ਲੁਧਿਆਣਾ: ਪੌਸ਼ ਇਲਾਕੇ ਸਾਊਥ ਸਿਟੀ ਦੇ ਵਿਚ ਹਰਜਿੰਦਰ ਸਿੰਘ ਨਾਂ ਦੇ ਇਕ ਵਿਅਕਤੀ ਨੇ ਉਨ੍ਹਾਂ ਦੀ ਕਲੋਨੀ ਵਿੱਚ ਛੱਡੇ ਰਸਤਿਆਂ ਉੱਤੇ ਕਾਂਗਰਸ ਦੇ ਸਾਬਕਾ ਵਿਧਾਇਕ ਮਲਕੀਤ ਦਾਖਾ ਦੇ ਪੁੱਤ ਵੱਲੋਂ ਗ਼ੈਰ-ਕਨੂੰਨੀ ਕਬਜ਼ਾ ਕਰਨ ਦੇ ਦੋਸ਼ ਲਾਏ ਹਨ।
ਪੀੜਤਾ ਨੇ ਕਿਹਾ ਕਿ ਜਦੋਂ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲਿਆ ਤਾਂ ਉਨ੍ਹਾਂ ਨੂੰ ਹਾਈਕੋਰਟ ਦਾ ਦਰਵਾਜ਼ਾ ਖੜਕਾਉਣਾ ਪਿਆ। ਉਨ੍ਹਾਂ ਕਿਹਾ ਕਿ ਆਪਣੀ ਤਾਕਤ ਦਿਖਾ ਕੇ ਗ਼ੈਰ-ਕਨੂੰਨੀ ਰਜਿਸਟਰੀਆਂ ਕਰਵਾਈਆਂ ਜਾ ਰਹੀਆਂ ਹਨ।
ਕਵੀਂਨ ਗਾਰਡਨ ਕਲੋਨੀ ਦੇ ਵਾਸੀਆਂ ਨੇ ਕਿਹਾ ਕਿ ਸਾਡਾ ਇਕ ਸਾਂਝਾ ਰਸਤਾ ਹੈ ਜਿੱਥੋਂ ਉਹ ਕਲੋਨੀ ਵਿੱਚ ਆਉਂਦੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਰਸਤੇ ਦੀ ਥਾਂ ਉੱਤੇ ਕਾਂਗਰਸੀ ਵਿਧਾਇਕ ਦੇ ਪੁੱਤ ਗੁੰਡਾਗਰਦੀ ਨਾਲ ਨਜਾਇਜ਼ ਕਬਜ਼ਾ ਕਰ ਰਹੇ ਹਨ, ਗ਼ੈਰ-ਕਾਨੂੰਨੀ ਰਜਿਸਟਰੀਆਂ ਕਰਵਾ ਰਹੇ ਹਨ ਜਿਸ ਸਬੰਧੀ ਡੀਸੀ, ਪੁਲਿਸ ਕਮਿਸ਼ਨਰ, ਡੀਜੀਪੀ ਨੂੰ ਸ਼ਿਕਾਇਤ ਦੇਣ ਉੱਤੇ ਕੋਈ ਕਾਰਵਾਈ ਨਹੀਂ ਹੋਈ ਤਾਂ ਉਹ ਹਾਈ ਕੋਰਟ ਪਹੁੰਚੇ ਹਨ।
ਹਾਈ ਕੋਰਟ ਨੇ ਸਾਰਿਆਂ ਨੂੰ ਸੱਦਿਆ ਹੈ ਪਰ ਸਾਬਕਾ ਵਿਧਾਇਕ ਦੇ ਪੁੱਤ ਉਨ੍ਹਾਂ ਨੂੰ ਧਮਕੀਆਂ ਦੇ ਰਹੇ ਹਨ। ਦੂਜੇ ਪਾਸੇ ਮੌਕੇ ਉੱਤੇ ਪਹੁੰਚੇ ਐਸਐਚਓ ਨੇ ਕਿਹਾ ਕਿ ਉਨ੍ਹਾਂ ਨੂੰ ਮਕਾਨ ਬਣਾਉਣ ਵਾਲੇ ਜਸਬੀਰ ਸਿੰਘ ਤੋਂ ਸ਼ਿਕਾਇਤ ਮਿਲੀ ਸੀ ਕਿ ਕਲੋਨੀ ਵਾਸੀ ਉਨ੍ਹਾਂ ਨੂੰ ਮਕਾਨ ਨਹੀਂ ਬਣਾਉਣ ਦੇ ਰਹੇ ਜਿਸ ਤੋਂ ਬਾਅਦ ਮੌਕੇ ਉੱਤੇ ਪਟਵਾਰੀ ਨੂੰ ਸੱਦਿਆ ਗਿਆ ਉਹ ਪੂਰੇ ਮਾਮਲੇ ਦਾ ਡਰਾਫਟ ਬਣਾ ਕੇ ਦੇਣਗੇ ਜਿਸ ਤੋਂ ਬਾਅਦ ਅਗਲਾ ਫੈਸਲਾ ਲਿਆ ਜਾਵੇਗਾ।