ਲੁਧਿਆਣਾ : ਸ਼ਹਿਰ ਦੇ ਰੇਲਵੇ ਸਟੇਸ਼ਨ 'ਤੇ ਬੀਤੇ ਕੱਲ੍ਹ ਤਿੰਨ ਮਹੀਨੇ ਦਾ ਬੱਚਾ ਚੋਰੀ ਹੋਣ ਦੇ ਮਾਮਲੇ ਵਿੱਚ ਲੁਧਿਆਣਾ ਜੀਆਰਪੀ ਪੁਲਿਸ ਨੇ ਵੱਡੀ ਕਾਮਯਾਬੀ ਹਾਸਿਲ ਕੀਤੀ ਹੈ। ਪੁਲਿਸ ਨੇ ਬੱਚਾ ਚੋਰੀ ਕਰਨ ਵਾਲੇ ਮੁਲਜ਼ਮ ਪਤੀ ਪਤਨੀ ਨੂੰ ਕਪੂਰਥਲਾ ਨੇੜਿਓਂ ਕਾਬੂ ਕਰ ਲਿਆ ਹੈ। ਇਸ ਦੇ ਨਾਲ ਹੀ ਬੱਚੇ ਨੂੰ ਸਹੀ ਸਲਾਮਤ ਉਸ ਦੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਹੈ। ਇਸ ਨੂੰ ਲੈ ਕੇ ਜੀਆਰਪੀ ਦੇ ਐਸਪੀ ਬਲਰਾਮ ਰਾਣਾ ਨੇ ਪ੍ਰੈਸ ਕਾਨਫਰਸ ਦੌਰਾਨ ਇਸ ਦਾ ਖੁਲਾਸਾ ਕੀਤਾ ਹੈ। ਜਿਸ 'ਚ ਉਨ੍ਹਾਂ ਦੱਸਿਆ ਕਿ ਪੀੜਤ ਪਰਿਵਾਰ ਨੇ ਮਲੇਰਕੋਟਲਾ ਜਾਣਾ ਸੀ ਪਰ ਰਾਤ ਜ਼ਿਆਦਾ ਹੋਣ ਕਾਰਨ ਸਟੇਸ਼ਨ 'ਤੇ ਹੀ ਰੁਕ ਗਏ ਤੇ ਇਹ ਵਾਰਦਾਤ ਹੋ ਗਈ।
ਤਿੰਨ ਮਹੀਨੇ ਦਾ ਬੱਚਾ ਕੀਤਾ ਸੀ ਚੋਰੀ: ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਪੀ ਬਲਰਾਮ ਰਾਣਾ ਨੇ ਕਿਹਾ ਕਿ ਬੀਤੇ ਕੱਲ੍ਹ ਤਿੰਨ ਮਹੀਨੇ ਦਾ ਬੱਚਾ ਚੋਰੀ ਦੇ ਮਾਮਲੇ ਵਿੱਚ ਜਦੋਂ ਉਹਨਾਂ ਨੂੰ ਸੂਚਨਾ ਮਿਲੀ ਸੀ ਤਾਂ ਉਹਨਾਂ ਨੇ ਤੁਰੰਤ ਹੀ ਟੀਮਾਂ ਦਾ ਗਠਨ ਕੀਤਾ ਅਤੇ ਬੱਸ ਸਟੈਂਡ ਸਮੇਤ ਜਲੰਧਰ ਬਾਈਪਾਸ ਤੋਂ ਇਲਾਵਾ ਵੱਖ-ਵੱਖ ਸੀਸੀਟੀਵੀ ਕੈਮਰਿਆਂ ਦੀ ਮਦਦ ਵੀ ਲਈ ਗਈ। ਉਨ੍ਹਾਂ ਦੱਸਿਆ ਕਿ ਬੱਸ ਡੀਪੂ ਦੇ ਪ੍ਰਬੰਧਕਾਂ ਦਾ ਵੀ ਸਹਿਯੋਗ ਮਿਲਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਅੱਗੇ ਤੋਂ ਅੱਗੇ ਲੀਡ 'ਤੇ ਕੰਮ ਕਰਦੇ ਹੋਏ, ਬੱਚਾ ਚੁੱਕਣ ਵਾਲੇ ਪਤੀ ਪਤਨੀ ਨੂੰ ਕਪੂਰਥਲਾ ਤੋਂ ਕਾਬੂ ਕੀਤਾ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਇਸ ਮਾਮਲੇ ਸਬੰਧੀ ਜਾਂਚ ਜਾਰੀ ਹੈ। ਉਨ੍ਹਾਂ ਦੱਸਿਆ ਕਿ ਜਿੰਨ੍ਹਾਂ ਨੇ ਬੱਚਾ ਚੋਰੀ ਕੀਤਾ, ਉਸ ਮੁਲਜ਼ਮ ਦੀ ਸ਼ਨਾਖ਼ਤ ਜਤਿੰਦਰ ਵਜੋਂ ਹੋਈ ਹੈ। ਉਨ੍ਹਾਂ ਦੇ ਆਪਣੇ ਵੀ 2 ਬੱਚੇ ਹਨ, ਉਹ ਦੋਵੇਂ ਪ੍ਰਵਾਸੀ ਹਨ ਅਤੇ ਕਪੂਰਥਲਾ ਤੋਂ ਲੁਧਿਆਣਾ ਖਰੀਦਦਾਰੀ ਕਰਨ ਆਏ ਸਨ।
ਕਈ ਲੋਕਾਂ 'ਤੇ ਸੀ ਸ਼ੱਕ ਦੀ ਸੂਈ: ਇਸ ਦੇ ਨਾਲ ਹੀ ਐੱਸਪੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੱਚਾ ਬਹੁਤ ਛੋਟਾ ਸੀ ਅਤੇ ਉਸ ਦੀ ਸਿਹਤ ਨੂੰ ਲੈ ਕੇ ਵੀ ਸਾਨੂੰ ਕਾਫੀ ਫਿਕਰ ਸੀ। ਜਿਸ ਕਰਕੇ ਸਾਡਾ ਟੀਚਾ ਸੀ ਕਿ ਬੱਚੇ ਨੂੰ ਜਲਦ ਤੋਂ ਜਲਦ ਲੱਭਿਆ ਜਾ ਸਕੇ। ਉਹਨਾਂ ਕਿਹਾ ਕਿ ਰੋਜ਼ਾਨਾ ਰੇਲਵੇ ਸਟੇਸ਼ਨ 'ਤੇ ਚਾਰ ਤੋਂ ਪੰਜ ਲੱਖ ਲੋਕ ਆਉਂਦੇ ਹਨ, ਅਜਿਹੇ 'ਚ ਸਾਡੇ ਸ਼ੱਕ ਕਈਆਂ 'ਤੇ ਸਨ ਪਰ ਕਿਸ 'ਤੇ ਅੱਗੇ ਤਫਤੀਸ਼ ਕਰੀਏ ਤੇ ਕਿਸ 'ਤੇ ਨਹੀਂ, ਇਹ ਇੱਕ ਬਹੁਤ ਵੱਡਾ ਚੈਲੰਜ ਸੀ।
- Animal Lovers: ਜਾਨਵਰਾਂ ਲਈ ਮਸੀਹਾ ਬਣਿਆ ਨੌਜਵਾਨ, ਲੇਖੇ ਲਾਈ ਜ਼ਿੰਦਗੀ, 600 ਤੋਂ ਵੱਧ ਪਾਲਤੂ ਤੇ ਅਵਾਰਾ ਜਾਨਵਰਾਂ ਦਾ ਕਰ ਚੁੱਕਾ ਹੈ ਇਲਾਜ
- Punjab Law and Order: ਬਦਮਾਸ਼ਾਂ ਨੇ ਮੰਦਿਰ ਜਾਂਦੀ ਮਹਿਲਾ ਤੋਂ ਕੀਤੀ ਲੁੱਟ, ਸੁਖਬੀਰ ਬਾਦਲ ਬੋਲੇ- ਇਹ ਹੈ ਬਦਲਾਅ ਦੀ ਮੂੰਹ ਬੋਲਦੀ ਤਸਵੀਰ
- Lawrence Interview Case Update: ਲਾਰੈਂਸ ਜੇਲ੍ਹ ਇੰਟਰਵਿਊ ਮਾਮਲੇ 'ਚ ਹਾਈਕੋਰਟ ਦੀ ਸਰਕਾਰ ਨੂੰ ਫਟਕਾਰ ਤੋਂ ਬਾਅਦ ਮਜੀਠੀਆ ਦਾ ਮੁੱਖ ਮੰਤਰੀ 'ਤੇ ਨਿਸ਼ਾਨਾ, ਕਿਹਾ- ਪੰਜਾਬ ਜਵਾਬ ਮੰਗਦਾ
ਮਿਹਨਤ ਤੋਂ ਬਾਅਦ ਮੁਲਜ਼ਮਾਂ ਦੀ ਭਾਲ ਹੋਈ ਪੂਰੀ: ਉਹਨਾਂ ਕਿਹਾ ਕਿ ਐਸਐਚਓ ਜਤਿੰਦਰ ਤੇ ਆਰਪੀਐਫ ਦੇ ਐਸਐਚਓ ਸ਼ੈਲੇਸ਼ ਦੇ ਨਾਲ ਇੱਕ ਲੀਡ 'ਤੇ ਕੰਮ ਕਰ ਰਹੇ ਸਨ, ਜਿਸ ਤੋਂ ਬਾਅਦ ਆਟੋ ਚਾਲਕਾਂ ਤੋਂ ਉਹਨਾਂ ਨੇ ਪੁੱਛਗਿੱਛ ਕੀਤੀ ਤਾਂ ਉਹਨਾਂ ਨੂੰ ਕਾਫੀ ਕੁਝ ਜਾਣਕਾਰੀ ਪ੍ਰਾਪਤ ਹੋਈ, ਜਿਸ ਤੋਂ ਬਾਅਦ ਕੈਮਰੇ ਵੀ ਖੰਗਾਲੇ ਗਏ। ਕੁਝ ਕੈਮਰਿਆਂ ਦੇ ਮੂੰਹ ਵੀ ਸਹੀ ਨਹੀਂ ਸਨ।ਜਿਸ ਕਰਕੇ ਉਹਨਾਂ ਨੂੰ ਬਹੁਤੀ ਜਾਣਕਾਰੀ ਨਹੀਂ ਮਿਲ ਸਕੀ ਪਰ ਆਖਿਰਕਾਰ ਪੁਲਿਸ ਨੇ ਸਖ਼ਤ ਮਿਹਨਤ ਦੇ ਨਾਲ ਪੂਰੀ ਰਾਤ ਲਗਾ ਕੇ ਦੋਵਾਂ ਮੁਲਜ਼ਮ ਪਤੀ ਪਤਨੀ ਨੂੰ ਗ੍ਰਿਫਤਾਰ ਕਰ ਲਿਆ ਅਤੇ ਬੱਚੇ ਨੂੰ ਸਹੀ ਸਲਾਮਤ ਬਰਾਮਦ ਕਰਕੇ ਉਹਨਾਂ ਦੇ ਮਾਤਾ ਪਿਤਾ ਨੂੰ ਸੌਂਪ ਦਿੱਤਾ ਹੈ।