ਲੁਧਿਆਣਾ: ਲੁਧਿਆਣਾ ਦੇ ਨੂਰਵਾਲਾ ਰੋਡ ਉੱਤੇ ਸਥਿਤ ਲਾਜਪਤ ਨਗਰ ਵਿਖੇ ਚੋਰਾਂ ਨੇ ਦਿਨ ਦਿਹਾੜੇ ਇੱਕ ਘਰ ਨੂੰ ਨਿਸ਼ਾਨਾ ਬਣਾਉਂਦਿਆਂ ਸੋਨੇ ਦੇ ਗਹਿਣਿਆਂ ਉੱਤੇ ਹੱਥ ਸਾਫ ਕਰ ਦਿੱਤਾ ਹੈ। ਇਸਦੇ ਨਾਲ ਹੀ ਚੋਰ 35 ਹਜ਼ਾਰ ਰੁਪਏ ਦੀ ਨਗਦੀ ਵੀ ਚੋਰੀ ਕਰਕੇ ਲੈ ਗਿਆ ਹੈ। ਘਰ ਦੀ ਮੁਖੀ 72 ਸਾਲ ਦੀ ਬਜ਼ੁਰਗ ਰਜਿੰਦਰ ਨੇ 35 ਸਾਲ ਦੁਕਾਨਦਾਰੀ ਕਰਕੇ ਬਹੁਤ ਹੀ ਮੁਸ਼ਕਿਲ ਦੇ ਨਾਲ ਪੈਸੇ ਜੋੜੇ ਸਨ ਪਰ ਚੋਰਾਂ ਨੇ ਮਿੰਟਾਂ ਦੇ ਵਿੱਚ ਹੀ ਬਜ਼ੁਰਗ ਮਾਤਾ ਦੀ ਸਾਰੀ ਉਮਰ ਦੀ ਮਿਹਨਤ ਦੀ ਕਮਾਈ ਚੋਰੀ ਕਰ ਲਈ ਹੈ। ਇਸ ਤੋਂ ਬਾਅਦ ਮੌਕੇ ਉੱਤੇ ਪਹੁੰਚੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਕੀ ਕਿਹਾ ਪੀੜਤ ਪਰਿਵਾਰ ਨੇ : ਪੀੜਤ ਪਰਿਵਾਰ ਨੇ ਦੱਸਿਆ ਕਿ ਚੋਰ ਬਾਰੀ ਦੇ ਰਸਤਿਓਂ ਘਰ ਦੇ ਵਿੱਚ ਦਾਖਿਲ ਹੋਇਆ ਸੀ ਅਤੇ ਮਿੰਟਾਂ ਦੇ ਵਿੱਚ ਹੀ ਉਹ ਸਾਰੇ ਸੋਨੇ ਅਤੇ ਨਕਦੀ ਦੇ ਗਹਿਣਿਆਂ ਉੱਤੇ ਹੱਥ ਸਾਫ ਕਰਕੇ ਫਰਾਰ ਹੋ ਗਿਆ। ਸਾਹਮਣੇ ਲੱਗੇ ਕੈਮਰੇ ਦੇ ਵਿੱਚ ਮੁਲਜ਼ਮ ਦੀਆਂ ਤਸਵੀਰਾਂ ਵੀ ਕੈਦ ਹੋਈਆਂ ਹਨ, ਜਿਸ ਵਿੱਚ ਉਹ ਈ-ਰਿਕਸ਼ਾ ਉੱਤੇ ਆਉਂਦਾ ਨਜਰ ਆ ਰਿਹਾ ਹੈ। ਪਰਿਵਾਰ ਨੇ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਹੈ ਅਤੇ ਇਨਸਾਫ਼ ਦੀ ਮੰਗ ਕੀਤੀ ਹੈ। ਬਜ਼ੁਰਗ ਮੁਤਾਬਿਕ ਉਸ ਨੇ 35 ਸਾਲ ਲਾ ਕੇ ਇਹ ਸੋਨਾ ਇਕੱਠਾ ਕੀਤਾ ਸੀ। ਏਐਸਆਈ ਮਲਕੀਤ ਸਿੰਘ ਨੇ ਜਾਣਕਾਰੀ ਦਿੱਤੀ ਹੈ ਕੇ ਇਨ੍ਹਾਂ ਦੇ ਘਰ ਪਹਿਲਾਂ ਵੀ ਚੋਰੀ ਹੋ ਚੁੱਕੀ ਹੈ। ਘਰ ਵਿੱਚ ਹੇਠਾਂ ਅਤੇ ਉੱਪਰਲੀ ਮੰਜਿਲ ਉੱਤੇ ਕਿਰਾਏਦਾਰ ਰਹਿੰਦੇ ਹਨ।
ਪੁਲਿਸ ਨੇ ਕਾਰਵਾਈ ਦੀ ਗੱਲ ਕਹੀ : ਬਜ਼ੁਰਗ ਮਹਿਲਾ ਨੇ ਦੱਸਿਆ ਕਿ ਉਹ ਦੁਕਾਨਦਾਰੀ ਕਰਦੀ ਹੈ ਅਤੇ ਉਸਦਾ ਬੇਟਾ ਅਤੇ ਨੂੰਹ ਉਸ ਤੋਂ ਵੱਖ ਰਹਿੰਦੇ ਹਨ। ਬਜ਼ੁਰਗ ਨੇ ਆਪਣੀਆਂ ਬੇਟੀਆਂ ਨੂੰ ਵੀ ਮੌਕੇ ਉੱਤੇ ਸੱਦ ਲਿਆ ਹੈ। ਉਸਨੇ ਇਨਸਾਫ ਦੀ ਮੰਗ ਕੀਤੀ ਹੈ। ਉੱਥੇ ਹੀ ਪੁਲਿਸ ਨੇ ਕਿਹਾ ਹੈ ਕਿ ਫਿਲਹਾਲ ਅਸੀਂ ਮਾਮਲੇ ਦੀ ਤਫਤੀਸ਼ ਕਰਾਂਗੇ ਇਸ ਤੋਂ ਬਾਅਦ ਹੀ ਕਾਰਵਾਈ ਕੀਤੀ ਜਾਵੇਗੀ। ਪੁਲਿਸ ਨੇ ਕੈਮਰੇ ਦੀ ਫੁਟੇਜ ਪੀੜਿਤ ਪਰਿਵਾਰ ਤੋਂ ਮੰਗੀ ਹੈ। ਹਾਲਾਂਕਿ ਪਰਿਵਾਰ ਦੇ ਦੱਸਣ ਮੁਤਾਬਕ 10 ਤੋਲੇ ਦੇ ਕਰੀਬ ਸੋਨਾ ਹੈ ਜਦੋਂ ਕਿ ਪੁਲਿਸ ਨੇ ਇਸ ਦੀ ਫਿਲਹਾਲ ਕੋਈ ਪੁਸ਼ਟੀ ਨਹੀਂ ਕੀਤੀ ਹੈ।