ਲੁਧਿਆਣਾ: ਬੁੱਧਵਾਰ ਨੂੰ ਲੁਧਿਆਣਾ ਯੂਥ ਕਾਂਗਰਸ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਜਾ ਰਹੀ ਹੈ। ਇਸੇ ਦੌਰਾਨ ਮਾਡਲ ਟਾਊਨ ਵਿੱਚ ਗੋਲੀ ਚੱਲ ਗਈ। ਇਸ ਵਿੱਚ 1 ਵਿਅਕਤੀ ਜ਼ਖ਼ਮੀ ਹੋ ਗਿਆ ਹੈ ਜਿਸ ਨੂੰ ਤੁਰੰਤ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ।
ਜਾਣਕਾਰੀ ਮੁਤਾਬਕ ਵੋਟਿੰਗ ਸੈਂਟਰ ਉੱਤੇ ਜੰਮ ਕੇ ਹੰਗਾਮਾ ਹੋਇਆ। ਕਾਂਗਰਸ ਦੇ ਹੀ ਦੋ ਗੁੱਟ ਆਪਸ ਵਿੱਚ ਲੜ ਪਏ ਅਤੇ ਇਸ ਦੌਰਾਨ ਪੰਜ ਰਾਊਂਡ ਫਾਇਰਿੰਗ ਵੀ ਹੋਈ। ਦੋਵਾਂ ਧੜਿਆਂ ਦੇ ਆਗੂਆਂ ਨੇ ਇੱਕ ਦੂਜੇ ਉੱਤੇ ਇਲਜ਼ਾਮ ਲਗਾਏ ਅਤੇ ਕਿਹਾ ਕਿ ਫਰਜ਼ੀ ਵੋਟਾਂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ।
ਇਸੇ ਗੱਲ ਦਾ ਵਿਰੋਧ ਕਰਨ ਉੱਤੇ ਫਾਇਰਿੰਗ ਕੀਤੀ ਗਈ ਅਤੇ ਪੋਲਿੰਗ ਬੂਥ ਸੈਂਟਰ ਦੇ ਅੰਦਰ ਹੀ ਚਾਕੂ ਚੱਲ ਗਏ। ਭੀੜ ਨੂੰ ਖਿੰਡਾਉਣ ਲਈ ਪੁਲਿਸ ਨੂੰ ਹਲਕਾ ਲਾਠੀਚਾਰਜ ਵੀ ਕਰਨਾ ਪਿਆ। ਇਸ ਸਮੇਂ ਵੱਡੀ ਤਾਦਾਦ ਵਿੱਚ ਪੁਲਿਸ ਬਲ ਮੌਕੇ ਉੱਤੇ ਤੈਨਾਤ ਹੈ।
ਮੌਕੇ ਉੱਤੇ ਪਹੁੰਚੇ ਡੀਸੀਪੀ ਲਾਅ ਐਂਡ ਆਰਡਰ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਯੂਥ ਕਾਂਗਰਸ ਦੇ ਅਹੁਦੇਦਾਰ ਦੀ ਚੋਣ ਦੌਰਾਨ ਕਾਂਗਰਸ ਦੇ ਹੀ ਦੋ ਧੜੇ ਆਪਸ ਵਿੱਚ ਲੜ ਪਏ ਉਨ੍ਹਾਂ ਕਿਹਾ ਕਿ ਨਾ ਤਾਂ ਵੋਟਿੰਗ ਰੋਕੀ ਜਾਵੇਗੀ ਅਤੇ ਨਾ ਹੀ ਕਾਨੂੰਨ ਵਿਵਸਥਾ ਨੂੰ ਵਿਗੜਨ ਦਿੱਤਾ ਜਾਵੇਗਾ।