ਲੁਧਿਆਣਾ : ਆਪਣੀਆਂ ਤਰ੍ਹਾਂ ਤਰ੍ਹਾਂ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਪਾਉਣ ਵਾਲੀ ਜਸਨੀਤ ਕੌਰ ਨੂੰ ਲੁਧਿਆਣਾ ਜ਼ਿਲ੍ਹਾ ਅਦਾਲਤ ਵੱਲੋਂ 5 ਦਿਨ ਦੇ ਹੋਰ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਹੈ। ਉਸਨੂੰ ਬੀਤੇ ਦਿਨੀ ਥਾਣਾ ਮਾਡਲ ਟਾਊਨ ਪੁਲਿਸ ਵੱਲੋਂ ਇਕ ਕਾਰੋਬਾਰੀ ਨੂੰ ਬਲੈਕਮੇਲ ਕਰਨ ਦੇ ਇਲਜ਼ਾਮਾਂ ਹੇਠ ਗ੍ਰਿਫਤਾਰ ਕੀਤਾ ਗਿਆ ਸੀ। ਜਸਨੀਤ ਦੇ ਉੱਤੇ ਗੰਭੀਰ ਇਲਜ਼ਾਮ ਲੱਗੇ ਹਨ। ਦੂਜੇ ਪਾਸੇ ਉਸ ਦਾ ਪੁਲਿਸ ਨੇ ਪਹਿਲਾਂ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ ਸੀ। ਬਾਅਦ ਵਿਚ ਮੁੜ ਅਦਾਲਤ ਵਿੱਚ ਜਸਨੀਤ ਨੂੰ ਪੇਸ਼ ਕੀਤਾ ਗਿਆ ਹੈ। ਇਸ ਤੋਂ ਬਾਅਦ ਪੁਲਿਸ ਨੇ ਅਦਾਲਤ ਤੋਂ ਪੰਜ ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕਰ ਲਿਆ ਸੀ। ਜਾਣਕਾਰੀ ਮੁਤਾਬਿਕ ਜਸਨੀਤ ਦੇ ਲਿੰਕ ਸਾਬਕਾ ਕਾਂਗਰਸੀ ਆਗੂ ਲੱਕੀ ਸੰਧੂ ਦੀ ਤਲਾਸ਼ ਲਈ ਪੁਲਿਸ ਵੱਲੋਂ ਲਗਾਤਾਰ ਕੀਤੀ ਜਾ ਰਹੀ ਹੈ ਅਤੇ ਉਹ ਫਿਲਹਾਲ ਫਰਾਰ ਚੱਲ ਰਿਹਾ ਹੈ। ਪੁਲਿਸ ਨੂੰ ਇਸ ਮਾਮਲੇ ਵਿਚ ਕਈ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।
ਸੋਸ਼ਲ ਮੀਡੀਆ ਉੱਤੇ ਪੇਜ ਕੀਤਾ ਬੰਦ : ਜਸਨੀਤ ਕੌਰ ਉੱਤੇ ਮਾਮਲਾ ਦਰਜ ਕਰਨ ਤੋਂ ਬਾਅਦ ਉਸ ਦੇ ਸੋਸ਼ਲ ਮੀਡੀਆ ਪੇਜ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ, ਹਾਲਾਂਕਿ ਇਸ ਸਬੰਧੀ ਲੁਧਿਆਣਾ ਦੇ ਡੀਸੀਪੀ ਇਨਵੈਸਟੀਗੇਸ਼ਨ ਹਰਦੀਪ ਸਿੰਘ ਹੁੰਦਲ ਨੇ ਕਿਹਾ ਕਿ ਇਸ ਸਬੰਧੀ ਉਨ੍ਹਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਉਸਨੂੰ ਪੰਜ ਦਿਨ ਦੇ ਰਿਮਾਂਡ ਉੱਤੇ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਮਾਮਲੇ ਦੀ ਡੂੰਘਾਈ ਦੇ ਨਾਲ ਜਾਂਚ ਕਰ ਰਹੇ ਹਨ। ਜਸਨੀਤ ਦੇ ਹੋਰ ਲਿੰਕ ਵੀ ਪੁਲਿਸ ਵਲੋਂ ਘੋਖੇ ਜਾ ਰਹੇ ਹਨ।
ਜਾਲ ਵਿੱਚ ਫਸਾ ਕੇ ਕਰਦੀ ਸੀ ਬਲੈਕਮੇਲ : ਇਹ ਵੀ ਯਾਦ ਰਹੇ ਕਿ ਜਸਨੀਤ ਉੱਤੇ ਕਾਰੋਬਾਰੀਆਂ ਨੂੰ ਆਪਣੇ ਜਾਲ ਵਿਚ ਫਸਾ ਕੇ ਬਲੈਕਮੇਲ ਕਰਨ ਦੇ ਇਲਜ਼ਾਮ ਲੱਗੇ ਹਨ ਅਤੇ ਪੁਲਿਸ ਵਲੋਂ ਇਸ ਮਾਮਲੇ ਦੀ ਗੰਭੀਰਤਾ ਨਾਲ ਤਫਤੀਸ਼ ਕੀਤੀ ਜਾ ਰਹੀ ਹੈ। ਕਾਰੋਬਾਰੀ ਗੁਰਬੀਰ ਸਿੰਘ ਵੱਲੋਂ ਵੀ ਇਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ ਸੀ। ਜਿਸ ਤੋਂ ਬਾਅਦ ਇਹ ਖੁਲਾਸਾ ਹੋਇਆ ਸੀ ਕਿ ਜਸਨੀਤ ਕਾਰੋਬਾਰੀ ਨੂੰ ਗੈਂਗਸਟਰਾਂ ਕੋਲੋਂ ਧਮਕੀਆਂ ਵੀ ਦਵਾ ਰਹੀ ਸੀ ਉਸ ਦੇ ਵਿਦੇਸ਼ੀ ਲਿੰਕ ਵੀ ਸਾਹਮਣੇ ਆਏ ਸਨ। ਉਸ ਦੇ ਖਾਤਿਆਂ ਦੀ ਵੀ ਪੁਲਿਸ ਵੱਲੋਂ ਹੁਣ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।