ਲੁਧਿਆਣਾ: ਪੰਜਾਬ ਨਿਵੇਸ਼ ਲਈ 2023 ਦੀ ਅੱਜ ਲੁਧਿਆਣਾ ਵਿੱਚ ਸ਼ੁਰੂਆਤ ਹੋਈ ਹੈ। ਇਸਦਾ ਪਹਿਲਾ ਸੈਸ਼ਨ ਚੱਲ ਰਿਹਾ ਹੈ। ਪੰਜਾਬ ਦੇ ਮੁੱਖਮੰਤਰੀ ਭਗਵੰਤ ਮਾਨ ਖੁਦ ਇਸ ਨਿਵੇਸ਼ ਮਿਲਣੀ ਦੀ ਅਗਵਾਈ ਕਰ ਰਹੇ ਹਨ ਅਤੇ ਦੇਸ਼ ਭਰ ਦੇ ਸਨਅਤਕਾਰਾਂ ਦੇ ਨਾਲ ਲੁਧਿਆਣਾ ਤੋਂ ਪੁਰਾਣੇ ਸਨਅਤਕਾਰ ਅਤੇ ਨਿਵੇਸ਼ਕ ਵੀ ਪਹੁੰਚੇ ਹੋਏ ਹਨ। ਇਸ ਸੰਮੇਲਨ ਨੂੰ ਲੈ ਕੇ ਸਨਅਤਕਾਰਾਂ ਦੇ ਮਿਲੇ ਜੁਲੇ ਵਿਚਾਰ ਹਨ।
ਨਵੀਂ ਉਦਯੋਗ ਨੀਤੀ ਉੱਤੇ ਚਰਚਾ ਲਈ ਆਸਵੰਦ: ਇਸ ਦੌਰਾਨ ਲੁਧਿਆਣਾ ਤੋਂ ਸਨਅਤਕਾਰ ਦਰਸ਼ਨ ਡਾਬਰ ਅਤੇ ਸੁਰਿੰਦਰ ਜੈਨ ਨੇ ਈਟੀਵੀ ਭਾਰਤ ਦੀ ਟੀਮ ਨਾਲ ਗੱਲਬਾਤ ਕਰਦਿਆਂ ਨਿਵੇਸ਼ ਪੰਜਾਬ ਨੂੰ ਲੈ ਕੇ ਆਪਣੀ ਪ੍ਰਤੀਕ੍ਰਿਆ ਦਿੱਤੀ ਹੈ। ਸਨਅਤਕਾਰ ਦਰਸ਼ਨ ਡਾਬਰ ਨੇ ਕਿਹਾ ਹੈ ਕਿ ਪੰਜਾਬ ਵਿਚ ਇੰਡਸਟਰੀ ਨੂੰ ਪ੍ਰਫੁੱਲਿਤ ਕਰਨ ਲਈ ਸਰਕਾਰ ਯਤਨ ਕਰ ਰਹੀ ਹੈ, ਉਹ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਅੱਜ ਵੀ ਨਿਵੇਸ਼ਕਾਂ ਨੂੰ ਵੱਧ ਤੋਂ ਵੱਧ ਸਰਕਾਰ ਵੱਲੋਂ ਸੱਦਾ ਦਿੱਤਾ ਜਾ ਰਿਹਾ ਹੈ। ਇਸ ਦੌਰਾਨ ਡਾਬਰ ਨੇ ਕਿਹਾ ਕਿ ਨੀਤੀ ਬਾਰੇ ਵੀ ਚਰਚਾ ਹੋਵੇਗੀ। ਉਨ੍ਹਾਂ ਕਿਹਾ ਕਿ ਨਵੀਂ ਨੀਤੀ ਚੰਗੀ ਹੈ। ਦੂਜੇ ਪਾਸੇ ਸਨਅਤਕਾਰ ਸੁਰਿੰਦਰ ਜੈਨ ਨੇ ਕਿਹਾ ਕਿ ਬਾਹਰੋਂ ਨਿਵੇਸ਼ ਆਵੇਗਾ ਜੋਕਿ ਚੰਗੀ ਗੱਲ ਹੈ। ਉਨ੍ਹਾਂ ਕਿਹਾ ਕਿ ਅਸੀਂ ਕੋਸ਼ਿਸ਼ ਕਰਾਂਗੇ ਕਿ ਇਸ ਮੀਟਿੰਗ ਦੇ ਵਿਚ ਨਵੀਂ ਨੀਤੀ ਲਈ ਵੀ ਚਰਚਾ ਹੋਵੇਗੀ ਅਤੇ ਨਾਲ ਹੀ ਬਹੁਤ ਪੁਰਾਣੀ ਇੰਡਸਟਰੀ ਹੈ, ਉਸ ਲਈ ਵੀ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਤਾਂ ਜੋ ਉਸ ਨੂੰ ਵੱਧ ਤੋਂ ਵੱਧ ਪ੍ਰਫੁੱਲਿਤ ਕੀਤਾ ਜਾ ਸਕੇ। ਸਿਰਫ ਉਨ੍ਹਾਂ ਕਿਹਾ ਕਿ ਪੁਰਾਣੇ ਨਿਵੇਸ਼ਕਾਂ ਵੱਲ ਧਿਆਨ ਦੇਣ ਦੀ ਲੋੜ ਹੈ ਅਤੇ ਪੁਰਾਣੀ ਇੰਡਸਟਰੀ ਨੂੰ ਬਚਾਉਣਾ ਪੈਣਾ ਹੈ।
ਇਹ ਵੀ ਪੜ੍ਹੋ: Praneet Kaur To Congress: ਕਾਂਗਰਸ 'ਚੋਂ ਬਰਖ਼ਾਸਦਗੀ ਤੋਂ ਬਾਅਦ ਪਰਨੀਤ ਕੌਰ ਨੇ ਦਿੱਤਾ ਜਵਾਬ, ਲਿਖਿਆ...
ਆਪ ਵਿਧਾਇਕ ਨੇ ਦਿੱਤਾ ਪ੍ਰਤੀਕਰਮ: ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ ਨੇ ਦੱਸਿਆ ਕਿ ਸਰਕਾਰ ਵੱਲੋਂ ਪੰਜਾਬ ਵਿੱਚ ਇੰਡਸਟਰੀ ਨੂੰ ਪ੍ਰਫੁੱਲਿਤ ਕਰਨ ਲਈ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸੇ ਕਾਰਨ ਨਿਵੇਸ਼ਕਾਂ ਦੇ ਨਾਲ ਅਤੇ ਸਨਅਤਕਾਰਾਂ ਨਾਲ ਪੰਜਾਬ ਦੇ ਮੁੱਖ ਮੰਤਰੀ ਖੁਦ ਮੁਲਾਕਾਤ ਕਰ ਰਹੇ ਹਨ ਤਾਂ ਜੋ ਉਹਨਾਂ ਨੂੰ ਜਿੰਨੀਆਂ ਵੀ ਸਮੱਸਿਆਵਾਂ ਆ ਰਹੀਆਂ ਹਨ, ਉਨ੍ਹਾਂ ਦਾ ਨਬੇੜਾ ਕੀਤਾ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਨੀਤੀ ਵੀ ਬਣਾਈ ਗਈ ਹੈ। ਉਸ ਵਿੱਚ ਹੋਰ ਜਿਹੜੇ ਸੁਝਾਅ ਸਨਅਤਕਾਰਾਂ ਵੱਲੋਂ ਦਿੱਤੇ ਜਾ ਰਹੇ ਨੇ ਉਹਨਾਂ ਨੂੰ ਸ਼ਾਮਿਲ ਕੀਤਾ ਜਾ ਰਿਹਾ ਹੈ।