ਲੁਧਿਆਣਾ: ਪੰਜਾਬ ਵਿੱਚ ਕੋਰੋਨਾ ਦੇ ਮਾਮਲਿਆਂ ਵਿੱਚ ਇਜਾਫ਼ਾ ਹੋਣ ਲੱਗ ਗਿਆ ਹੈ। ਲੁਧਿਆਣਾ 'ਚ 6 ਮਹੀਨੇ ਬਾਅਦ ਕਰੋਨਾ ਦੇ ਮਾਮਲਿਆਂ 'ਚ ਵਾਧਾ ਦੇਖਣ ਨੂੰ ਮਿਲਿਆ ਹੈ। ਜੇਕਰ ਤਾਜ਼ਾ ਅੰਕੜਿਆਂ ਦੀ ਗੱਲ ਕਰੀਏ ਤਾਂ 2022 ਅਕਤੂਬਰ ਮਹੀਨੇ ਤੋਂ ਬਾਅਦ ਹੁਣ ਲੁਧਿਆਣਾ 'ਚ ਬੀਤੇ ਦਿਨ 7 ਅਤੇ ਅੱਜ ਮੰਗਲਵਾਰ ਨੂੰ 2 ਵਜੇ ਤੱਕ 4 ਨਵੇਂ ਮਾਮਲੇ ਸਾਹਮਣੇ ਆਏ ਹਨ।
ਲੁਧਿਆਣਾ ਵਿੱਚ 7 ਨਵੇਂ ਕੇਸ: ਜਿਸ ਬਾਰੇ ਸਿਵਲ ਸਰਜਨ ਲੁਧਿਆਣਾ ਡਾ. ਹਤਿੰਦਰ ਕੌਰ ਨੇ ਜਾਣਕਾਰੀ ਸਾਂਝੀ ਕੀਤੀ ਹੈ। ਕਰੋਨਾ ਦੇ ਵੱਧ ਰਹੇ ਮਾਮਲਿਆਂ ਮੱਦੇਨਜ਼ਰ ਮੁੜ ਤੋਂ ਪੰਜਾਬ ਸਿਹਤ ਮਹਿਕਮੇ ਨੇ ਹਦਾਇਤ ਵੀ ਜਾਰੀ ਕੀਤੀ ਹੈ। ਅੱਜ ਮੰਗਲਵਾਰ ਨੂੰ ਲੁਧਿਆਣਾ ਵਿੱਚ ਆਏ 4 ਮਾਮਲਿਆਂ ਵਿੱਚ 3 ਮਹਿਲਾਵਾਂ ਅਤੇ 1 ਪੁਰਸ਼ ਕੋਰੋਨਾ ਸਕਰਾਤਮਕ ਆਇਆ ਹੈ। ਜਿਨ੍ਹਾਂ 'ਚੋਂ 2 ਲੁਧਿਆਣਾ ਦੇ ਬੀ.ਆਰ.ਐਸ ਨਗਰ ਅਤੇ 1 ਬਾਬਾ ਦੀਪ ਸਿੰਘ ਨਗਰ 1 ਜਮਾਲਪੁਰ ਦਾ ਵਸਨੀਕ ਹੈ।
ਕੋਰੋਨਾ ਲਈ ਮੁੜ ਹਦਾਇਤਾਂ ਜਾਰੀ: ਇਸ ਦੌਰਾਨ ਹੀ ਡਾ. ਹਤਿੰਦਰ ਕੌਰ ਸਿਵਲ ਸਰਜਨ ਲੁਧਿਆਣਾ ਨੇ ਇਸ ਦੀ ਪੁਸ਼ਟੀ ਕੀਤੀ ਹੈ ਅਤੇ ਕਿਹਾ ਹੈ ਕਿ ਬੀਤੇ ਦਿਨ 7 ਨਵੇਂ ਕੇਸ ਸਾਹਮਣੇ ਆਏ ਹਨ, ਜਿਸ ਲਈ ਸਿਹਤ ਮਹਿਕਮੇ ਵੱਲੋਂ ਸਬੰਧਿਤ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ ਗਈ ਹੈ। ਇਸ ਸਬੰਧੀ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਇਸ ਦੌਰਾਨ ਲੋਕਾਂ ਨੂੰ ਜਾਗਰੂਕ ਕਰਨ ਅਤੇ ਸੈਂਪਲਿੰਗ ਦੀ ਗਿਣਤੀ ਵਧਾਉਣ ਲਈ ਵੀ ਕਿਹਾ ਗਿਆ ਹੈ। ਉਨ੍ਹਾਂ ਨੇ ਲੋਕਾਂ ਨੂੰ ਕੋਰੋਨਾ ਵਿਰੁੱਧ ਲੜਨ ਲਈ ਮੁੜ ਹਦਾਇਤਾਂ ਜਾਰੀ ਕਰਦਿਆਂ ਕਿਹਾ ਹੈ ਕਿ ਜਿਹੜੇ ਵਿਅਕਤੀ ਕਿਸੇ ਵੀ ਤਰ੍ਹਾਂ ਦੇ ਕਰੋਨਾ ਦੇ ਲੱਛਣਾਂ ਤੋਂ ਪ੍ਰਭਾਵਿਤ ਹਨ, ਉਹ ਤੁਰੰਤ ਨੇੜੇ ਦੇ ਹਸਪਤਾਲ ਨਾਲ ਸੰਪਰਕ ਕਰਨ ਤਾਂ ਜੋ ਇਸ ਭਿਆਨਕ ਬਿਮਾਰੀ ਤੋਂ ਬਚਿਆ ਜਾ ਸਕੇ।
ਲੁਧਿਆਣਾ ਦੇ ਹਸਪਤਾਲਾਂ ਵਿੱਚ ਪੂਰੀ ਤਿਆਰੀ:- ਇਸ ਤੋਂ ਇਲਾਵਾ ਕੋਰੋਨਾ ਦੇ ਨਾਲ ਨਜਿੱਠਣ ਲਈ ਸਿਵਲ ਸਰਜਨ ਲੁਧਿਆਣਾ ਡਾ: ਹਤਿੰਦਰ ਕੌਰ ਨੇ ਦੱਸਿਆ ਕਿ ਸਾਡੇ ਵੱਲੋਂ ਪ੍ਰਬੰਧ ਵੀ ਕੀਤੇ ਗਏ ਹਨ। ਜੇਕਰ ਗੱਲ ਲੁਧਿਆਣਾ ਦੇ ਸਰਕਾਰੀ ਹਸਪਤਾਲਾਂ ਦੀ ਕੀਤੀ ਜਾਵੇ ਤਾਂ 390 ਦੇ ਕਰੀਬ ਆਈਸੋਲੇਸ਼ਨ ਵਾਰਡ ਦੇ ਵਿੱਚ ਬੈਡ ਹਨ। ਜਦੋਂ ਕਿ 2000 ਦੇ ਕਰੀਬ ਬੈਡ ਪ੍ਰਾਈਵੇਟ ਹਸਪਤਾਲਾਂ ਦੇ ਵਿਚ ਮੌਜੂਦ ਹਨ ਅਤੇ ਲੈਵਲ 3 ਦੇ 12 ਬੈਡ ਮੌਜੂਦ ਹਨ। ਲੁਧਿਆਣਾ ਵਿੱਚ 7 ਪੀ.ਐਸ.ਏ ਪਲਾਂਟ ਮੌਜੂਦ ਹਨ।
ਕੋਰੋਨਾ ਤੋਂ ਬਚਾਅ ਜਰੂਰੀ: ਇਸ ਦੌਰਾਨ ਸਿਵਲ ਸਰਜਨ ਡਾ. ਹਤਿੰਦਰ ਕੌਰ ਨੇ ਕਿਹਾ ਕਿ ਸਭ ਤੋਂ ਜ਼ਰੂਰੀ ਬਚਾਅ ਹੈ, ਇਸ ਲਈ ਲੋਕ ਕੋਰੋਨਾ ਤੋਂ ਬਚਾਅ ਜ਼ਰੂਰ ਕਰਨ। ਹਲਾਂਕਿ ਨਵੇਂ ਵਾਇਰਸ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਇਹ ਹਾਲੇ ਮੁੱਢਲੀ ਸਟੇਜ ਹੈ, ਜਿਹੜੇ ਪੋਜ਼ੀਟਿਵ ਮਾਮਲੇ ਆਏ ਹਨ, ਉਨ੍ਹਾਂ ਦੇ ਵਿੱਚ ਵੀ ਇਹ ਵਾਇਰਸ ਹੈ ਜਾਂ ਨਹੀਂ ਇਸ ਬਾਰੇ ਕੋਈ ਪੁਸ਼ਟੀ ਨਹੀਂ ਹੋ ਸਕੀ ਹੈ। ਉਹਨਾਂ ਕਿਹਾ ਕਿ ਸ਼ਹਿਰਾਂ ਦੇ ਨਾਲ ਪਿੰਡਾਂ ਵਿੱਚ ਵੀ ਕਰੋਨਾ ਦੇ ਸੈਂਪਲ ਲੈਣ ਲਈ ਸਿਹਤ ਮਹਿਕਮੇ ਵੱਲੋਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ।
ਇਹ ਵੀ ਪੜੋ:- ASP Balveer Singh : ਪੁੱਛਗਿੱਛ ਸਮੇਂ ਕੈਦੀਆਂ ਦੇ ਤੋੜੇ ਦੰਦ, ਮਨੁੱਖੀ ਅਧਿਕਾਰ ਕਮਿਸ਼ਨ ਨੇ ਕੀਤਾ ਮਾਮਲਾ ਦਰਜ