ਲੁਧਿਆਣਾ: ਬਰਸਾਤ ਦੇ ਮੌਸਮ ਦੇ ਚੱਲਦਿਆਂ ਡੇਂਗੂ ਵਰਗੀਆਂ ਬੀਮਾਰੀਆਂ ਫੈਲਣ ਦਾ ਡਰ ਵੱਧ ਚੁੱਕਾ ਹੈ ਜਿਸ ਨਾਲ ਨਜਿੱਠਣ ਲਈ ਸ਼ਹਿਰ ਦੇ ਸਿਵਲ ਹਸਪਤਾਲ ਨੇ ਪੂਰੀ ਤਿਆਰੀ ਕਰ ਲਈ ਹੈ। ਬੀਤੇ ਸਾਲ ਲੁਧਿਆਣਾ ਦੇ ਵਿੱਚ ਡੇਂਗੂ ਦੇ 489 ਮਾਮਲੇ ਸਾਹਮਣੇ ਆਏ ਸਨ ਜਿਨ੍ਹਾਂ ਚ 2 ਦੀ ਮੌਤ ਹੋ ਗਈ ਸੀ ਹਾਲਾਂਕਿ ਇਹ ਸਰਕਾਰੀ ਅੰਕੜੇ ਹਨ, ਇਨ੍ਹਾਂ ਚ ਨਿੱਜੀ ਹਸਪਤਾਲਾਂ ਚ ਇਲਾਜ ਕਰਵਾਉਣ ਵਾਲੇ ਜਾਂ ਮਰਨ ਵਾਲਿਆਂ ਦੀ ਗਿਣਤੀ ਸ਼ਾਮਲ ਨਹੀਂ ਹੈ।
ਲੁਧਿਆਣਾ ਦੇ ਸਿਵਲ ਸਰਜਨ ਰਾਜੇਸ਼ ਕੁਮਾਰ ਬੱਗਾ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਡੇਂਗੂ ਸਬੰਧੀ ਜਾਗਰੂਕ ਕਰਨ ਲਈ ਮੁਹਿੰਮ ਚਲਾਈ ਜਾ ਰਹੀ ਹੈ। ਇਸ ਦੇ ਤਹਿਤ ਹਸਪਤਾਲਾਂ ਵਿੱਚ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਇੱਥੋਂ ਤੱਕ ਕਿ ਟੀਮਾਂ ਨੂੰ ਇੱਕਠਾ ਕਰਕੇ ਘਰ-ਘਰ ਜਾਇਜ਼ਾ ਲੈਣ ਲਈ ਵੀ ਭੇਜਿਆ ਜਾ ਰਿਹਾ ਹੈ ਤਾਂ ਜੋ ਕਿਤੇ ਪਾਣੀ ਇਕੱਠਾ ਨਾ ਹੋਵੇ।
ਇਹ ਵੀ ਪੜ੍ਹੋ: ਸਿਵਲ ਹਸਪਤਾਲ 'ਚ ਹੋ ਰਿਹੈ ਲੋਕਾਂ ਦੀ ਸਿਹਤ ਨਾਲ ਖਿਲਵਾੜ
ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਡੇਂਗੂ ਦੇ ਲਾਰਵੇ ਨੂੰ ਖ਼ਤਮ ਕਰਨ ਲਈ ਵੀ ਲਗਾਤਾਰ ਕੋਸ਼ਿਸ਼ਾਂ ਜਾਰੀ ਹਨ, ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ ਕਿ ਫਿਲਹਾਲ ਲੁਧਿਆਣਾ ਵਿੱਚ ਡੇਂਗੂ ਦਾ ਇੱਕ ਹੀ ਸ਼ੱਕੀ ਮਰੀਜ਼ ਹੈ ਜਿਸ ਦੀ ਹਾਲੇ ਤੱਕ ਪੁਸ਼ਟੀ ਨਹੀਂ ਹੋਈ।
ਡੇਂਗੂ ਨੂੰ ਲੈ ਕੇ ਸਿਹਤ ਵਿਭਾਗ ਵੱਲੋਂ ਹਰ ਵਾਰ ਦੀ ਤਰ੍ਹਾਂ ਇਸ ਸਾਲ ਵੀ ਪੁਖ਼ਤਾ ਪ੍ਰਬੰਧਾਂ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਫਿਰ ਵੀ ਡੇਂਗੂ ਆਪਣਾ ਕਹਿਰ ਵਰਾਉਂਦਾ ਹੈ। ਵੇਖਣਾ ਹੋਵੇਗਾ ਕਿ ਇਸ ਸੀਜ਼ਨ ਵਿੱਚ ਸਿਹਤ ਵਿਭਾਗ ਦੇ ਦਾਅਵੇ ਕਿੰਨੇ ਸੱਚ ਸਾਬਤ ਹੁੰਦੇ ਹਨ।
ਇਹ ਵੀ ਪੜ੍ਹੋ: ਘੱਗਰ ਦਾ ਕਹਿਰ: ਦਰਜਨਾਂ ਪਿੰਡ ਆਏ ਹੜ੍ਹ ਦੀ ਟਪੇਟ 'ਚ