ਲੁਧਿਆਣਾ: ਪਿਛਲੇ ਲੰਮੇ ਸਮੇਂ ਤੋਂ ਪੂਰਾ ਵਿਸ਼ਵ ਹੀ ਕਰੋਨਾ ਮਹਾਂਮਾਰੀ ਨਾਲ ਜੂਝ ਰਿਹਾ ਹੈ। ਇਸਦੇ ਨਾਲ ਹੀ ਇਸ ਮਹਾਂਮਾਰੀ ਤੇੋਂ ਬਚਨ ਲਈ ਸਿਹਤ ਅਤੇ ਸਮਾਜਕ ਪੱਧਰ ਤੇ ਯਤਨ ਵੀ ਹੋ ਰਹੇ ਹਨ। ਲੁਧਿਆਣਾ ਦੇ ਵਿੱਚ ਕੋਰੋਨਾ ਵਾਇਰਸ (Corona virus) ਦੇ ਮਾਮਲੇ ਮੁੜ ਤੋਂ ਵਧਣ ਲੱਗੇ ਹਨ। ਬੀਤੇ ਦਿਨ ਕੋਰੋਨਾ ਵਾਇਰਸ ਦੇ 6 ਨਵੇਂ ਮਾਮਲੇ ਸਾਹਮਣੇ ਆਏ ਜਿਨ੍ਹਾਂ ਵਿਚੋਂ 4 ਲੁਧਿਆਣਾ ਜ਼ਿਲ੍ਹਾ ਨਾਲ ਸਬੰਧਿਤ ਹਨ, ਜਦੋਂਕਿ 2 ਹੋਰ ਜ਼ਿਲ੍ਹਿਆਂ ਨਾਲ ਸਬੰਧਤ ਦੱਸੇ ਜਾ ਰਹੇ ਹਨ।
ਇੰਨਾ ਹੀ ਨਹੀਂ ਬੀਤੇ ਦਿਨ ਕੋਰੋਨਾ ਨਾਲ 2 ਮਰੀਜ਼ਾਂ ਦੀ ਮੌਤ ਵੀ ਹੋ ਗਈ ਹੈ, ਜਿਨ੍ਹਾਂ ਵਿੱਚੋਂ ਇੱਕ ਲੁਧਿਆਣਾ ਅਤੇ ਇਕ ਬਾਹਰਲੇ ਜ਼ਿਲ੍ਹੇ ਤੋਂ ਸਬੰਧਤ ਦੱਸਿਆ ਜਾ ਰਿਹਾ ਹੈ। ਕਰੋਨਾ ਦੇ ਵਧਦੇ ਕੇਸਾਂ ਦੇ ਮੱਦੇਨਜ਼ਰ ਲੁਧਿਆਣਾ ਸਿਹਤ ਮਹਿਕਮੇ ਵੱਲੋਂ 4 ਮਾਈਕਰੋ ਕੰਟੋਨਮੈਂਟ ਜ਼ੋਨ ਬਨਾ ਦਿੱਤੇ ਗਏ ਹਨ। ਜਿਨ੍ਹਾਂ ਵਿਚੋਂ ਬੀਆਰਐਸ ਨਗਰ ਬੀ ਬਲਾਕ, ਦੁੱਗਰੀ ਅਰਬਨ ਅਸਟੇਟ, ਜਨਪਥ ਫਾਰਮ, ਚੰਦਰਨਗਰ ਇਹਦੇ ਵਿੱਚ ਮਾਈਕਰੋ ਕੰਟੋਨਮੈਂਟ ਜ਼ੋਨ ਬਣਾਏ ਗਏ।
ਦੱਸ ਦੇਈਏ ਕਿ ਸਿਹਤ ਵਿਭਾਗ ਵੱਲੋਂ ਲਗਾਤਾਰ ਲੋਕਾਂ ਨੂੰ ਇਸ ਮਹਾਂਮਾਰੀ ਪ੍ਰਤੀ ਸੁਚੇਤ ਕੀਤਾ ਜਾ ਰਿਹਾ ਹੈ। ਸਿਹਤ ਵਿਭਾਗ ਦਾ ਕਹਿਣਾ ਹੈ ਕਿ ਜੇਕਰ ਇਸ ਦੌਰਾਨ ਲੋਕਾਂ ਦੁਆਰਾ ਕੋਰੋਨਾ ਨਿਯਮਾਂ ਦੀ ਪਾਲਨਾ ਨਹੀਂ ਕੀਤੀ ਜਾਂਦੀ ਤਾਂ ਕਰੋਨਾ ਦੇ ਮਾਮਲੇ ਵਧਨ ਦੀ ਪੂਰੀ ਸੰਭਾਵਨਾਂ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਲੁਧਿਆਣਾ ਦੇ ਕੋਰੋਨਾ ਮਹਾਂਮਾਰੀ ਇੰਚਾਰਜ ਡਾ. ਸਾਹਿਲ ਵਰਮਾ ਨੇ ਦੱਸਿਆ ਕਿ ਦੋ ਤੋਂ ਤਿੰਨ ਕੇਸ ਰੈਗੂਲਰ ਆਉਣ ਲੱਗ ਗਏ ਨੇ ਅਤੇ ਬੀਤੇ ਹਫ਼ਤੇ ਤੋਂ ਇਹ ਕੇਸ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਹੁਣ ਲੱਗ ਰਿਹਾ ਹੈ ਕਿ ਕੋਰੋਨਾ ਮਹਾਮਾਰੀ ਖ਼ਤਮ ਹੋ ਚੁੱਕੀ ਹੈ ਪਰ ਅਜਿਹਾ ਕੁਝ ਵੀ ਨਹੀਂ, ਉਨ੍ਹਾਂ ਕਿਹਾ ਕਿ ਲੋਕਾਂ ਨੂੰ ਵੱਧ ਤੋਂ ਵੱਧ ਇਹਤਿਆਤ ਰੱਖਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਜੇਕਰ ਲੋਕਾਂ ਨੇ ਕਵਿਡ ਨਿਯਮਾਂ ਦੀ ਪਾਲਣਾ ਨਾ ਕੀਤੀ ਤਾਂ ਆਉਂਦੇ ਦਿਨਾਂ ਚ ਕੇਸ ਹੋਰ ਵੱਧ ਜਾਣਗੇ। ਉਨ੍ਹਾਂ ਇਹ ਵੀ ਕਿਹਾ ਕਿ ਚਾਰ ਨਵੇਂ ਮਾਈਕਰੋ ਕੰਟੋਨਮੈਂਟ ਜ਼ੋਨ ਬਣਾਏ ਗਏ ਹਨ, ਤਾਂ ਜੋ ਇਸ ਕਰੋਨਾ ਦੇ ਵਧ ਰਹੇ ਕੇਸਾਂ ਦੀ ਸਮੱਸਿਆ ਨਾਲ ਨਜਿੱਠਿਆ ਜਾ ਸਕੇ।
ਜਿਕਰਯੋਗ ਹੈ ਕਿ ਪੰਜਾਬ ਵਿੱਚ ਤਿਓਹਾਰਾਂ ਦਾ ਸੀਜਣ ਹੋਣ ਕਰਕੇ ਬਾਜ਼ਾਰਾਂ ਵਿੱਚ ਭੀੜ ਲੱਗੀ ਹੋਈ ਹੈ। ਲੋਕ ਕਰੋਨਾ ਨੂੰ ਭੁੱਲ ਭਲਾ ਹੀ ਗਏ ਹਨ। ਲੋਕ ਕਰੋਨਾ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦਾ ਕੋਈ ਇਹਤਿਆਤ ਨਹੀਂ ਵਰਤ ਰਹੇ ਅਤੇ ਨਾ ਹੀ ਸੋਸ਼ਲ ਡਿਸਟੈਂਸ ਵੀ ਨਹੀਂ ਰੱਖ ਰਹੇ ਹਨ। ਇੱਥੋਂ ਤੱਕ ਕਿ ਪੁਲਿਸ ਮੁਲਾਜ਼ਮ, ਸਿਆਸਤਦਾਨ ਵੀ ਮਾਸਕ ਲਾਉਣਾ ਛੱਡ ਰਹੇ ਹਨ। ਜਿਸ ਕਰਕੇ ਸਿਹਤ ਮਹਿਕਮੇ ਨੂੰ ਕਰੋਨਾ ਦੇ ਕੇਸ ਹੋਰ ਵਧਣ ਦਾ ਖਦਸ਼ਾ ਹੈ।
ਇਹ ਵੀ ਪੜ੍ਹੋ: ਜੇ ਕਰੋਨਾ ਟੀਕੇ ਦੀ ਦੂਜੀ ਡੋਜ ਨਿਰਧਾਰਤ ਸਮੇਂ ਤੇ ਨਾ ਲਈ ਤਾਂ ਕੀ ਪਹਿਲੀ ਡੋਜ ਹੋ ਜਾਵੇਗੀ ਬੇਅਸਰ, ਜਾਣੋ ਕੀ ਕਹਿੰਦੇ ਹਨ ਡਾਕਟਰ