ਲੁਧਿਆਣਾ: ਬੀਤੇ ਦਿਨ ਜਿੱਥੇ, ਖੰਨਾ ਵਿੱਚ ਇੱਕ ਤੇਲ ਟੈਂਕਰ ਨੂੰ ਭਿਆਨਕ ਅੱਗ ਲੱਗਣ ਕਰਕੇ ਲੁਧਿਆਣਾ ਦੇ ਵਿੱਚ ਸਹਿਮ ਦਾ ਮਾਹੌਲ ਸੀ, ਉੱਥੇ ਹੀ ਅੱਜ ਸਵੇਰੇ ਲੁਧਿਆਣਾ ਦੇ ਟਿੱਬਾ ਰੋਡ ਸੰਧੂ ਕਲੋਨੀ ਵਿੱਚ ਧਾਗੇ ਦੇ ਇੱਕ ਗੋਦਾਮ ਵਿੱਚ ਅਚਾਨਕ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਦਾ ਕਾਰਨ ਸਿਲੰਡਰ ਵਿੱਚ ਹੋਏ ਧਮਾਕੇ ਨੂੰ ਦੱਸਿਆ ਜਾ ਰਿਹਾ ਹੈ। ਇਸ ਤੋਂ ਬਾਅਦ ਇਲਾਕੇ ਵਿੱਚ ਹਫੜਾ ਦਫੜੀ ਦਾ ਮਾਹੌਲ ਪੈਦਾ ਹੋ ਗਿਆ। ਧਾਗਾ ਫੈਕਟਰੀ ਨੂੰ ਤੁਰੰਤ ਖਾਲੀ ਕਰਵਾਇਆ ਗਿਆ ਅਤੇ ਸੁੱਖ ਦੀ ਗੱਲ ਇਹ ਰਹੀ ਕਿ ਉਸ ਵਕਤ ਕੋਈ ਅੰਦਰ ਮੌਜੂਦ ਨਹੀਂ ਸੀ, ਪਰ ਅੱਗ ਤੇਜ਼ੀ ਦੇ ਨਾਲ ਹਵਾ ਚੱਲਣ ਕਰਕੇ ਫੈਲ ਗਈ ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ।
ਦੂਰ ਤੱਕ ਫੈਲੀਆਂ ਅੱਗ ਦੀਆਂ ਲਪਟਾਂ: ਮੌਕੇ ਉੱਤੇ ਪਹੁੰਚੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੱਲੋਂ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ ਕੀਤੀ ਗਈ ਅਤੇ ਲਗਭਗ 'ਤੇ ਕਾਬੂ ਪਾ ਲਿਆ ਗਿਆ ਹੈ। ਸਥਾਨਕ ਲੋਕਾਂ ਨੇ ਵੀ ਅੱਗ 'ਤੇ ਕਾਬੂ ਪਾਉਣ ਲਈ ਮਦਦ ਕੀਤੀ ਅਤੇ ਤੁਰੰਤ ਹੀ ਪ੍ਰਸ਼ਾਸਨ ਵੀ ਮੌਕੇ 'ਤੇ ਪਹੁੰਚ ਗਿਆ। ਅੱਗ ਦੀਆਂ ਲਪਟਾਂ ਕਾਫੀ ਦੂਰ ਤੱਕ ਵਿਖਾਈ ਦੇ ਰਹੀਆਂ ਸਨ। ਅੱਗ ਬੁਝਾਓ ਅਮਲੇ ਦੀਆਂ ਤਿੰਨ ਗੱਡੀਆਂ ਨੇ ਸੁੰਦਰ ਨਗਰ ਤੋਂ ਆ ਕੇ ਅੱਗ ਉੱਤੇ ਕਾਬੂ ਪਾਇਆ ਹੈ। ਨੇੜੇ ਤੇੜੇ ਦੀ ਇਮਾਰਤਾਂ ਨੂੰ ਖਾਲੀ ਕਰਵਾਉਣਾ ਪਿਆ, ਕਿਉਂਕਿ ਇਮਾਰਤ ਕਾਫੀ ਖਸਤਾ ਹਾਲਤ ਵਿੱਚ ਸੀ। ਹਾਲਾਂਕਿ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ, ਪਰ ਲੱਖਾਂ ਰੁਪਏ ਦੇ ਮਾਲੀ ਨੁਕਸਾਨ ਦਾ ਜ਼ਰੂਰ ਖਦਸ਼ਾ ਪ੍ਰਗਟ ਕੀਤਾ ਜਾ ਰਿਹਾ ਹੈ ਜਿਸ ਦੀ ਜਾਂਚ ਕੀਤੀ ਜਾ ਰਹੀ ਹੈ।
ਬਿਜਲੀ ਦੀਆਂ ਤਾਰਾਂ ਧਾਗਿਆਂ 'ਚ ਦੱਬੀਆਂ ਮਿਲੀਆਂ: ਹੁਣ ਤੱਕ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੈ। ਅੱਗ ਬੁਝਾਉਣ ਤੋਂ ਬਾਅਦ ਜਦੋਂ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਮੌਕੇ ਦਾ ਮੁਆਇਨਾ ਕੀਤਾ, ਤਾਂ ਉਨ੍ਹਾਂ ਨੂੰ ਧਾਗੇ ਦੀ ਵੇਸਟ ਹੇਠਾਂ ਬਿਜਲੀ ਦੀਆਂ ਤਾਰਾਂ ਦੱਬੀਆਂ ਹੋਈਆਂ ਮਿਲੀਆਂ। ਕੁਝ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਹ ਅੱਗ ਬਿਜਲੀ ਦੀ ਚੰਗਿਆੜੀ ਕਾਰਨ ਲੱਗੀ ਹੈ। ਅੱਗ ਫੈਲਣ ਤੋਂ ਬਾਅਦ ਸਿਲੰਡਰ ਤੱਕ ਪਹੁੰਚ ਗਈ।
ਗੋਦਾਮ ਅੰਦਰ ਰਿਹਾਇਸ਼ ਵੀ ਹੈ: ਇਹ ਗੋਦਾਮ ਰਿਹਾਇਸ਼ੀ ਇਲਾਕੇ ਵਿੱਚ ਚੱਲ ਰਿਹਾ ਸੀ। ਗੋਦਾਮ ਅੰਦਰ ਵੀ ਇੱਕ ਪਰਿਵਾਰ ਰਹਿ ਰਿਹਾ ਹੈ, ਜੋ ਅੱਗ ਲੱਗਣ ਤੋਂ ਠੀਕ ਕੁੱਝ ਸਮਾਂ ਪਹਿਲਾਂ ਹੀ ਆਪਣੀ ਮਾਂ ਦੀ ਦੇਹਾਂਤ ਹੋ ਜਾਣ ਕਾਰਨ ਬਾਹਰ ਗਿਆ ਹੋਇਆ ਸੀ ਜਿਸ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਰਿਹਾਇਸ਼ੀ ਇਲਾਕੇ ਵਿੱਚ ਗੋਦਾਮ ਬਣਾਉਣ ਦੀ ਇਜਾਜ਼ਤ ਸੀ ਜਾਂ ਨਹੀਂ ਇਸ ਸਬੰਧੀ ਫਾਇਰ ਬ੍ਰਿਗੇਡ ਵੱਲੋਂ ਜਾਂਚ ਕੀਤੀ ਜਾਵੇਗੀ ਅਤੇ ਫਾਇਰ ਸੇਫਟੀ ਦੇ ਪ੍ਰਬੰਧਾਂ ਸਬੰਧੀ ਵੀ ਅੱਗ ਬੁਝਾਓ ਅਮਲੇ ਵੱਲੋਂ ਜਾਂਚ ਪੜਤਾਲ ਕੀਤੀ ਜਾਵੇਗੀ, ਪਰ ਗੋਦਾਮ ਦੇ ਵਿੱਚ ਪਿਆ ਮਾਲ ਜ਼ਰੂਰ ਸੜ ਕੇ ਫਿਲਹਾਲ ਸਵਾਹ ਹੋ ਗਿਆ ਹੈ।