ਲੁਧਿਆਣਾ: ਪੰਜਾਬ ਅੰਦਰ ਘੱਲੂਘਾਰਾ ਹਫ਼ਤਾ 1 ਜੂਨ ਤੋਂ ਸ਼ੁਰੂ ਹੋ ਗਿਆ। ਇਸ ਹਫ਼ਤੇ ਦੌਰਾਨ ਜਿੱਥੇ ਸੂਬੇ ਅੰਦਰ ਮਾਹੌਲ ਖ਼ਰਾਬ ਹੋਣ ਦਾ ਖਦਸ਼ਾ ਰਹਿੰਦਾ ਹੈ। ਜਿਸ ਕਰਕੇ ਆਮ ਲੋਕਾਂ ਦੀ ਸੁਰੱਖਿਆ ਲਈ ਖੰਨਾ ਪੁਲਿਸ ਨੇ ਜ਼ਿਲ੍ਹਾ ਖੰਨਾ ਵਿੱਚ ਵੱਖ-ਵੱਖ ਥਾਵਾਂ 'ਤੇ ਫਲੈਗ ਮਾਰਚ ਕੱਢੇ ਗਏ। ਦੱਸ ਦਈਏ ਕਿ ਐਸ.ਐਸ.ਪੀ ਦਫ਼ਤਰ ਖੰਨਾ ਤੋਂ ਇਸ ਮਾਰਚ ਦੀ ਸ਼ੁਰੂਆਤ ਹੋਈ, ਜਿਸ ਦੀ ਐਸ.ਐਸ.ਪੀ ਅਮਨੀਤ ਕੌਂਡਲ ਨੇ ਅਗਵਾਈ ਕੀਤੀ।
ਸ਼ੱਕੀ ਵਿਅਕਤੀਆਂ ਅਤੇ ਗੱਡੀਆਂ ਉਪਰ ਪੂਰੀ ਨਿਗਰਾਨੀ:- ਐਸਐਸਪੀ ਦਫ਼ਤਰ ਵਿਖੇ ਜ਼ਿਲ੍ਹੇ ਭਰ ਦੀ ਫੋਰਸ ਨੂੰ ਇਕੱਤਰ ਕਰਦੇ ਹੋਏ ਫਲੈਗ ਮਾਰਚ ਦੀ ਸ਼ੁਰੂਆਤ ਤੋਂ ਪਹਿਲਾਂ ਐਸਐਸਪੀ ਅਮਨੀਤ ਕੌਂਡਲ ਨੇ ਸੁਰੱਖਿਆ ਦੇ ਮੱਦੇਨਜ਼ਰ ਜ਼ਰੂਰੀ ਦਿਸ਼ਾ ਨਿਰਦੇਸ਼ ਦਿੱਤੇ। ਉਹਨਾਂ ਕਿਹਾ ਕਿ ਘੱਲੂਘਾਰਾ ਹਫ਼ਤੇ ਦੌਰਾਨ ਆਪਣੇ ਆਪਣੇ ਇਲਾਕਿਆਂ 'ਚ ਨਾਕਾਬੰਦੀ ਵਿਵਸਥਾ, ਰਾਤ ਦੇ ਸਮੇਂ ਚੌਕਸੀ ਵਧਾਉਣ ਦੇ ਹੁਕਮ ਦਿੱਤੇ ਗਏ। ਸ਼ੱਕੀ ਵਿਅਕਤੀਆਂ ਅਤੇ ਗੱਡੀਆਂ ਉਪਰ ਪੂਰੀ ਨਿਗਰਾਨੀ ਰੱਖਣ ਲਈ ਕਿਹਾ ਗਿਆ।ਇਸ ਉਪਰੰਤ ਖੰਨਾ ਜਿਲ੍ਹੇ 'ਚ ਫਲੈਗ ਮਾਰਚ ਦੀ ਸ਼ੁਰੂਆਤ ਕੀਤੀ ਗਈ।
ਐਸਐਸਪੀ ਅਮਨੀਤ ਕੌਂਡਲ ਖੁਦ ਭਾਰੀ ਪੁਲਿਸ ਫੋਰਸ ਦੇ ਨਾਲ ਆਪਣੇ ਦਫ਼ਤਰੋਂ ਫੀਲਡ 'ਚ ਨਿਕਲੇ। ਸ਼ਹਿਰ ਦੇ ਵੱਖ ਵੱਖ ਇਲਾਕਿਆਂ ਚੋਂ ਫਲੈਗ ਮਾਰਚ ਕੱਢਿਆ ਗਿਆ। ਇਸ ਦੌਰਾਨ ਕਈ ਜਨਤਕ ਥਾਵਾਂ ਜਿਵੇਂ ਕਿ ਬੱਸ ਅੱਡਾ ਅਤੇ ਹੋਰ ਭੀੜਭਾੜ ਵਾਲੇ ਬਾਜ਼ਾਰਾਂ 'ਚ ਸ਼ੱਕੀ ਵਿਅਕਤੀਆਂ ਦੇ ਸਾਮਾਨ ਦੀ ਤਲਾਸ਼ੀ ਲਈ ਗਈ।
ਪੁਲਿਸ ਲੋਕਾਂ ਦੀ ਰਾਖੀ ਲਈ ਮੁਸਤੈਦ:- ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਐਸ.ਐਸਪੀ ਅਮਨੀਤ ਕੌਂਡਲ ਨੇ ਕਿਹਾ ਕਿ ਖੰਨਾ ਸਹਿਰ ਵਿੱਚ ਫਲੈਗ ਮਾਰਚ ਕੱਢਣ ਦਾ ਮਕਸਦ ਇੱਕ ਤਾਂ ਆਪਣੀ ਫੋਰਸ ਦੀ ਚੌਕਸੀ ਵਧਾਉਣ ਲਈ ਤਿਆਰੀ ਕਰਾਉਣਾ ਹੈ ਅਤੇ ਦੂਜਾ ਇਸ ਤਰ੍ਹਾਂ ਦੀ ਗਤੀਵਿਧੀ ਨਾਲ ਆਮ ਲੋਕਾਂ ਅੰਦਰ ਵੀ ਇਹ ਯਕੀਨ ਬਣਦਾ ਹੈ ਕਿ ਪੁਲਿਸ ਉਹਨਾਂ ਦੀ ਰਾਖੀ ਲਈ ਮੁਸਤੈਦ ਹੈ।
ਸ਼ਹਿਰਵਾਸੀਆਂ ਨੂੰ ਵੀ ਅਪੀਲ :- ਐਸ.ਐਸਪੀ ਅਮਨੀਤ ਕੌਂਡਲ ਨੇ ਕਿਹਾ ਕਿ ਅੱਜ ਵੀਰਵਾਰ ਨੂੰ ਉਹ ਐਸਪੀ (ਐਚ) ਗੁਰਪ੍ਰੀਤ ਕੌਰ ਪੁਰੇਵਾਲ, ਡੀਐਸਪੀ (ਐਚ) ਨਵੀਨ ਕੁਮਾਰ ਅਤੇ ਡੀਐਸਪੀ ਖੰਨਾ ਕਰਨੈਲ ਸਿੰਘ ਨੂੰ ਨਾਲ ਲੈ ਕੇ ਪੁਲਿਸ ਫੋਰਸ ਸਮੇਤ ਫਲੈਗ ਮਾਰਚ ਕੱਢ ਰਹੇ ਹਨ ਅਤੇ ਇਹ ਫਲੈਗ ਮਾਰਚ ਸ਼ਹਿਰ ਦੇ ਸੰਵੇਦਨਸ਼ੀਲ ਇਲਾਕਿਆਂ ਵਿੱਚੋਂ ਕੱਢਿਆ ਜਾ ਰਿਹਾ ਹੈ ਤਾਂ ਜੋ ਅਪਰਾਧੀ ਤੇ ਸ਼ਰਾਰਤੀ ਅਨਸਰਾਂ ਅੰਦਰ ਪੁਲਿਸ ਦਾ ਡਰ ਬਰਕਰਾਰ ਰਹੇ। ਉਹਨਾਂ ਨੇ ਸ਼ਹਿਰਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਕਿਸੇ ਵੀ ਤਰ੍ਹਾਂ ਦੀਆਂ ਅਫ਼ਵਾਹਾਂ ਉਪਰ ਧਿਆਨ ਨਾ ਦਿੱਤਾ ਜਾਵੇ ਅਤੇ ਪੁਲਿਸ ਨੂੰ ਪੂਰਾ ਸਹਿਯੋਗ ਦਿੱਤਾ ਜਾਵੇ।