ਲੁਧਿਆਣਾ: ਗੁਰੂ ਨਾਨਕ ਮੋਦੀਖਾਨਾ ਦੇ ਮੁੱਖ ਪ੍ਰਬੰਧਕ ਬਲਜਿੰਦਰ ਸਿੰਘ ਜਿੰਦੂ ਅਕਸਰ ਹੀ ਸੁਰਖ਼ੀਆਂ ਵਿੱਚ ਰਹਿੰਦੇ ਨੇ। ਹੁਣ ਆਪਣੀ ਇੱਕ ਵੀਡੀਓ ਕਾਰਨ ਉਹ ਹਿੰਦੂ ਭਾਈਚਾਰੇ ਦੇ ਨਿਸ਼ਾਨੇ 'ਤੇ ਆ ਗਏ ਨੇ। ਇਹ ਵੀਡੀਓ ਲਗਾਤਾਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਆਪਣੀ ਇਸ ਵੀਡੀਉ ਦੇ ਵਿੱਚ ਉਹ ਰਮਾਇਣ ਨੂੰ ਲੈ ਕੇ ਕੋਈ ਉਧਾਰਨ ਦੇ ਰਹੇ ਨੇ ਜਿਸ 'ਤੇ ਹਿੰਦੂ ਭਾਈਚਾਰੇ ਵੱਲੋਂ ਉਨ੍ਹਾਂ ਦੀਆਂ ਭਾਵਨਾਵਾਂ 'ਤੇ ਠੇਸ ਲੱਗਣ ਦੇ ਇਲਜ਼ਾਮ ਲਗਾਏ ਜਾ ਰਹੇ ਨੇ।
ਸ਼ਿਵ ਸੈਨਾ ਪੰਜਾਬ ਵੱਲੋਂ ਬਲਜਿੰਦਰ ਜਿੰਦੂ ਦੇ ਖ਼ਿਲਾਫ਼ ਲੁਧਿਆਣਾ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਕੀਤੀ ਗਈ ਹੈ। ਸ਼ਿਵ ਸੈਨਾ ਦੇ ਆਗੂ ਸੁਖਦੇਵ ਥਾਪਰ ਨੇ ਕਿਹਾ ਕਿ ਰਮਾਇਣ ਨੂੰ ਲੈ ਕੇ ਬਲਜਿੰਦਰ ਜਿੰਦੂ ਵੱਲੋਂ ਸੋਸ਼ਲ ਮੀਡੀਆ 'ਤੇ ਗਲਤ ਟਿੱਪਣੀ ਕੀਤੀ ਗਈ ਹੈ ਜਿਸ ਨਾਲ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਢਾਅ ਲੱਗੀ ਹੈ ਅਤੇ ਉਹ ਇਸ ਨੂੰ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਇਹ ਵੀ ਕਿਹਾ ਕਿ ਜਿੰਦੂ ਪਹਿਲਾਂ ਵੀ ਖਾਲਿਸਤਾਨ ਦੇ ਸਮਰਥਨ ਵਿੱਚ ਕਾਫ਼ੀ ਸੋਸ਼ਲ ਮੀਡੀਆ 'ਤੇ ਬਿਆਨਬਾਜ਼ੀ ਕਰਦਾ ਰਹਿੰਦਾ ਹੈ।
ਦੂਜੇ ਪਾਸੇ ਥਾਣਾ ਡਵੀਜ਼ਨ ਨੰਬਰ 8 ਦੇ ਐਸਐਚਓ ਜਰਨੈਲ ਸਿੰਘ ਨੇ ਦੱਸਿਆ ਕਿ ਸ਼ਿਵ ਸੈਨਾ ਵੱਲੋਂ ਉਨ੍ਹਾਂ ਨੂੰ ਸ਼ਿਕਾਇਤ ਦਿੱਤੀ ਗਈ ਹੈ ਪਰ ਉਹ ਸੋਸ਼ਲ ਮੀਡੀਆ 'ਤੇ ਜੋ ਵੀਡੀਓ ਪੋਸਟ ਕੀਤੀ ਗਈ ਹੈ ਉਸ ਦੀ ਜਾਂਚ ਕਰਨ ਤੋਂ ਬਾਅਦ ਹੀ ਅਗਲੇਰੀ ਕਾਰਵਾਈ ਕਰਨਗੇ।