ਲੁਧਿਆਣਾ: ਲੋਹੜੀ ਦਾ ਤਿਉਹਾਰ ਵਿਸ਼ਵ ਭਰ 'ਚ ਵਸਦੇ ਪੰਜਾਬੀਆਂ ਵਲੋਂ ਮਨਾਇਆ ਜਾਂਦਾ ਹੈ, ਜਿਸ ਤਰ੍ਹਾਂ ਲੋਹੜੀ ਦਾ ਤਿਉਹਾਰ ਗੁੜ ਦੀ ਗੱਚਕ, ਮੂੰਗਫਲੀ, ਤਿਲ ਦੀ ਰਿਓੜੀਆਂ ਤੋਂ ਬਿਨਾਂ ਅਧੂਰੀ ਹੈ, ਉਸੇ ਤਰ੍ਹਾਂ ਲੁਧਿਆਣਾ ਦੇ ਲਾਇਲਪੁਰ ਵਾਲਿਆਂ ਦੀ ਗੱਚਕ ਵੀ ਵਿਸ਼ਵ ਭਰ ਵਿੱਚ ਪ੍ਰਸਿਧ ਹੈ। ਹਾਲਾਂਕਿ, ਲੋਹੜੀ ਦਾ ਤਿਉਹਾਰ ਪੁਰਾਣੇ ਸਮੇਂ ਤੋਂ ਮਨਾਇਆ ਜਾਂਦਾ ਰਿਹਾ ਹੈ, ਪਰ ਅਜੋਕੇ (Tilsakri) ਸਮੇਂ ਵਿੱਚ ਇਸ ਨੂੰ ਮਨਾਉਣ ਦੇ ਤੌਰ ਤਰੀਕੇ ਵੀ ਬਦਲ ਗਏ ਹਨ, ਪਰ ਅੱਜ ਵੀ ਲੋਕ ਮੂੰਗਫਲੀ ਦੇ ਨਾਲ ਗੱਚਕ ਰਿਓੜੀਆਂ (Gachak In Punjab Lohri) ਆਦਿ ਵੰਡੀਆਂ ਜਾਂਦੀਆਂ ਹਨ।
ਖਾਸ ਕਰਕੇ ਜਿਨ੍ਹਾਂ ਨੂੰ ਪੁੱਤਰ ਦੀ ਦਾਤ ਮਿਲਦੀ ਹੈ, ਉਹ ਤਾਂ ਲੋਹੜੀ ਵੰਡਦੇ ਹੀ ਨੇ, ਪਰ ਹੁਣ ਲੋਕ ਧੀਆਂ ਦੀ ਲੋਹੜੀ ਵੀ ਮਨਾਉਂਦੇ ਹਨ ਅਤੇ ਭੁੱਗੇ ਵੰਡਦੇ ਹਨ। ਹਾਲਾਂਕਿ, ਲਾਇਲਪੁਰ ਸ਼ਹਿਰ ਅਜੋਕੇ ਸਮੇਂ ਵਿੱਚ ਲਹਿੰਦੇ ਪੰਜਾਬ ਯਾਨੀ ਪਾਕਿਸਤਾਨ ਵਿੱਚ ਸਥਿਤ ਹੈ, ਪਰ ਲੁਧਿਆਣਾ ਦੇ ਲਾਇਲਪੁਰ ਵਾਲਿਆਂ ਦੀ ਗੁੜ ਦੀ ਗਚਕ ਪੂਰੇ ਵਿਸ਼ਵ ਭਰ ਦੇ ਵਿੱਚ ਮਸ਼ਹੂਰ ਹੈ।
ਕਦੋਂ ਹੋਈ ਸ਼ੁਰੂਆਤ: 1975 ਵਿੱਚ ਗੱਚਕ ਬਣਾਉਣ ਦੇ ਨਾਲ ਲਾਇਲਪੁਰ ਸਵੀਟਸ ਦੀ ਸ਼ੁਰੂਆਤ ਖਰਬੰਦਾ ਨੇ ਕੀਤੀ ਸੀ। ਇਸ ਵਕਤ ਉਨਾਂ ਦੀ ਤੀਜੀ ਪੀੜੀ ਇਹ ਪੁਸ਼ਤੈਨੀ ਕੰਮ ਸੰਭਾਲ ਰਹੀ ਹੈ, 1985 ਵਿੱਚ ਹਾਲਾਂਕਿ ਉਨ੍ਹਾਂ ਨੇ ਮਿਠਾਈਆਂ ਬਣਾਉਣੀਆਂ ਵੀ ਸ਼ੁਰੂ ਕਰ ਦਿੱਤੀਆਂ ਸਨ, ਪਰ ਗਚਕ ਉਨ੍ਹਾਂ ਦਾ ਪੁਸ਼ਤੈਨੀ ਕੰਮ ਹੈ। ਲਾਇਲਪੁਰ ਸਵੀਟਸ ਵੱਲੋਂ ਪਿਛਲੇ ਪੰਜ ਦਹਾਕਿਆਂ ਤੋਂ ਗੱਚਕ ਤਿਆਰ ਕੀਤੀ ਜਾ ਰਹੀ ਹੈ। ਇਸ ਦੀ ਸਪਲਾਈ ਦੇਸ਼ ਦੇ ਹੋਰਨਾਂ ਸੂਬਿਆਂ ਵਾਂਗ ਵਿਦੇਸ਼ਾਂ ਵਿੱਚ ਵੀ ਹੈ। ਕੈਨੇਡਾ, ਅਮਰੀਕਾ, ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੇ ਵਿੱਚ ਇਨ੍ਹਾਂ ਦੀ ਬਣਾਈ ਗੱਚਕ ਸਪਲਾਈ ਹੋ ਰਹੀ ਹੈ। ਇਨ੍ਹਾਂ ਵੱਲੋਂ ਵਿਸ਼ੇਸ਼ ਤੌਰ ਉੱਤੇ ਆਪਣੀ ਪੁਰਾਣੀ ਰੈਸਿਪੀ ਦੇ ਨਾਲ ਦੇਸੀ ਘਿਓ, ਬਿਨਾਂ ਮਿਲਾਵਟੀ ਸਮਾਨ ਨਾਲ ਗੱਚਕ ਤਿਆਰ ਕੀਤੀ (Types Of Gachak) ਜਾਂਦੀ ਹੈ। ਕਿਸੇ ਤਰ੍ਹਾਂ ਦੀ ਕੋਈ ਮਿਲਾਵਟ ਨਹੀਂ ਜਿਸ ਕਰਕੇ ਇਹ ਕਾਫੀ ਦੂਰ ਤੱਕ ਮਸ਼ਹੂਰ ਹੈ। ਇਥੋਂ ਤੱਕ ਕਿ ਨਿਊਜ਼ੀਲੈਂਡ ਵਿੱਚ ਵੀ ਲਾਇਲਪੁਰ ਵੱਲੋਂ ਆਪਣਾ ਸਟੋਰ ਖੋਲ੍ਹਿਆ ਗਿਆ ਹੈ, ਜਿੱਥੋਂ ਦੀ ਗੱਚਕ ਦੇ ਨਿਊਜ਼ੀਲੈਂਡ ਵਿੱਚ ਵੱਸਦੇ ਪੰਜਾਬੀ ਵੀ ਮੁਰੀਦ ਹਨ।
ਗੱਚਕ ਦੀਆਂ ਕਿਸਮਾਂ: ਲਾਇਲਪੁਰ ਸਵੀਟਸ ਦੇ ਮਾਲਿਕ ਪ੍ਰਵੀਨ ਖਰਬੰਦਾ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਵੱਲੋਂ ਇਸ ਦੀ ਸ਼ੁਰੂਆਤ ਕੀਤੀ ਗਈ ਸੀ। ਉਨ੍ਹਾਂ ਕੋਲ 12 ਤੋਂ ਵੱਧ ਕਿਸਮਾਂ ਦੀਆਂ ਗੱਚਕਾਂ ਹਨ ਜਿਸ ਵਿੱਚ ਗੁੜ ਅਤੇ ਤਿਲ ਦੀ ਗੱਚਕ, ਜਿਮ ਦੇ ਪ੍ਰੇਮਿਆਂ ਲਈ ਵਿਸ਼ੇਸ਼ ਕੱਦੂ ਦੇ ਬੀਜਾਂ ਦੀ ਬਣੀ ਗੱਚਕ, ਬੱਚਿਆਂ ਲਈ ਗੁੜ ਅਤੇ ਮੂੰਗਫਲੀ ਦੀ ਗੱਚਕ, ਬਜ਼ੁਰਗਾਂ ਦੇ ਲਈ ਸਪੈਸ਼ਲ ਅਲਸੀ ਦੀ ਗੱਚਕ, ਇੱਕਲੇ ਤਿਲ ਅਤੇ ਗੁੜ ਦੇ ਦੇਸੀ ਘਿਓ ਦੀ ਗੱਚਕ, ਗੁਲਾਬ ਦੀ ਗੱਚਕ, ਬਦਾਮ ਅਤੇ ਸੁੱਕੇ ਮੇਵਿਆਂ ਵਾਲੀ ਗੱਚਕ, ਚਾਕਲੇਟ ਡਰਾਈ ਫਰੂਟ ਗੱਚਕ, ਸ਼ੂਗਰ ਡਰਾਈ ਫਰੂਟ ਗੱਚਕ ਆਦਿ ਵਰਗੀਆਂ ਦਰਜਨ ਤੋਂ ਵਧੇਰੇ ਗੱਚਕ ਦੀਆਂ ਕਿਸਮਾਂ ਹਨ, ਜਿਨ੍ਹਾਂ ਦੀ ਵਿਦੇਸ਼ਾਂ ਦੇ ਵਿੱਚ ਵੀ ਭਰਪੂਰ ਮੰਗ ਹੈ।
ਕਿਉਂ ਹੈ ਖਾਸ: ਪ੍ਰਵੀਨ ਖਰਬੰਦਾ ਤੇ ਉਨ੍ਹਾਂ ਦੇ ਬੇਟੇ ਪ੍ਰਨਵ ਖਰਬੰਦਾ ਨੇ ਦੱਸਿਆ ਕਿ ਉਹ ਪੁਸ਼ਤਾਂ ਤੋਂ ਇਹ ਕੰਮ ਕਰਦੇ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਸਾਡੇ ਵੱਲੋਂ ਜੋ ਰਾਅ ਮਟੀਰੀਅਲ ਵਰਤਿਆ ਜਾਂਦਾ ਹੈ, ਉਹ ਬੇਹਦ ਉੱਚ ਕੁਆਲਿਟੀ ਦਾ ਸਪੈਸ਼ਲ ਸੀਜ਼ਨ ਦੇ ਹਿਸਾਬ ਦੇ ਨਾਲ ਵਰਤਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪਹਿਲੇ ਨਰਾਤੇ ਤੋਂ ਗੱਚਕ ਬਣਾਉਣ ਦੀ ਤਿਆਰੀ ਸ਼ੁਰੂ ਹੋ ਜਾਂਦੀ ਹੈ। ਲੋਹੜੀ ਤੋਂ ਬਾਅਦ ਤੱਕ ਇਹ ਲਗਾਤਾਰ ਬਣਦੀ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਸਾਡੇ ਕੋਲ ਪਹਿਲੇ ਨਰਾਤੇ ਤੋਂ ਬਾਅਦ ਹੀ ਵਿਦੇਸ਼ਾਂ ਤੋਂ ਆਰਡਰ ਆਉਣੇ ਸ਼ੁਰੂ ਹੋ ਜਾਂਦੇ ਹਨ। ਖਾਸ ਕਰਕੇ ਅਮਰੀਕਾ, ਕੈਨੇਡਾ ਖਾਸ ਕਰਕੇ ਸਰੀ ਸ਼ਹਿਰ, ਨਿਊਜ਼ੀਲੈਂਡ ਆਸਟ੍ਰੇਲੀਆ ਵਿੱਚ ਕਾਫੀ ਡਿਮਾਂਡ ਆਉਂਦੀ ਹੈ। ਲੋਕ ਵੱਡੀ ਗਿਣਤੀ ਵਿੱਚ ਡੱਬੇ ਆਰਡਰ ਕਰਦੇ ਹਨ।
ਖਰਬੰਦਾ ਵੱਲੋਂ ਹੁਣ ਨਿਊਜ਼ੀਲੈਂਡ ਵਿੱਚ ਵੀ ਆਪਣਾ ਸ਼ੋਅਰੂਮ ਖੋਲ੍ਹਿਆ ਗਿਆ ਹੈ। ਉਨ੍ਹਾਂ ਵੱਲੋਂ ਵਿਸ਼ੇਸ਼ ਤੌਰ ਉੱਤੇ ਉਹੀ ਕਾਰੀਗਰ ਅੱਜ ਵੀ ਕੰਮ ਕਰ ਰਹੇ ਹਨ, ਜੋ ਉਨਾਂ ਦੇ ਪੁਰਖਿਆਂ ਤੋਂ ਕੰਮ ਕਰਦੇ ਆ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸਾਡੇ ਦਾਦਾ ਜੀ ਦੇ ਸਮੇਂ ਵਿੱਚ ਜੋ ਕਾਰੀਗਰ ਸਾਡੇ ਨਾਲ ਕੰਮ ਕਰਦੇ ਸਨ, ਉਹ ਅੱਜ ਵੀ ਜੁੜੇ ਹੋਏ ਹਨ। ਉਹ ਪੁਰਾਣੀ ਰੈਸਿਪੀ ਦੇ ਅਧਾਰ ਉੱਤੇ ਹੀ ਕੰਮ ਕਰਦੇ ਹਨ। ਬਿਲਕੁਲ ਤਾਜ਼ੀ ਚੀਜ਼ ਦੇ ਵਿੱਚ ਵਿਸ਼ਵਾਸ ਰੱਖਦੇ ਹਨ। ਦੇਸੀ ਘੀ ਤੋਂ ਬਿਨਾਂ ਕੋਈ ਚੀਜ਼ ਦੀ ਵਰਤੋਂ ਨਹੀਂ ਹੁੰਦੀ। ਇਸ ਤੋਂ ਇਲਾਵਾ ਗੁੜ, ਤਿਲ ਆਦਿ ਵੀ ਉੱਚ ਦਰਜੇ ਦੇ ਇਸਤੇਮਾਲ ਕੀਤੇ ਜਾਂਦੇ ਹਨ। ਛੋਟੇ ਬੱਚੇ ਵੀ ਖਾ ਕੇ ਦੱਸ ਦਿੰਦੇ ਹਨ ਕਿ ਇਹ ਕਿੱਥੋਂ ਦੀ ਗੱਚਕ ਹੈ।
ਬਾਲੀਵੁੱਡ ਵੀ ਇਨ੍ਹਾਂ ਦੀ ਗੱਚਕ ਦੇ ਫੈਨ: ਪ੍ਰਵੀਨ ਖਰਬੰਦਾ ਨੇ ਕਿਹਾ ਕਿ ਅਸੀਂ ਜਿਆਦਾ ਨਾਮ ਉਜਾਗਰ ਨਹੀਂ ਕਰ ਸਕਦੇ, ਪਰ ਬਾਲੀਵੁੱਡ ਤੱਕ ਵੀ ਲੁਧਿਆਣਾ ਤੋਂ ਤਿਆਰ ਹੋਈ ਲਾਇਲਪੁਰ ਦੀ ਗੱਚਕ ਸਪਲਾਈ ਹੁੰਦੀ ਹੈ। ਖਾਸ ਕਰਕੇ ਬਾਲੀਵੁੱਡ ਅਦਾਕਾਰ ਧਰਮਿੰਦਰ ਇਸ ਗੱਚਕ ਦੇ ਬੜੇ ਸ਼ੌਕੀਨ ਹਨ। ਉਨ੍ਹਾਂ ਕਿਹਾ ਕਿ ਸਾਡੀ ਦੁਕਾਨ ਤੋਂ ਇੱਕ ਸ਼ਖਸ ਗੱਚਕ ਲੈ ਕੇ ਜਾਂਦਾ ਹੈ, ਜੋ ਧਰਮਿੰਦਰ ਨੂੰ ਸਪਲਾਈ ਕਰਦੇ ਸਨ। ਜਦੋਂ ਉਨ੍ਹਾਂ ਦੇ ਬੇਟੇ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਧਰਮਿੰਦਰ ਨਾਲ ਗੱਲ ਵੀ ਕੀਤੀ ਜਿਸ ਦੀ ਧਰਮਿੰਦਰ ਨੇ ਤਰੀਫ ਕੀਤੀ, ਕਿਉਂਕਿ ਉਹ ਖੁਦ ਲੁਧਿਆਣਾ ਦੇ ਸਾਹਨੇਵਾਲ ਦੇ ਰਹਿਣ ਵਾਲੇ ਹਨ।
ਇਸ ਤੋਂ ਇਲਾਵਾ ਬਾਲੀਵੁੱਡ ਦੇ ਹੋਰ ਵੀ ਕਈ ਕਲਾਕਾਰ ਅਤੇ ਪੰਜਾਬੀ ਫਿਲਮ ਇੰਡਸਟਰੀ ਦੇ ਕਲਾਕਾਰ ਉਨ੍ਹਾਂ ਦੀ ਇਸ ਗੱਚਕ ਦਾ ਜਾਇਕਾ ਲੈ ਚੁੱਕੇ ਹਨ। ਪ੍ਰਵੀਨ ਖਰਬੰਦਾ ਨੇ ਕਿਹਾ ਕਿ ਅਸੀਂ ਕਦੇ ਵੀ ਕੁਆਲਿਟੀ ਦੇ ਨਾਲ ਸਮਝੌਤਾ ਨਹੀਂ ਕੀਤਾ। ਹਮੇਸ਼ਾ ਹੀ ਗਾਹਕ ਨੂੰ ਰੱਬ ਤੋਂ ਵੱਧ ਸਮਝਿਆ ਹੈ, ਜੋ ਸਾਡੇ ਪੁਰਖਿਆਂ ਨੇ ਸਾਨੂੰ ਸਮਝਾਇਆ ਸੀ ਉਸੇ ਨਕਸ਼ੇ ਕਦਮਾਂ ਉੱਤੇ ਚੱਲ ਕੇ ਉਹ ਅੱਗੇ ਆਪਣੀ ਨਵੀਂ ਪੀੜੀ ਨੂੰ ਸੇਧ ਦੇ ਰਹੇ ਹਨ ਅਤੇ ਨਵੀਂ ਪੀੜੀ ਵੀ ਮੋਢੇ ਨਾਲ ਮੋਢਾ ਜੋੜ ਕੇ ਚੱਲ ਰਹੀ ਹੈ।