ਲੁਧਿਆਣਾ: ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਵੱਲੋਂ ਸੋਸ਼ਲ ਮੀਡੀਆ ‘ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਹਨ। ਇਹ ਤਸਵੀਰਾਂ ਈਰਾਨੀ ਗੈਂਗ ਦੀਆਂ ਦੱਸੀਆਂ ਜਾ ਰਹੀਆਂ ਹਨ। ਇਸ ਮੌਕੇ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਕਿਹਾ, ਕਿ ਲੁਧਿਆਣਾ ਵਿੱਚ ਈਰਾਨੀ ਗੈਂਗ ਦੇ ਕੁਝ ਮੈਂਬਰ ਐਕਟਿਵ ਹਨ। ਜੋ ਲੋਕਾਂ ਨਾਲ ਲੁੱਟ ਖੋਹ ਕਰਦੇ ਹਨ। ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਲੋਕਾਂ ਨੂੂੰ ਇਨ੍ਹਾਂ ਤੋਂ ਸੂਚੇ ਕਰਨ ਲਈ ਕਿਹਾ ਹੈ।
ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਕਿਹਾ, ਕਿ ਇਸ ਗੈਂਗ ਦੇ ਮੈਂਬਰ ਨਕਲੀ ਪੁਲਿਸ ਅਫ਼ਸਰ ਬਣ ਕੇ, ਨਕਲੀ ਸੀ.ਆਈ.ਏ. ਸਟਾਫ਼ ਤੇ ਨਕਲੀ ਐਕਸਾਈਜ਼ ਅਫ਼ਸਰ ਬਣ ਕੇ ਲੋਕਾਂ ਨਾਲ ਲੁੱਟ ਖਸੁੱਟ ਕਰ ਰਹੇ ਹਨ।
ਪੁਲਿਸ ਮੁਤਾਬਿਕ ਦੇਸ਼ ਭਰ ਵਿੱਚ 700 ਦੇ ਕਰੀਬ ਈਰਾਨੀ ਗੈਂਗ ਦੇ ਮੈਂਬਰ ਹਨ, ਜੋ ਅਜਿਹੀਆਂ ਅਪਰਾਥਿਕ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ। ਇਹ ਮੁਲਜ਼ਮ ਇੱਕ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਉਸ ਸ਼ਹਿਰ ਕਸਬੇ ਨੂੰ ਛੱਡ ਕੇ ਦੂਜੇ ਸ਼ਹਿਰ ਕਸਬੇ ਵਿੱਚ ਆਪਣਾ ਡੇਰਾ ਲਗਾਉਦੇ ਹਨ।
ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਕਿਹਾ, ਕਿ ਹੁਣ ਉਨ੍ਹਾਂ ਨੂੰ ਜਾਣਕਾਰੀ ਮਿਲੀ ਹੈ, ਕਿ ਲੁਧਿਆਣਾ ਦੇ ਵਿੱਚ 25 ਤੋਂ 30 ਇਸ ਗੈਂਗ ਦੇ ਮੈਂਬਰ ਐਕਟਿਵ ਹਨ, ਜੋ ਆਮ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਸਕਦੇ ਹਨ। ਉਨ੍ਹਾਂ ਨੇ ਕਿਹਾ, ਕਿ 2 ਸਾਲ ਪਹਿਲਾਂ ਵੀ ਉਨ੍ਹਾਂ ਨੇ ਇਸ ਗੈਂਗ ਦੇ ਕਈ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਸੀ।
ਉਨ੍ਹਾਂ ਨੇ ਕਿਹਾ, ਕਿ ਪੁਲਿਸ ਆਪਣਾ ਕੰਮ ਕਰ ਰਹੀ ਹੈ, ਪੁਲਿਸ ਵੱਲੋਂ ਮੁਲਜ਼ਮਾਂ ਨੂੰ ਟਰੇਸ ਕੀਤਾ ਜਾ ਰਿਹਾ ਹੈ। ਪਰ ਫਿਰ ਵੀ ਸ਼ਹਿਰ ਵਾਸੀ ਤੇ ਰਾਹਗਿਰ ਆਪਣਾ ਧਿਆਨ ਰੱਖਣ, ਤੇ ਅਜਿਹੀ ਕੋਈ ਜਾਣਕਾਰੀ ਮਿਲਣ ਜਾਂ ਕਿਸੇ ‘ਤੇ ਸ਼ੱਕ ਹੋਵੇ, ਤਾਂ ਉਸ ਦੀ ਜਾਣਕਾਰੀ ਤੁਰੰਤ ਪੁਲਿਸ ਨੂੰ ਦਿੱਤੀ ਜਾਵੇ।