ਲੁਧਿਆਣਾ: ਕੂੰਮਕਲਾਂ ਨੇੜੇ ਜਬਰ ਜਨਾਹ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਨੂੰ ਪੁਲਿਸ ਵਲੋਂ ਸੁਲਝਾ ਲਿਆ ਗਿਆ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਹੁਣ ਤੱਕ 4 ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ। ਲੁਧਿਆਣਾ ਦੇ ਏਡੀਸੀਪੀ ਰਜਿੰਦਰ ਸਿੰਘ ਖਹਿਰਾ ਨੇ ਦੱਸਿਆ ਕਿ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
ਲੁਧਿਆਣਾ ਦੇ ਏਡੀਸੀਪੀ ਰਜਿੰਦਰ ਸਿੰਘ ਖਹਿਰਾ ਨੇ ਮਾਮਲੇ ਦੀ ਜਾਣਕਾਰੀ ਦਿੰਦਿਆ ਦੱਸਿਆ ਕਿ ਜਬਰ ਜਨਾਹ ਮਾਮਲੇ ਵਿੱਚ ਇੱਕ ਮੁਲਜ਼ਮ ਨੂੰ ਕੁਹਾੜੇ ਨੇੜੇ ਇੱਕ ਢਾਬੇ ਤੋਂ ਗ੍ਰਿਫ਼ਤਾਰ ਕੀਤਾ ਗਿਆ, ਜਦਕਿ ਤਿੰਨ ਨੂੰ ਲੁਧਿਆਣਾ ਤੋਂ ਹੀ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਨੇ ਇੱਕ ਹੋਰ ਮਹਿਲਾ ਨਾਲ ਮਿਲ ਕੇ ਪੀੜਤ ਲੜਕੀ ਨੂੰ ਕਮਰਾ ਕਿਰਾਏ ਉੱਤੇ ਦੇਣ ਦੇ ਬਹਾਨੇ ਬੁਲਾਇਆ ਤੇ ਉਸ ਨਾਲ ਜਬਰ ਜਨਾਹ ਵਰਗੀ ਵਾਰਦਾਤ ਨੂੰ ਅੰਜਾਮ ਦਿੱਤਾ।
ਰਾਜਿੰਦਰ ਸਿੰਘ ਖਹਿਰਾ ਨੇ ਦੱਸਿਆ ਕਿ ਮਹਿਲਾ ਨੇ ਫੋਨ ਕਰਕੇ ਹੀ ਪੀੜਤ ਮਹਿਲਾ ਨੂੰ ਸੱਦਿਆ ਸੀ ਜਿਸ ਤੋਂ ਬਾਅਦ ਆਟੋ ਚਾਲਕ ਉਸ ਨੂੰ ਕਮਰਾ ਦਿਵਾਉਣ ਦਾ ਝਾਂਸਾ ਦੇ ਕੇ ਕਈ ਥਾਂ 'ਤੇ ਘੁੰਮਾਉਂਦਾ ਰਿਹਾ ਅਤੇ ਆਪਣੇ 2-3 ਹੋਰ ਸਾਥੀਆਂ ਨਾਲ ਮਿਲ ਕੇ ਉਸ ਨੇ ਇੱਕ ਸੁੰਨਸਾਨ ਥਾਂ 'ਤੇ ਲਿਜਾ ਕੇ ਮਹਿਲਾ ਨਾਲ ਜਬਰ ਜਨਾਹ ਕੀਤਾ।
ਜ਼ਿਕਰ ਕਰ ਦਈਏ ਕਿ ਬੀਤੀ 11 ਫ਼ਰਵਰੀ ਨੂੰ ਉਕਤ ਪੀੜਤ ਮਹਿਲਾ ਦਾ ਆਟੋ ਵਿੱਚ ਗੈਂਗਰੇਪ ਕੀਤਾ ਗਿਆ ਸੀ ਜਿਸ ਤੋਂ ਬਾਅਦ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਉਸ ਰਾਹ ਵਿਚਕਾਰ ਮਰਨ ਲਈ ਛੱਡ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ:ਖਹਿਰਾ ਸਣੇ ਚਾਰਾਂ ਵਿਧਾਇਕਾਂ ਦੀ ਵਿਧਾਇਕੀ ਰੱਦ ਕਰਨ ਤੋਂ ਹਾਈ ਕੋਰਟ ਨੇ ਕੀਤਾ ਇਨਕਾਰ