ਲੁਧਿਆਣਾ: ਭਾਰਤ ਅਤੇ ਕੈਨੇਡਾ ਦੇ ਵਿਚਕਾਰ ਸੰਬੰਧ ਖ਼ਰਾਬ ਹੋਣ ਦਾ ਅਸਰ ਜਿਥੇ ਵਪਾਰ ਤੇ ਦਾਲਾਂ 'ਤੇ ਪੈ ਰਿਹਾ ਹੈ, ਉਥੇ ਹੀ ਲੁਧਿਆਣਾ ਦੀ ਮਸ਼ਹੂਰ ਹੌਜ਼ਰੀ ਇੰਡਸਟਰੀ 'ਤੇ ਵੀ ਇਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਲੁਧਿਆਣਾ ਤੋਂ 50 ਕਰੋੜ ਦੇ ਕਰੀਬ ਦੀ ਹੌਜ਼ਰੀ ਕੈਨੇਡਾ ਜਾਂਦੀ ਹੈ। ਜਿਸ ਵਿੱਚ ਜ਼ਿਆਦਾਤਰ ਸਰਦੀਆਂ ਦੇ ਕੱਪੜੇ ਸ਼ਾਮਲ ਹਨ। ਲੁਧਿਆਣਾ ਦੀਆਂ ਬਣੀਆਂ ਮਾਇਨਸ 30 ਡਿਗਰੀ ਤੱਕ ਦੀ ਸਪੈਸ਼ਲ ਜੈਕੇਟ, ਟਰੈਕ ਸੂਟ, ਸ਼ਾਲਾਂ, ਗਰਮ ਜੁਰਾਬਾਂ, ਟੋਪੀਆਂ ਆਦਿ ਕੈਨੇਡਾ ਜਾਂਦੀਆਂ ਹਨ। ਇਸ ਤੋਂ ਇਲਾਵਾ ਕੈਨੇਡਾ ਦੇ ਵਿੱਚ ਭਾਰਤ ਤੋਂ ਹਰ ਸਾਲ ਹਜ਼ਾਰਾਂ ਹੀ ਵਿਦਿਆਰਥੀ ਪੜ੍ਹਨ ਦੇ ਲਈ ਜਾਂਦੇ ਹਨ, ਜਿਹੜੇ ਕੈਨੇਡਾ ਜਾਣ ਤੋਂ ਪਹਿਲਾਂ ਭਾਰਤ ਦੇ ਵਿੱਚ ਖਰੀਦਦਾਰੀ ਕਰਦੇ ਹਨ। ਖਾਸ ਕਰਕੇ ਗਰਮ ਕੱਪੜੇ ਲੁਧਿਆਣਾ ਤੋਂ ਖਰੀਦਦੇ ਹਨ ਜਿਸ ਦਾ ਨੁਕਸਾਨ ਭਾਰਤ ਨੂੰ ਝੱਲਣਾ ਪੈ ਰਿਹਾ ਹੈ। (India Canada Business)
ਇੰਡੋ ਕੈਨੇਡੀਅਨ ਸੰਮੇਲਨ: ਲੁਧਿਆਣਾ ਨਿਟਵੀਅਰ ਐਸੋਸੀਏਸ਼ਨ ਦੇ ਵੱਲੋਂ ਕੈਨੇਡਾ ਦੇ ਲਗਭਗ 225 ਮੈਂਬਰੀ ਵਫਦ ਦੇ ਨਾਲ ਬੀਤੇ ਸਾਲ ਹੀ ਸੰਮੇਲਨ ਕਰਵਾਇਆ ਗਿਆ ਸੀ। ਜਿਸ ਵਿੱਚ ਕੈਨੇਡਾ ਨੇ ਭਾਰਤ ਦੇ ਕੱਪੜਾ ਕਾਰੋਬਾਰੀਆਂ ਨੂੰ ਕੈਨੇਡਾ ਆਉਣ ਦਾ ਸੱਦਾ ਦਿੱਤਾ ਸੀ। ਇਸ ਦੇ ਤਹਿਤ ਹੀ ਲੁਧਿਆਣਾ ਦੇ ਕਈ ਮਸ਼ਹੂਰ ਬ੍ਰਾਂਡ, ਜਿਹਨਾਂ ਦੇ ਵਿੱਚ ਓਕੇਟੇਵ, ਮਡਾਮੇ, ਡੀਊਕ, ਮੌਂਟੀ ਕਾਰਲੋ ਅਤੇ ਹੋਰ ਕਈ ਬ੍ਰਾਂਡਸ ਨੂੰ ਕੈਨੇਡਾ ਦੇ ਵਿੱਚ ਆਪਣੇ ਸ਼ੋ ਰੂਮ ਖੋਲ੍ਹਣ ਦਾ ਸੱਦਾ ਦਿੱਤਾ ਗਿਆ ਸੀ।
ਕਰੋੜਾਂ ਦਾ ਵਪਾਰ: ਇਸ ਦੇ ਤਹਿਤ ਥਾਵਾਂ ਦੀ ਚੋਣ ਵੀ ਕਰ ਲਈ ਗਈ ਸੀ, ਇੱਥੋਂ ਤੱਕ ਕਿ ਕਈ ਬ੍ਰਾਂਡਾਂ ਨੇ ਕੈਨੇਡਾ ਦੇ ਵਿੱਚ ਸ਼ੋਅਰੂਮ ਵੀ ਕਿਰਾਏ 'ਤੇ ਲੈ ਲਏ ਸਨ ਪਰ ਭਾਰਤ ਅਤੇ ਕੈਨੇਡਾ ਦੇ ਵਿਚਕਾਰ ਇਸ ਤਰ੍ਹਾਂ ਮਾਹੌਲ ਖਰਾਬ ਹੋਣ ਦੇ ਨਾਲ ਇਸ 'ਤੇ ਵੀ ਅਸਰ ਪਿਆ ਹੈ। ਲੁਧਿਆਣਾ ਨਿਟਵੀਅਰ ਐਸੋਸੀਏਸ਼ਨ ਦੇ ਪ੍ਰਧਾਨ ਵਿਨੋਦ ਥਾਪਰ ਨੇ ਕਿਹਾ ਕਿ ਹਾਲਾਂਕਿ ਕੈਨੇਡਾ ਜਾਣ ਵਾਲੇ ਕੱਪੜੇ ਦੀ ਕੀਮਤ ਬਹੁਤ ਹੀ ਜ਼ਿਆਦਾ ਨਹੀਂ ਹੈ ਪਰ ਜਿਹੜੇ ਸ਼ੋਅਰੂਮ ਕੈਨੇਡਾ ਦੇ ਵਿੱਚ ਖੋਲ੍ਹੇ ਜਾਣੇ ਸਨ, ਉਸ ਨਾਲ ਭਾਰਤ ਦੇ ਵਪਾਰੀਆਂ ਨੂੰ ਕਾਫੀ ਫਾਇਦਾ ਹੋਣਾ ਸੀ ਅਤੇ ਇਹ ਵਪਾਰ ਅੱਗੇ ਜਾ ਕੇ ਕਰੋੜਾਂ ਰੁਪਏ ਦਾ ਹੋ ਜਾਣਾ ਸੀ।
ਭਾਰਤ ਅਤੇ ਕੈਨੇਡਾ ਦੀ ਤਕਰਾਰ ਦਾ ਵਪਾਰੀ ਵਰਗ 'ਤੇ ਅਸਰ ਪੈ ਰਿਹਾ ਹੈ। ਦੋਵਾਂ ਦੇਸ਼ਾਂ ਦੇ ਰਿਸ਼ਤੇ ਚੰਗੇ ਰਹੇ ਹਨ ਤੇ ਆਸ ਹੈ ਕਿ ਇਹ ਤਕਰਾਰ ਜਲਦ ਖ਼ਤਮ ਹੋ ਜਾਵੇਗੀ। ਕੈਨੇਡਾ 'ਚ ਪੰਜਾਬੀ ਵੱਡੀ ਗਿਣਤੀ 'ਚ ਨੇ ਅਤੇ ਉਥੋਂ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਿਆਸੀ ਲਾਹਾ ਲੈਣ ਲਈ ਅਜਿਹਾ ਬਿਆਨ ਦਿੱਤਾ ਹੈ। ਜੇ ਤਕਰਾਰ ਹੋਰ ਵੱਧਦੀ ਹੈ ਤਾਂ ਇਸ ਦਾ ਯਕੀਨਨ ਮਾੜਾ ਅਸਰ ਵਪਾਰ 'ਤੇ ਪਵੇਗਾ। ਵਿਨੋਦ ਥਾਪਰ, ਪ੍ਰਧਾਨ,ਨਿਟਵੀਅਰ ਅਤੇ ਟੈਕਸਟਾਇਲ ਕਲੱਬ
ਸਰਦੀ ਦੀ ਮਾਰ: ਹੌਜ਼ਰੀ ਕਾਰੋਬਾਰੀਆਂ ਦਾ ਦੱਸਣਾ ਹੈ ਕਿ, ਜਿਸ ਸਾਲ ਨਵੰਬਰ ਦੇ ਵਿੱਚ ਦੀਵਾਲੀ ਆਉਂਦੀ ਹੈ ਉਹ ਸਾਲ ਉਹਨਾਂ ਲਈ ਚੰਗਾ ਹੁੰਦਾ ਹੈ ਪਰ ਪਿਛਲੇ ਕੁਝ ਸਾਲਾਂ ਤੋਂ ਪ੍ਰੋਡਕਸ਼ਨ ਕਾਫ਼ੀ ਘੱਟ ਹੋਈ ਹੈ। ਫੈਕਟਰੀਆਂ ਦੇ ਵਿੱਚ 60 ਫ਼ੀਸਦੀ ਤੱਕ ਦੀ ਹੀ ਨਿਰਮਾਣ ਰਹਿ ਗਿਆ ਹੈ। ਮਾਰਕੀਟ ਦੇ ਹਾਲਾਤ ਲਗਾਤਾਰ ਕਾਫ਼ੀ ਖਰਾਬ ਚੱਲ ਰਹੇ ਹਨ। ਪਹਿਲਾਂ ਕਾਬੁਲ ਦੇ ਵਿੱਚ ਖਰਾਬ ਹੋਏ ਹਾਲਾਤ, ਕੋਰੋਨਾ ਕਾਲ, ਫਿਰ ਰੂਸ ਤੇ ਯੂਕਰੇਨ ਅਤੇ ਹੁਣ ਭਾਰਤ ਤੇ ਕੈਨੇਡਾ ਦੇ ਰਿਸ਼ਤਿਆਂ ਦਾ ਅਸਰ ਕੰਮ 'ਤੇ ਪੈ ਰਿਹਾ ਹੈ। ਉਹਨਾਂ ਨੇ ਕਿਹਾ ਕਿ ਸਰਦੀਆਂ ਦਾ ਸੀਜ਼ਨ ਲਗਾਤਾਰ ਸੁੰਗੜ ਰਿਹਾ ਹੈ। ਸਾਡੇ ਕੋਲ ਆਰਡਰ ਆਣੇ ਕਾਫ਼ੀ ਘੱਟ ਗਏ ਹਨ।
ਸਿਆਸੀ ਲੜਾਈ: ਵਪਾਰੀਆਂ ਦਾ ਕਹਿਣਾ ਹੈ ਕਿ ਭਾਰਤ ਅਤੇ ਕੈਨੇਡਾ ਦੇ ਵਿਚਕਾਰ ਜੋ ਤਕਰਾਰ ਚਲ ਰਹੀ ਹੈ, ਉਹਨਾਂ ਨੂੰ ਉਮੀਦ ਹੈ ਕਿ ਜਲਦ ਹੀ ਖਤਮ ਹੋ ਜਾਵੇਗੀ ਕਿਉਂਕਿ ਇਹ ਬਹੁਤ ਘੱਟ ਸਮੇਂ ਲਈ ਹੋਵੇਗੀ। ਉਹਨਾਂ ਨੇ ਕਿਹਾ ਹੈ ਕਿ ਕੈਨੇਡਾ ਦੇ ਵਿਚ ਪੰਜਾਬੀ ਵੱਡੀ ਤੱਦਾਦ ਵਿਚ ਰਹਿੰਦੇ ਹਨ ਅਤੇ ਉਹਨਾਂ ਦੀਆਂ ਵੋਟਾਂ ਬਟੋਰਨ ਦੇ ਲਈ ਜਸਟਿਨ ਟਰੂਡੋ ਵਲੋਂ ਇਹ ਪੱਤਾ ਸੁੱਟਿਆ ਗਿਆ ਸੀ ਤਾਂ ਕਿ ਉਹਨਾਂ ਨੂੰ ਰਾਜਨੀਤਿਕ ਤੌਰ 'ਤੇ ਇਸ ਦਾ ਫਾਇਦਾ ਮਿਲ ਸਕੇ।
Mansa Jail News: ਮਾਨਸਾ ਜੇਲ੍ਹ ਦੇ 2 ਸਹਾਇਕ ਸੁਪਰਡੈਂਟਾਂ ਸਮੇਤ 4 ਵਾਰਡਰ ਕੀਤੇ ਸਸਪੈਂਡ, ਜਾਣ ਲਓ ਮਾਮਲਾ
ਦੋਵਾਂ ਮੁਲਕਾਂ ਨੂੰ ਇੱਕ ਦੂਜੇ ਦੀ ਲੋੜ: ਲੁਧਿਆਣਾ ਨਿਟਵੀਅਰ ਐਸੋਸੀਏਸ਼ਨ ਦੇ ਜਨਰਲ ਸੈਕਟਰੀ ਚਰਨਜੀਵ ਸਿੰਘ ਨੇ ਕਿਹਾ ਹੈ ਇਹ ਥੋੜੇ ਸਮੇਂ ਲਈ ਹੈ ਕਿਉਂਕਿ ਭਾਰਤ ਅਤੇ ਕੈਨੇਡਾ ਦੇ ਰਿਸ਼ਤੇ ਚੰਗੇ ਰਹੇ ਹਨ ਅਤੇ ਦੋਵਾਂ ਮੁਲਕਾਂ ਨੂੰ ਇੱਕ ਦੂਜੇ ਦੀ ਲੋੜ ਹੈ। ਉਹਨਾਂ ਕਿਹਾ ਕਿ ਕਾਰੋਬਾਰੀ ਹਮੇਸ਼ਾ ਹੀ ਸ਼ਾਂਤੀ ਪਸੰਦ ਕਰਦੇ ਹਨ, ਸ਼ਾਂਤੀ ਉਹਨਾਂ ਦੇ ਕਾਰੋਬਾਰ ਨੂੰ ਵਧਾਉਂਦੀ ਹੈ। ਪ੍ਰਧਾਨ ਥਾਪਰ ਨੇ ਕਿਹਾ ਕਿ ਕੱਪੜਾ ਕਾਰੋਬਾਰੀ 90 ਫ਼ੀਸਦੀ ਐਮ.ਐਸ.ਐਮ.ਈ ਨਾਲ ਸਬੰਧਿਤ ਹਨ, ਜਦਕਿ 10 ਫ਼ੀਸਦੀ ਹੀ ਵੱਡੇ ਗਰੁੱਪ ਹਨ। ਉਨ੍ਹਾਂ ਨੇ ਕਿਹਾ ਕਿ ਇਸ ਸਾਲ ਚੋਣਾਂ ਦਾ ਸਾਲ ਹੋਣ ਕਰਕੇ ਵੀ ਉਨ੍ਹਾਂ ਦੇ ਕੰਮ ਕਾਰ 'ਤੇ ਇਸ ਦਾ ਅਸਰ ਪਵੇਗਾ।