱਕ ਮੁਖ਼ਬਰ ਨੇ ਜਾਣਕਾਰੀ ਦਿੱਤੀ ਕਿ ਲੱਗਦਾ ਹੈ ਕਿ ਕੁਝ ਵਿਅਕਤੀ ਹਵਾਲਾ ਦਾ ਕਾਰੋਬਾਰ ਕਰਦੇ ਹਨ ਅਤੇ ਇਨ੍ਹਾਂ ਦੇ ਇਸ ਕੰਮ ਵਿੱਚ ਹੋਰ ਵੀ ਕਈ ਲੋਕ ਸ਼ਾਮਲ ਹਨ।
ਇਹ ਵਿਅਕਤੀ ਇਨੋਵਾ(ਪੀ.ਬੀ.02 ਬੀ.ਐੱਨ 3928), ਫੋਰਡ ਈਕੋਸਪੋਰਟ(ਪੀ.ਬੀ.10 ਜੀ.ਬੀ 0269) ਅਤੇ ਮਰੂਤੀ ਬਰੀਜਾ(ਪੀ.ਬੀ.6 ਏ.ਕਿਊ 8020) ਵਿੱਚ ਸਵਾਰ ਹੋ ਕੇ ਜਲੰਧਰ ਤੋਂ ਜੀ.ਟੀ ਰੋਡ ਰਾਹੀਂ ਅੰਬਾਲਾ ਸਾਈਡ ਨੂੰ ਆ ਰਹੇ ਹਨ, ਜੇਕਰ ਜਲੰਧਰ ਸਾਈਡ ਵੱਲੋਂ ਆਉਣ ਵਾਲੀਆਂ ਗੱਡੀਆਂ ਦੀ ਬਰੀਕੀ ਨਾਲ ਚੈਕਿੰਗ ਕੀਤੀ ਜਾਵੇ ਤਾਂ ਉਕਤ ਗੱਡੀਆਂ ਵਿੱਚੋਂ ਭਾਰੀ ਮਾਤਰਾ ਵਿੱਚ ਗੈਰ ਕਾਨੂੰਨੀ ਭਾਰਤੀ ਕਰੰਸੀ ਬਰਾਮਦ ਹੋ ਸਕਦੀ ਹੈ।
ਇਸ ਤੋਂ ਬਾਅਦ ਪੁਲਿਸ ਨੇ ਮੁਸਤੈਦੀ ਵਿਖਾਉਂਦਿਆਂ ਨਾਕਾਬੰਦੀ ਕਰਕੇ ਜਲੰਧਰ-ਲੁਧਿਆਣਾ ਸਾਈਡ ਤੋਂ ਆ ਰਹੀਆਂ ਗੱਡੀਆਂ ਦੀ ਚੈਕਿੰਗ ਕਰਨੀ ਸ਼ੁਰੂ ਕੀਤੀ, ਇਸੇ ਦੌਰਾਨ ਉਕਤ ਤਿੰਨੋਂ ਗੱਡੀਆਂ ਲੁਧਿਆਣਾ ਸਾਈਡ ਵੱਲੋਂ ਆਈਆਂ। ਫੋਰਡ ਈਕੋਸਪੋਰਟ(ਪੀ.ਬੀ.10 ਜੀ.ਬੀ 0269) ਵਿੱਚ ਦੋ ਵਿਅਕਤੀ ਸਵਾਰ ਸਨ, ਜਿਹਨਾਂ ਨੂੰ ਗੱਡੀ ਤੋਂ ਹੇਠਾਂ ਉਤਾਰਕੇ ਉਹਨਾ ਦਾ ਨਾਮ ਤੇ ਪਤਾ ਪੁੱਛਿਆ ਗਿਆ। ਜਿਹਨਾਂ ਨੇ ਆਪਣਾ ਨਾਮ ਐਂਥਨੀ ਵਾਸੀ ਪ੍ਰਤਾਪਪੁਰਾ ਥਾਣਾ ਲਾਬੜਾਂ ਜ਼ਿਲ੍ਹਾ ਜਲੰਧਰ, ਜੋ ਪਿੰਡ ਪ੍ਰਤਾਪਪੁਰਾ ਦੀ ਚਰਚ ਦਾ ਪਾਦਰੀ ਹੈ, ਰਛਪਾਲ ਸਿੰਘ ਵਾਸੀ ਭਿੱਖੀਵਿੰਡ, ਜ਼ਿਲ੍ਹਾ ਤਰਨਤਾਰਨ ਦੱਸਿਆ। ਦੂਸਰੀ ਗੱਡੀ ਇਨੋਵਾ(ਪੀ.ਬੀ.02 ਬੀ.ਐੱਨ 3928) ਵਿੱਚ ਦੋ ਵਿਅਕਤੀ ਅਤੇ ਇੱਕ ਔਰਤ ਸਵਾਰ ਸਨ, ਜਿਹਨਾਂ ਨੇ ਆਪਣਾ ਨਾਮ ਰਵਿੰਦਰ ਲਿੰਗਾਇਤ ਉਰਫ ਰਵੀ ਵਾਸੀ ਨਵੀਂ ਮੁੰਬਈ ਤੇ ਉਸਦੀ ਪਤਨੀ ਸ਼ਿਵਾਂਗੀ ਲਿੰਗਾਇਤ ਵਾਸੀ ਨਵੀਂ ਮੁੰਬਈ, ਅਸ਼ੋਕ ਕੁਮਾਰ ਵਾਸੀ ਗਵਾਭੀ ਡਾਕਖਾਨਾ ਨਮਹੋਲ ਥਾਣਾ ਸਦਰ ਬਿਲਾਸਪੁਰ ਜ਼ਿਲ੍ਹਾ ਬਿਲਾਸਪੁਰ (ਹਿਮਾਚਲ ਪ੍ਰਦੇਸ਼) ਦੱਸਿਆ।
ਤੀਸਰੀ ਗੱਡੀ ਮਰੂਤੀ ਬਰੀਜਾ(ਪੀ.ਬੀ.6 ਏ.ਕਿਊ 8020) ਵਿੱਚੋਂ ਇੱਕ ਵਿਅਕਤੀ ਸਵਾਰ ਸੀ, ਜਿਸਨੇ ਆਪਣਾ ਨਾਮ ਹਰਪਾਲ ਸਿੰਘ ਵਾਸੀ ਛੋਟੀ ਬਾਰਾਦਰੀ, ਜ਼ਿਲ੍ਹਾ ਜਲੰਧਰ ਦੱਸਿਆ। ਗੱਡੀਆਂ ਦੀ ਤਲਾਸ਼ੀ ਕਰਨ ਤੋਂ ਬਾਅਦ ਉਹਨਾਂ ਵਿੱਚੋਂ 9 ਕਰੋੜ 66ਲੱਖ 61ਹਜ਼ਾਰ 700 ਰੁਪਏ ਦੀ ਹਵਾਲਾ ਰਾਸ਼ੀ ਬਰਾਮਦ ਹੋਈ। ਜਿਸ ਸਬੰਧੀ ਉਕਤ ਵਿਅਕਤੀ ਮੌਕੇ 'ਤੇ ਕੋਈ ਦਸਤਾਵੇਜ਼/ਸਬੂਤ ਪੇਸ਼ ਨਹੀਂ ਕਰ ਸਕੇ।
ਇਸ ਤੋਂ ਬਾਅਦ ਮਾਮਲੇ ਦੀ ਜਾਣਕਾਰੀ ਆਈ.ਟੀ.ਓ ਵਿਮਲ ਮਦਾਨ ਅਤੇ ਵਰਿੰਦਰ ਕੁਮਾਰ, ਜਲੰਧਰ ਦੇ ਅਸਿਸਟੈਂਟ ਡਾਇਰੈਕਟਰ ਇਨਫੋਰਸਮੈਂਟ ਦੀਪਕ ਰਾਜਪੂਤ ਸਮੇਤ ਲੁਧਿਆਣਾ ਦੀ ਇਨਵੈਸਟੀਗੇਸ਼ਨ ਵਿੰਗ ਨੂੰ ਦਿੱਤੀ ਗਈ ਤੇ ਉਨ੍ਹਾਂ ਨੂੰ ਬਰਾਮਦ ਕੈਸ਼, ਗੱਡੀਆਂ ਸੌਂਪੀਆਂ ਗਈਆਂ ਤੇ ਉਕਤ ਵਿਅਕਤੀਆਂ 'ਤੇ ਬਣਦੀ ਕਾਰਵਾਈ ਕਰਨ ਬਾਰੇ ਕਿਹਾ।