ਲੁਧਿਆਣਾ: ਨਗਰ ਸੁਧਾਰ ਟਰੱਸਟ ਬਹੁ-ਕਰੋੜੀ ਘੁਟਾਲਾ ਮਾਮਲੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਥਾਨਕ ਨਿੱਜੀ ਹੋਟਲ ਵਿਚ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਮੌਕੇ ਸੀਨੀਅਰ ਅਕਾਲੀ ਆਗੂ ਹਰੀਸ਼ ਢਾਂਡਾ, ਕਮਲ ਚੇਤਲੀ ਆਦਿ ਨੇ ਟਰੱਸਟ ਦੇ ਚੇਅਰਮੈਨ ਅਤੇ ਸਥਾਨਕ ਮੰਤਰੀ ਖਿਲਾਫ਼ ਵੱਡੇ ਇਲਜ਼ਾਮ ਲਗਾਏ ਹਨ।
ਟਰੱਸਟ ਦੀਆਂ ਜ਼ਮੀਨਾਂ ਸਸਤੇ ਭਾਅ ‘ਤੇ ਵੇਚਣ ਦੇ ਇਲਜ਼ਾਮ
ਆਗੂਆਂ ਨੇ ਇਲਜ਼ਾਮ ਲਾਇਆ ਹੈ ਕਿ ਜ਼ਮੀਨ ਨੂੰ ਸਸਤੇ ਭਾਅ ‘ਤੇ ਵੇਚਿਆ ਗਿਆ ਹੈ ਜਦਕਿ ਇਸ ਦੀ ਕੀਮਤ ਕਈ ਸੌ ਕਰੋੜ ਬਣਦੀ ਹੈ। ਉਨ੍ਹਾਂ ਕਿਹਾ ਕਿ ਇਸ ਜ਼ਮੀਨ ਦੇ ਛੋਟੇ ਪਲਾਟ ਕੱਟ ਕੇ ਵੀ ਵੇਚ ਕੇ ਵਧੀਆ ਮਾਲੀਆ ਇਕੱਠਾ ਕੀਤਾ ਜਾ ਸਕਦਾ ਸੀ।
ਭਾਰਤ ਭੂਸ਼ਣ ਆਸੂ ‘ਤੇ ਖੜ੍ਹੇ ਕੀਤੇ ਸਵਾਲ
ਅਕਾਲੀ ਦਲ ਦੇ ਆਗੂ ਅਤੇ ਵਕੀਲ ਹਰੀਸ਼ ਰਾਏ ਢਾਂਡਾ ਨੇ ਨਗਰ ਸੁਧਾਰ ਟਰੱਸਟ ਸਬੰਧੀ ਖੁਲਾਸਾ ਕੀਤਾ ਕਿ ਉਹ ਇਸ ਸਬੰਧ ਵਿੱਚ ਮੁੱਖ ਮੰਤਰੀ, ਸਥਾਨਕ ਸਰਕਾਰਾਂ ਬਾਰੇ ਮੰਤਰੀ, ਮੁੱਖ ਸਕੱਤਰ ਸਣੇ ਕਈ ਹੋਰ ਵੱਡੇ ਆਗੂਆਂ ਨੂੰ ਚਿੱਠੀਆਂ ਭੇਜ ਚੁੱਕੇ ਹਨ।
ਮੰਤਰੀ ਤੇ ਹੋਰਾਂ ਖਿਲਾਫ਼ ਕਾਰਵਾਈ ਦੀ ਮੰਗ
ਉਨ੍ਹਾਂ ਨੇ ਦਾਅਵਾ ਕੀਤਾ ਕਿ ਜੇਕਰ ਦਸ ਦਿਨਾਂ ਵਿੱਚ ਮਾਮਲੇ ਵਿੱਚ ਕੋਈ ਕਾਰਵਾਈ ਨਾ ਹੋਈ ਤਾਂ ਅਗਲੀ ਰਣਨੀਤੀ ਤਹਿਤ ਉਹ ਸੁਪਰੀਮ ਕੋਰਟ ਵੀ ਜਾ ਸਕਦੇ ਹਨ। ਉਨ੍ਹਾਂ ਸਿੱਧੇ ਤੌਰ ‘ਤੇ ਇਸ ਵਿੱਚ ਲੁਧਿਆਣਾ ਤੋਂ ਕਾਂਗਰਸ ਦੇ ਵਿਧਾਇਕਾਂ ਅਤੇ ਮੰਤਰੀਆਂ ‘ਤੇ ਸਵਾਲ ਖੜ੍ਹੇ ਕੀਤੇ ਹਨ।
ਕੀ ਹੈ ਮਾਮਲੇ ?
ਦਰਅਸਲ ਪੂਰਾ ਮਾਮਲਾ ਨਗਰ ਸੁਧਾਰ ਟਰੱਸਟ ਦੇ ਅਧੀਨ ਆਉਂਦੀਆਂ ਕੁਝ ਜਾਇਦਾਦਾਂ ਦਾ ਹੈ ਜਿਸਨੂੰ ਲੈ ਕੇ ਵਿਰੋਧੀ ਪਾਰਟੀਆਂ ਨੇ ਸਵਾਲ ਖੜ੍ਹੇ ਕੀਤੇ। ਉਨ੍ਹਾਂ ਇਲਜ਼ਾਮ ਲਗਾਇਆ ਹੈ ਕਿ ਇਨ੍ਹਾਂ ਜਾਇਦਾਦਾਂ ਨੂੰ ਮਾਰਕੀਟ ਤੋਂ ਕਿਤੇ ਸਸਤੀਆਂ ਕੀਮਤਾਂ ‘ਤੇ ਨਿਯਮਾਂ ਨੂੰ ਛਿੱਕੇ ਟੰਗ ਕੇ ਵੇਚਿਆ ਗਿਆ। ਉਨ੍ਹਾਂ ਕਿਹਾ ਕਿ ਇੱਥੋਂ ਤੱਕ ਕੇ ਜਿੰਨ੍ਹਾਂ ਨੂੰ ਵੇਚਿਆ ਗਿਆ ਹੈ ਉਹ ਵੀ ਇਸ ਵਿੱਚ ਬਰਾਬਰ ਦੇ ਗੁਨਾਹਗਾਰ ਅਤੇ ਹਿੱਸੇਦਾਰ ਹਨ। ਆਗੂਆਂ ਨੇ ਕਿਹਾ ਕਿ ਇਸਦਾ ਸਿੱਧਾ-ਸਿੱਧਾ ਨੁਕਸਾਨ ਸਰਕਾਰ ਦੇ ਖਜ਼ਾਨੇ ਨੂੰ ਹੋਇਆ ਹੈ ਕਿਉਂਕਿ ਜਿੰਨ੍ਹਾਂ ਜਾਇਦਾਦਾਂ ਦੀਆਂ ਕੀਮਤਾਂ ਕਰੋੜਾਂ ਰੁਪਏ ਸਨ ਉਨ੍ਹਾਂ ਨੂੰ ਘੱਟ ਕੀਮਤਾਂ ‘ਤੇ ਵੇਚਿਆ ਗਿਆ ਅਤੇ ਆਪਣਿਆਂ ਨੂੰ ਫਾਇਦਾ ਵੀ ਪਹੁੰਚਾਇਆ ਗਿਆ।
ਇਹ ਵੀ ਪੜ੍ਹੋ: ਠੇਕਾ ਮੁਲਾਜ਼ਮਾਂ ਨੂੰ ਇਸ ਦਿਨ ਸੀਐੱਮ ਨਾਲ ਮੁਲਾਕਾਤ ਦਾ ਮਿਲਿਆ ਭਰੋਸਾ