ਲੁਧਿਆਣਾ: ਰਾਏਕੋਟ ਦੇ ਪਿੰਡ ਗੋਇੰਦਵਾਲ ਵਿਖੇ ਸਮੂਹ ਪਿੰਡ ਵਾਸੀਆਂ ਵੱਲੋਂ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਰਪੰਚ ਸੁਖਪਾਲ ਸਿੰਘ ਸਿੱਧੂ ਚੇਅਰਮੈਨ ਮਾਰਕੀਟ ਕਮੇਟੀ ਰਾਏਕੋਟ ਦੀ ਦੇਖ-ਰੇਖ ਹੇਠ ਕਾਲਾ ਦਿਵਸ ਮਨਾਇਆ ਗਿਆ। ਇਸ ਦੌਰਾਨ ਸਮੂਹ ਪਿੰਡ ਵਾਸੀਆਂ ਵੱਲੋਂ ਜਿੱਥੇ ਆਪਣੇ ਘਰਾਂ ਉੱਪਰ ਕਾਲੇ ਝੰਡੇ ਲਗਾਏ ਗਏ, ਉੱਥੇ ਹੀ ਹੱਥਾਂ ਵਿੱਚ ਕਾਲੇ ਝੰਡੇ ਫੜ ਕੇ ਪਿੰਡ ਵਿੱਚ ਰੋਸ ਮਾਰਚ ਵੀ ਕੱਢਿਆ । ਪਿੰਡ ਵਾਸੀਆਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਵੀ ਕਾਲੇ ਰੰਗ ਦਾ ਬਣਿਆ ਗਿਆ ਸੀ।
ਮੋਦੀ ਦਾ ਠੀਕਰਾ ਭੰਨਿਆ ਤੇੇ ਪੁਤਲਾ ਸਾੜਿਆ
ਪਿੰਡ ਵਾਸੀਆਂ ਵੱਲੋਂ ਕੱਢਿਆ ਗਿਆ ਰੋਸ ਮਾਰਚ ਪਿੰਡ ਦੀਆਂ ਵੱਖ-ਵੱਖ ਗਲੀਆਂ ਵਿੱਚੋਂ ਦੀ ਹੁੰਦਾ ਹੋਇਆ ਲੁਧਿਆਣਾ-ਬਠਿੰਡਾ ਰਾਜ ਮਾਰਗ 'ਤੇ ਸਥਿਤ ਪਿੰਡ ਦੇ ਬੱਸ ਸਟੈਂਡ 'ਤੇ ਪੁੱਜਿਆ। ਇਸ ਮੌਕੇ ਪਿੰਡ ਦੀਆਂ ਔਰਤਾਂ ਵੱਲੋਂ ਪਿੱਟ ਸਿਆਪਾ ਵੀ ਕੀਤਾ ਗਿਆ ਅਤੇ ਬਾਅਦ ਵਿੱਚ ਪੁਤਲਾ ਫੂਕਿਆ ਗਿਆ।
ਇਸ ਮੌਕੇ ਚੇਅਰਮੈਨ ਸੁਖਪਾਲ ਸਿੰਘ ਸਿੱਧੂ ਨੇ ਆਖਿਆ ਕਿ ਕੇਂਦਰ ਦੀ ਮੋਦੀ ਹਕੂਮਤ ਦੀਆਂ ਲੋਕ ਵਿਰੋਧੀ ਨੀਤੀਆਂ ਕਾਰਨ ਅੱਜ ਦੇਸ਼ ਦਾ ਸਮੁੱਚਾ ਵਰਗ ਇਕਜੁੱਟ ਹੋ ਕੇ ਲਾਮਬੰਦ ਹੋ ਗਿਆ ਹੈ ਕਿਉਂਕਿ ਕਾਰਪੋਰੇਟ ਘਰਾਣਿਆਂ ਦੀ ਪੁਸ਼ਤਪਨਾਹੀ ਕਰ ਰਹੀ ਮੋਦੀ ਹਕੂਮਤ ਦੌਰਾਨ ਦੇਸ਼ ਦੇ ਹਰ ਵਰਗ ਨੂੰ ਆਪਣੀ ਹੋਂਦ ਦਾ ਖ਼ਤਰਾ ਜਾਪ ਰਿਹਾ ਹੈ, ਸਗੋਂ ਦੇਸ਼ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਵਾਲੇ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ ਛੇ ਮਹੀਨਿਆਂ ਤੋਂ ਦਿੱਲੀ ਦੇ ਬਾਰਡਰਾਂ ਉਪਰ ਧਰਨੇ 'ਤੇ ਬੈਠੇ ਹਨ ਪ੍ਰੰਤੂ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨਣ ਦੀ ਬਜਾਏ ਉਨ੍ਹਾਂ ਨੂੰ ਬਦਨਾਮ ਕਰਨ 'ਤੇ ਲੱਗੀ ਹੋਈ ਹੈ।