ਲੁਧਿਆਣਾ: ਕੋਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਪੰਜਾਬ ਪੁਲਿਸ ਨੇ ਇੱਕ ਨਿਵੇਕਲੀ ਸ਼ੁਰੂਆਤ ਕੀਤੀ ਹੈ। ਇਸ 'ਚ ਪੁਲਿਸ ਹੁਣ ਕੰਟੇਨਮੈਂਟ ਜ਼ੋਨ ਵਿੱਚ ਡਰੋਨ ਰਾਹੀਂ ਨਜ਼ਰ ਰੱਖੇਗੀ। ਇਸ ਦੇ ਨਾਲ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੀ ਸ਼ਨਾਖਤ ਕਰਕੇ ਉਨ੍ਹਾਂ ਦੇ ਵਟਸਐਪ ਰਾਹੀਂ ਜੁਰਮਾਨਾ ਭੇਜਿਆ ਜਾਵੇਗਾ।
ਲੁਧਿਆਣਾ ਦੇ ਏਡੀਸੀਪੀ ਦੀਪਕ ਪਾਰਿਖ ਨੇ ਕਿਹਾ ਕਿ ਸ਼ੁਰੂਆਤੀ ਲੌਕਡਾਊਨ ਦੇ ਪੜਾਅ 'ਚ ਪੁਲਿਸ ਪ੍ਰਸ਼ਾਸਨ ਵੱਲੋਂ ਪਹਿਲਾਂ ਲੋਕਾਂ ਨੂੰ ਘਰ ਤੋਂ ਬਾਹਰ ਨਾ ਨਿਕਲਣ ਦੀ ਅਪੀਲ ਕੀਤੀ ਗਈ ਸੀ ਪਰ ਫਿਰ ਵੀ ਕੁਝ ਸ਼ਰਾਰਤੀ ਲੋਕ ਘਰ ਤੋਂ ਬਾਹਰ ਨਿਕਲ ਕੇ ਲੌਕਡਾਊਨ ਦੀ ਉਲੰਘਣਾ ਕਰ ਰਹੇ ਸੀ। ਉਨ੍ਹਾਂ ਨੇ ਕਿਹਾ ਕਿ ਹੁਣ ਲੌਕਡਾਊਨ ਅਨਲੌਕ ਹੋਣਾ ਸ਼ੁਰੂ ਹੋ ਗਿਆ ਹੈ ਤੇ ਲੋਕ ਬਾਹਰ ਨਿਕਲ ਰਹੇ ਹਨ ਪਰ ਜਿਹੜੇ ਕੰਨਟੇਨਮੈਂਟ ਜ਼ੋਨ ਬਣੇ ਹੋਏ ਹਨ ਉਨ੍ਹਾਂ ਇਲਾਕਿਆਂ ਦੇ ਲੋਕਾਂ ਨੂੰ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਹਦਾਇਤਾਂ ਨਹੀਂ ਹੈ ਪਰ ਫਿਰ ਵੀ ਕੁਝ ਲੋਕ ਬਾਹਰ ਨਿਕਲ ਰਹੇ ਹਨ ਜਿਸ ਨਾਲ ਕੋਰੋਨਾ ਦੇ ਹੋਰ ਵੱਧਣ ਦਾ ਖ਼ਤਰਾ ਹੈ। ਇਸ ਲਈ ਉਨ੍ਹਾਂ 'ਤੇ ਲਗਾਮ ਲਗਾਉਣ ਲਈ ਪੁਲਿਸ ਪ੍ਰਸ਼ਾਸਨ ਵੱਲੋਂ ਹੁਣ ਕੰਟੇਨਮੈਂਟ ਜ਼ੋਨ 'ਤੇ ਡਰੋਨ ਰਾਹੀਂ ਨਜ਼ਰ ਰੱਖੀ ਜਾ ਰਹੀ ਹੈ।
ਉਨ੍ਹਾਂ ਨੇ ਕਿਹਾ ਕਿ ਡਰੋਨ ਨਾਲ ਨਜ਼ਰ ਰੱਖਣਾ ਸੌਖਾ ਹੈ। ਡਰੋਨ ਪੂਰੇ ਇਲਾਕੇ ਦੇ ਅੰਦਰ ਚਲਾ ਜਾਂਦਾ ਹੈ ਤੇ ਬਰੀਕੀ ਨਾਲ ਚੀਜ਼ ਨੂੰ ਦਿਖਾਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਕੰਟੇਨਮੈਂਟ ਇਲਾਕਿਆਂ 'ਚ ਕੋਈ ਬਾਹਰ ਨਿਕਲਦਾ ਦਿਖਦਾ ਹੈ ਤਾਂ ਉਸ ਨੂੰ ਵਟਸਐਪ ਰਾਹੀਂ ਜੁਰਮਾਨਾ ਭੇਜਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਦੀ ਸ਼ੁਰੂਆਤ ਪਹਿਲਾਂ ਲੁਧਿਆਣਾ ਸ਼ਹਿਰ 'ਚ ਕੀਤੀ ਗਈ ਹੈ ਤੇ ਹੁਣ ਤੱਕ 100 ਲੋਕਾਂ ਨੂੰ ਜੁਰਮਾਨਾ ਵੀ ਲੱਗ ਗਿਆ ਹੈ।
ਇਹ ਵੀ ਪੜ੍ਹੋ:ਗੰਨੇ ਦੀ ਖ਼ਰੀਦ ਨਾ ਹੋਣ ਕਾਰਨ ਕਿਸਾਨ ਨੇ ਸਾੜੀ ਫਸਲ