ਲੁਧਿਆਣਾ: ਸ਼ਹਿਰ ਵਿੱਚ ਸਾਰਸ ਮੇਲੇ ਦੀ ਅੱਜ ਤੋਂ ਸ਼ੁਰੂਆਤ ਹੋ ਚੁੱਕੀ ਹੈ। 27 ਅਕਤੂਬਰ ਤੋਂ ਲੈ ਕੇ 5 ਨਵੰਬਰ ਤੱਕ ਚੱਲਣ ਵਾਲੇ ਇਸ ਮੇਲੇ ਵਿੱਚ ਸੈਂਕੜੇ ਪ੍ਰਦਰਸ਼ਨੀਆਂ ਲੱਗੀਆਂ ਹਨ। ਇਸ ਮੇਲੇ ਦੇ ਵਿੱਚ ਖਾਸ ਕਰਕੇ ਹੱਥ ਕਲਾਵਾਂ ਖਿੱਚ ਦਾ ਕੇਂਦਰ ਬਣੀਆਂ ਹੋਈਆਂ ਹਨ। ਲੁਧਿਆਣਾ ਦੇ ਬਲਾਕ ਡੇਲੋ ਦੀ ਰਹਿਣ ਵਾਲੀ ਜਸਵਿੰਦਰ ਕੌਰ ਅਤੇ ਉਸ ਦੀ ਭੂਆ ਸੁਰਿੰਦਰ ਕੌਰ ਵੱਲੋਂ ਹੱਥਾਂ ਦੇ ਨਾਲ ਸਵੈਟਰ ਬੁਣ ਕੇ ਪ੍ਰਦਰਸ਼ਨੀ ਲਗਾਈ ਗਈ ਹੈ ਅਤੇ ਨਾਲ ਹੀ ਇਹ ਸਵੈਟਰ ਵੇਚੇ ਵੀ ਜਾ ਰਹੇ ਹਨ।
ਭੂਆ-ਭਤੀਜੀ ਦੇ ਸਵੈਟਰ ਬਣੇ ਖਿੱਚ ਦਾ ਕੇਂਦਰ: ਸੁਰਿੰਦਰ ਕੌਰ ਨੇ ਦੱਸਿਆ ਕਿ ਮੇਰੀ ਭੂਆ ਦੀ ਉਮਰ 70 ਸਾਲ ਦੀ ਹੈ ਅਤੇ ਉਹ 35 ਸਾਲ ਤੋਂ ਹੱਥੀਂ ਸਵੈਟਰ ਬੁਣਨ ਦਾ ਕੰਮ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਨਾ ਸਾਡੀ ਪੁਰਾਤਨ ਸੱਭਿਆਚਾਰ ਅਤੇ ਵਿਰਸਾ ਜਿਉਂਦਾ ਰਹਿੰਦਾ ਹੈ, ਸਗੋਂ ਇਸ ਨਾਲ ਉਨ੍ਹਾਂ ਨੂੰ ਕਮਾਈ ਵੀ ਹੋ ਜਾਂਦੀ ਹੈ। ਕਿਸੇ ਦੇ ਹੱਥਾਂ ਵੱਲ ਵੇਖਣਾ ਨਹੀਂ (Handlooms Stalls) ਪੈਂਦਾ। ਬਜ਼ੁਰਗ ਮਾਤਾ ਨੇ ਦੱਸਿਆ ਕਿ ਇੱਕ ਸਵੈਟਰ ਬਣਾਉਣ ਲਈ ਲਗਭਗ ਸੱਤ ਦਿਨ ਦਾ ਸਮਾਂ ਲੱਗਦਾ ਹੈ ਅਤੇ ਉਹ ਆਪਣੇ ਅੰਦਾਜੇ ਦੇ ਨਾਲ ਇਨ੍ਹਾਂ ਸਵੈਟਰਾਂ ਦੇ ਸਾਈਜ਼ ਬਣਾਉਂਦੀਆਂ ਹਨ। ਉਨ੍ਹਾਂ ਦੱਸਿਆ ਕਿ ਉਸ ਦੀ ਭਤੀਜੀ ਜਸਵਿੰਦਰ ਕੌਰ ਵੀ ਇਹੀ ਕੰਮ ਕਰਦੀ ਹੈ।
ਸਵੈਟਰ ਤੋਂ ਇਲਾਵਾ ਉਹ ਪਜਾਮੀਆਂ, ਜੈਕਟ, ਟੋਪੀਆਂ, ਜੁਰਾਬਾ ਆਦ ਵੀ ਬਣਾਉਂਦੀਆਂ ਹਨ। ਉਹਨਾਂ ਨੇ ਕਿਹਾ ਕਿ ਇਹ ਕਾਫੀ ਗਰਮ ਹੁੰਦੀ ਆ ਹਨ ਅਤੇ ਇਨ੍ਹਾਂ ਨੂੰ ਮੁੜ ਤੋਂ ਉਧੇੜ ਕੇ ਫਿਰ ਵਰਤਿਆ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਕਲਾ ਉਹ ਬਾਕੀਆਂ ਨੂੰ ਵੀ ਸਿਖਾਉਂਦੇ ਹਨ। ਉਨ੍ਹਾਂ ਵੱਲੋਂ ਇੱਕ ਗਰੁੱਪ ਵੀ ਬਣਾਇਆ ਗਿਆ ਹੈ ਜਿਸ ਵਿੱਚ ਦਰਜਨਾਂ ਮਹਿਲਾਵਾਂ ਇਸ ਦੀ ਸਿਖਲਾਈ ਲੈਂਦੀਆਂ ਹਨ ਅਤੇ ਆਤਮ ਨਿਰਭਰ ਹੁੰਦੀਆਂ ਹਨ।
ਹੱਥੀ ਬੁਣੇ ਸਵੈਟਰਾਂ ਦਾ ਫਾਇਦਾ: ਸੁਰਿੰਦਰ ਕੌਰ ਨੇ ਕਿਹਾ ਕਿ ਹਾਲਾਂਕਿ ਅੱਜ ਕੱਲ ਦੀ ਪੀੜੀ ਨੂੰ ਇਸ ਦਾ ਗਿਆਨ ਨਹੀਂ ਹੈ, ਪਰ ਹੱਥ ਨਾਲ ਬਣਾਏ ਗਏ ਸਵੈਟਰ ਮਸ਼ੀਨਾਂ ਦੇ ਬਣੇ ਸਵੈਟਰਾਂ ਤੋਂ ਕਿਤੇ ਜ਼ਿਆਦਾ ਗਰਮ ਹੁੰਦੇ ਹਨ ਅਤੇ ਉਨ੍ਹਾਂ ਦੀ ਲਾਈਫ ਵੀ ਜ਼ਿਆਦਾ ਹੁੰਦੀ। ਉਹਨਾਂ ਦੇ ਨਾਲ ਬਣੇ ਇਸ ਸਮਾਨ ਨੂੰ ਇੱਕ ਵਾਰੀ ਵਰਤਣ ਤੋਂ ਬਾਅਦ ਮੁੜ ਤੋਂ ਉਧੇੜਿਆ ਵੀ ਜਾ ਸਕਦਾ ਹੈ ਅਤੇ ਉਸ ਉਨ ਨੂੰ ਗਰਮ ਪਾਣੀ ਦੇ ਵਿੱਚ ਭਿਜੋਣ ਤੋਂ ਬਾਅਦ ਉਹ ਨਰਮ ਹੋ ਜਾਂਦੀ ਹੈ। ਉਸ ਤੋਂ ਬਾਅਦ ਉਸ ਦਾ ਕੁਝ ਹੋਰ ਵੀ ਬਣਾਇਆ ਜਾ ਸਕਦਾ ਹੈ।
ਚੰਗੀ ਕਮਾਈ ਦਾ ਸਾਧਨ: ਉਨ੍ਹਾਂ ਨੇ ਕਿਹਾ ਕਿ ਕਿਸੇ ਤੋਂ ਪੈਸੇ ਮੰਗਣ ਨਾਲੋਂ ਜਿਆਦਾ ਚੰਗਾ ਹੈ ਕਿ ਅਸੀਂ ਆਪਣੀ ਕਿਰਤ ਆਪ ਕਰਕੇ ਕਮਾਈਏ ਅਤੇ ਆਪਣਾ ਖਰਚਾ ਆਪ ਚਲਾਈਏ, ਕਿਉਂਕਿ ਅੱਜ ਕੱਲ ਕੋਈ ਕਿਸੇ ਨੂੰ ਪੈਸੇ ਨਹੀਂ ਦਿੰਦਾ। ਬਜ਼ੁਰਗ ਮਾਤਾ ਨੇ ਕਿਹਾ ਕਿ ਉਹ ਆਤਮ ਨਿਰਭਰ ਹੈ ਅਤੇ ਅੱਜ ਤੱਕ ਉਨ੍ਹਾਂ ਨੇ ਕਿਸੇ ਵੱਲ ਹੱਥ ਨਹੀਂ ਫੈਲਾਏ। ਜਸਵਿੰਦਰ ਕੌਰ ਨੇ ਕਿਹਾ ਕਿ ਉਨ੍ਹਾਂ ਦੇ ਘਰ ਕਮਾਉਣ ਵਾਲਾ ਕੋਈ ਨਹੀਂ ਹੈ। ਉਨ੍ਹਾਂ ਨੇ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਇਸ ਕਮਾਈ ਨਾਲ ਹੀ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਉਸ ਦੇ ਪਤੀ ਬਿਮਾਰ ਹਨ, ਉਹ ਇਸੇ ਕੰਮ ਦੇ ਨਾਲ ਘਰ ਦਾ ਗੁਜ਼ਾਰਾ ਚਲਾਉਂਦੀ ਹੈ ਅਤੇ ਪਰਿਵਾਰ ਨੂੰ ਪਾਲਦੀ ਹੈ।