ਲੁਧਿਆਣਾ: ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਅਨਲੌਕ 2.0 ਨੂੰ ਲੈ ਕੇ ਲਗਾਤਾਰ ਰਿਆਇਤਾਂ ਦਿੱਤੀਆਂ ਜਾ ਰਹੀਆਂ ਹਨ। ਹੋਟਲ ਐਸੋਸੀਏਸ਼ਨਾਂ ਦੇ ਨਾਲ ਬੱਸਾਂ ਵਿੱਚ ਵੀ ਪੂਰੀਆਂ ਸਵਾਰੀਆਂ ਚੜ੍ਹਾਉਣ ਦੀ ਸੂਬਾ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਹੈ ਪਰ ਲੰਬੇ ਸਮੇਂ ਤੋਂ ਧਰਨੇ ਪ੍ਰਦਰਸ਼ਨ ਕਰਦੇ ਆ ਰਹੇ ਜਿੰਮ ਐਸੋਸੀਏਸ਼ਨ ਹਾਲੇ ਵੀ ਆਪਣੀਆਂ ਮੰਗਾਂ ਨੂੰ ਲੈ ਕੇ ਸੂਬਾ ਸਰਕਾਰਾਂ ਅੱਗੇ ਫਰਿਆਦ ਕਰ ਰਹੇ ਹਨ।
ਕੈਪਟਨ ਸਰਕਾਰ ਨੇ ਜਿੰਮ ਖੋਲ੍ਹਣ ਦੀ ਹਾਲੇ ਤੱਕ ਮਨਜ਼ੂਰੀ ਨਹੀਂ ਦਿੱਤੀ ਹੈ ਜਿਸ ਨੂੰ ਲੈ ਕੇ ਲੁਧਿਆਣਾ ਦੀ ਜਿੰਮ ਐਸੋਸੀਏਸ਼ਨਾਂ ਵੱਲੋਂ ਮੁੱਖ ਮੰਤਰੀ ਅਤੇ ਕਾਂਗਰਸ ਸਰਕਾਰ ਨੂੰ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਦੇਣ ਅਤੇ ਉਨ੍ਹਾਂ ਨਾਲ ਬੈਠ ਕੇ ਗੱਲ ਕਰਨ ਦੀ ਅਪੀਲ ਕੀਤੀ ਹੈ ਕਿਉਂਕਿ ਬੀਤੇ ਤਿੰਨ ਮਹੀਨਿਆਂ ਤੋਂ ਉਨ੍ਹਾਂ ਦੇ ਕੰਮਕਾਜ ਪੂਰੀ ਤਰ੍ਹਾਂ ਠੱਪ ਹਨ ਅਤੇ ਘਰ ਦੇ ਖਰਚੇ ਕੱਢਣੇ ਵੀ ਔਖੇ ਹੋ ਗਏ ਹਨ।
ਪੰਜਾਬ ਜਿੰਮ ਵੈਲਫੇਅਰ ਸੁਸਾਇਟੀ ਦੇ ਜਨਰਲ ਸਕੱਤਰ ਪ੍ਰਦੀਪ ਬੱਬੂ ਨੇ ਕਿਹਾ ਹੈ ਕਿ ਸਰਕਾਰ ਨੇ ਜਿੰਮ ਐਸੋਸੀਏਸ਼ਨਾਂ ਨੂੰ ਇੱਕ ਤਰ੍ਹਾਂ ਨਾਲ ਲੈਵਿਸ ਚੀਜ਼ਾਂ ਵਿੱਚ ਸ਼ਾਮਿਲ ਕੀਤਾ ਹੈ ਜਿਸ ਨੂੰ ਸ਼ੌਕ ਦੇ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿੰਮ ਸਿਰਫ਼ ਸ਼ੌਕ ਨਹੀਂ ਸਗੋਂ ਨੌਜਵਾਨਾਂ ਲਈ ਹੁਣ ਪ੍ਰੇਰਨਾ ਬਣ ਰਿਹਾ ਹੈ। ਹਜ਼ਾਰਾਂ ਲੋਕ ਇਸ ਕਿੱਤੇ ਨਾਲ ਜੁੜੇ ਹੋਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਉਨ੍ਹਾਂ ਵੱਲ ਧਿਆਨ ਦੇਣ ਦੀ ਲੋੜ ਹੈ।
ਉਧਰ ਕੌਮਾਂਤਰੀ ਖਿਡਾਰੀ ਅਵਤਾਰ ਸਿੰਘ ਲਲਤੋਂ ਨੇ ਵੀ ਕਿਹਾ ਕਿ ਜਦੋਂ ਸਾਰਿਆਂ ਖੇਤਰਾਂ ਦੇ ਵਿੱਚ ਢਿੱਲ ਦਿੱਤੀ ਜਾ ਰਹੀ ਹੈ ਤਾਂ ਜਿੰਮ ਐਸੋਸੀਏਸ਼ਨਾਂ ਨਾਲ ਵੀ ਸਰਕਾਰ ਨੂੰ ਰਾਬਤਾ ਕਾਇਮ ਕਰਕੇ ਕੋਈ ਵਿੱਚ ਦਾ ਰਾਹ ਲੱਭਣਾ ਚਾਹੀਦਾ ਹੈ।