ਲੁਧਿਆਣਾ: ਦਿੱਲੀ ਵਿੱਚ ਗਣਤੰਤਰ ਦਿਵਸ ਮੌਕੇ ਕਿਸਾਨ ਜਥੇਬੰਦੀਆਂ ਵੱਲੋਂ ਟਰੈਕਟਰ ਮਾਰਚ ਕੱਢਣ ਦਾ ਐਲਾਨ ਕੀਤਾ ਗਿਆ ਹੈ। ਇਸ ਨੂੰ ਲੈ ਕੇ ਹਜ਼ਾਰਾਂ ਦੀ ਤਾਦਾਦ ਵਿੱਚ ਪੰਜਾਬ ਤੋਂ ਟਰੈਕਟਰ-ਟਰਾਲੀਆਂ ਦਿੱਲੀ ਵੱਲ ਕੂਚ ਕਰ ਰਹੀਆਂ ਹਨ। ਮਾਝੇ-ਮਾਲਵੇ ਤੋਂ ਆਉਣ ਵਾਲੇ ਜ਼ਿਆਦਾਤਰ ਕਿਸਾਨ ਜਥੇਬੰਦੀਆਂ ਦੀਆਂ ਟਰੈਕਟਰ-ਟਰਾਲੀਆਂ ਦੇ ਜਥੇ ਲੁਧਿਆਣਾ ਲਾਡੋਵਾਲ ਟੋਲ ਪਲਾਜ਼ਾ ਆ ਕੇ ਠਹਿਰੇ, ਜਿੱਥੇ ਗੁਰੂ ਕਾ ਲੰਗਰ 24 ਘੰਟੇ ਅਤੁੱਟ ਵਰਤਿਆ।
ਲਾਡੋਵਾਲ ਟੋਲ ਪਲਾਜ਼ਾ 'ਤੇ ਲੰਗਰ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਪਹਿਲਾਂ ਉਹ ਟਰੱਕਾਂ ਵਿਚ ਲੰਗਰ ਲੈ ਕੇ ਆਉਂਦੇ ਸਨ ਪਰ ਹੁਣ ਦਿੱਲੀ ਨੂੰ ਜਾਣ ਵਾਲੀ ਸੰਗਤ ਦੀ ਤਾਦਾਦ ਲਗਾਤਾਰ ਵੱਧਦੀ ਜਾ ਰਹੀ ਹੈ, ਇਸ ਕਰਕੇ ਉਨ੍ਹਾਂ ਲਾਡੋਵਾਲ ਟੋਲ ਪਲਾਜ਼ਾ 'ਤੇ ਹੀ ਲੰਗਰ ਬਣਾਉਣਾ ਸ਼ੁਰੂ ਕਰ ਦਿੱਤਾ ਹੈ ਜੋ ਕਿ 24 ਘੰਟੇ ਅਤੁੱਟ ਵਰਤਦਾ ਹੈ। ਹਜ਼ਾਰਾਂ ਦੀ ਤਦਾਦ ਵਿੱਚ ਟਰੈਕਟਰ-ਟਰਾਲੀਆਂ ਇੱਥੇ ਰੁਕ ਕੇ ਦਿਨ-ਰਾਤ ਲੰਗਰ ਛਕਦੇ ਹਨ।
ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਮਸਲਾ ਐਮਐਸਪੀ ਦਾ ਨਹੀਂ ਬਲਕਿ 23 ਹੋਰ ਫ਼ਸਲਾਂ ਦਾ ਵੀ ਹੈ ਜਿਸ 'ਤੇ ਉਨ੍ਹਾਂ ਨੂੰ ਨਾ ਤਾਂ ਐਮਐਸਪੀ ਮਿਲਦਾ ਹੈ ਅਤੇ ਨਾ ਹੀ ਮੰਡੀਆਂ ਵਿੱਚ ਉਨ੍ਹਾਂ ਦਾ ਮੁੱਲ ਸਹੀ ਮਿਲਦਾ ਹੈ।
ਉਨ੍ਹਾਂ ਦੱਸਿਆ ਕਿ ਲਗਾਤਾਰ ਕੇਂਦਰ ਨਾਲ ਜੋ ਗੱਲਬਾਤ ਚੱਲ ਰਹੀ ਹੈ ਉਹ ਬੇਸਿੱਟਾ ਨਿਕਲ ਰਹੀ ਹੈ ਕਿਉਂਕਿ ਕੇਂਦਰ ਸਰਕਾਰ ਸੋਧ ਵਿੱਚ ਅੜੀ ਹੋਈ ਹੈ ਜਦੋਂਕਿ ਕਿਸਾਨ ਚਾਹੁੰਦੇ ਹਨ ਅਜਿਹੇ ਕਾਲੇ ਕਾਨੂੰਨ ਰੱਦ ਕੀਤੇ ਜਾਣ।