ਲੁਧਿਆਣਾ: ਪੰਜਾਬ ਵਿੱਚ ਝੋਨੇ ਦਾ ਸੀਜ਼ਨ ਚੱਲ ਰਿਹਾ ਹੈ ਅਤੇ ਪਰਾਲੀ ਇੱਕ ਵਾਰ ਮੁੜ ਤੋਂ ਕਿਸਾਨਾਂ ਦੇ ਲਈ ਸਿਰਦਰਦੀ ਬਣੀ ਹੋਈ ਹੈ ਪਰ ਹੁਣ ਕਿਸਾਨ ਮਸ਼ਰੂਮ ਦੀ ਖੇਤੀ (Mushroom cultivation) ਕਰਕੇ ਨਾ ਸਿਰਫ ਪਰਾਲੀ ਦਾ ਨਬੇੜਾ ਕਰ ਸਕਦੇ ਨੇ ਸਗੋਂ ਉਨ੍ਹਾਂ ਨੂੰ ਇਸ ਤੋਂ ਵਧੇਰੇ ਮੁਨਾਫ਼ਾ ਵੀ ਹੋ ਸਕਦਾ ਹੈ। ਇੱਕ ਛੋਟੇ ਜਿਹੇ ਕਮਰੇ ਤੋਂ ਮਸ਼ਰੂਮ ਦੀ ਖੇਤੀ ਹੋ ਸਕਦੀ ਹੈ। ਪੀਏਯੂ ਲੁਧਿਆਣਾ ਵਿੱਚ 50 ਰੁਪਏ ਵਿੱਚ ਤੁਹਾਨੂੰ ਮਸ਼ਰੂਮ ਉਗਾਉਣ ਦੇ ਬੈਗ ਮਿਲਦੇ ਹਨ। ਸਿਰਫ਼ ਢਾਈ ਮਹੀਨੇ ਵਿੱਚ ਮਸ਼ਰੂਮ ਦੀ ਪੈਦਾਵਾਰ ਸ਼ੁਰੂ ਹੋ ਜਾਂਦੀ ਹੈ ਜਿਸ ਨਾਲ ਪ੍ਰਤੀ ਕਿੱਲੋ ਕਿਸਾਨ 50 ਰੁਪਏ ਤੱਕ ਮੁਨਾਫਾ ਅਸਾਨੀ ਦੇ ਨਾਲ ਕਮਾ ਸਕਦੇ ਹਨ। 30 ਤੋਂ 40 ਹਜ਼ਾਰ ਰੁਪਏ ਦੇ ਖਰਚੇ ਦੇ ਨਾਲ ਸਵੈ-ਰੁਜਗਾਰ ਦੀ ਸ਼ੁਰੂਆਤ ਕਰਕੇ ਇਸ ਤੋਂ ਨੌਜਵਾਨ ਕਾਫੀ ਫ਼ਾਇਦਾ ਹਾਸਿਲ ਕਰ ਸਕਦੇ ਹਨ।
ਚੋਖਾ ਮੁਨਾਫਾ ਅਤੇ ਪਰਾਲੀ ਦਾ ਹੱਲ: ਪੰਜਾਬ ਦੇ ਵਿੱਚ 5 ਕਿਸਮਾਂ ਦੇ ਮਸ਼ਰੂਮ ਹੁੰਦੇ ਨੇ ਜਿਨ੍ਹਾਂ ਵਿੱਚ ਬਟਨ ਮਸ਼ਰੂਮ, ਮਿਲਕੀ ਮਸ਼ਰੂਮ, ਉਇਸਟਰ ਮਸ਼ਰੂਮ, ਪੇਡੀ ਸਟਰਾਅ ਮਸ਼ਰੂਮ ਅਤੇ ਸ਼ੀਟਾਕੇ ਮਸ਼ਰੂਮ ਦੀ ਕਿਸਮ ਸ਼ਾਮਿਲ ਹੈ। ਇਨ੍ਹਾਂ ਵਿੱਚੋਂ 2 ਕਿਸਮਾਂ ਦੀ ਪੈਦਾਵਾਰ ਗਰਮੀਆਂ ਵਿੱਚ ਜਦੋਂ ਕਿ 3 ਕਿਸਮਾਂ ਕਿਸਾਨ ਸਰਦੀਆਂ ਵਿੱਚ ਲਾ ਸਕਦੇ ਨੇ। ਇਹ ਸੀਜ਼ਨ ਮਸ਼ਰੂਮ ਦੀ ਖੇਤੀ ਲਈ ਅਨੁਕੂਲ ਹੈ। 23 ਡਿਗਰੀ ਤਾਪਮਾਨ ਉੱਤੇ ਮਸ਼ਰੂਮ ਦੀ ਭਰਪੂਰ ਪੈਦਾਵਾਰ (Abundant mushroom production) ਹੁੰਦੀ ਹੈ। ਮਸ਼ਰੂਮ ਨੂੰ ਸਿੱਧੇ ਤੌਰ ਉੱਤੇ ਖਾਣ ਦੇ ਨਾਲ-ਨਾਲ ਇਸ ਦੇ ਕਈ ਪ੍ਰੋਡਕਟ ਵੀ ਤਿਆਰ ਕੀਤੇ ਜਾ ਸਕਦੇ ਹਨ, ਜਿਸ ਨਾਲ ਇਨ੍ਹਾਂ ਦੀ ਸ਼ੈਲਫ਼ ਲਾਈਫ ਵਿੱਚ ਵਾਧਾ ਹੋ ਜਾਂਦਾ ਹੈ ਅਤੇ ਇਸ ਨੂੰ ਸਟੋਰ ਕੀਤਾ ਜਾ ਸਕਦਾ ਹੈ। ਮਸ਼ਰੂਮ ਦੀ ਵਿਸ਼ੇਸ਼ ਕਿਸਮ ਪੈਡੀ ਮਸ਼ਰੂਮ ਸਟਰਾਅ ਗਰਮੀਆਂ ਵਿੱਚ ਹੁੰਦੀ ਹੈ, ਪਰ ਇਸ ਦੇ ਨਾਲ ਕਿਸਾਨਾਂ ਦੀ ਪਰਾਲੀ ਵੀ ਵੱਡੇ ਪੱਧਰ ਉੱਤੇ ਵਰਤੀ ਜਾ ਸਕਦੀ ਹੈ।
ਕੈਂਸਰ ਰੋਗੀਆਂ ਲਈ ਮਸ਼ਰੂਮ ਵਰਦਾਨ: ਮਸ਼ਰੂਮ 'ਚ ਮੁੱਖ ਤੌਰ ਉੱਤੇ ਪ੍ਰੋਟੀਨ ਅਤੇ ਕੈਲਸ਼ੀਅਮ ਦੀ ਵਧੇਰੇ ਮਾਤਰਾ (High in protein and calcium) ਹੁੰਦੀ ਹੈ ਜੋਕਿ ਵਿਟਾਮਿਨ ਡੀ ਵਧੇਰੇ ਮਾਤਰਾ ਵਿੱਚ ਦਿੰਦੀ ਹੈ। ਮਸ਼ਰੂਮ ਕੈਂਸਰ ਪੀੜਤ ਮਰੀਜ਼ਾਂ ਦੇ ਲਈ ਵੀ ਕਾਫ਼ੀ ਲਾਹੇਵੰਦ ਨੇ। ਪੰਜਾਬ ਨੈਚਰੋਪੈਥੀ ਭਦੌੜ ਵਿੱਚ ਕੰਮ ਕਰਨ ਵਾਲੀ ਰਾਜਵਿੰਦਰ ਕੌਰ ਵੀ ਪੀਏਯੂ ਵਿੱਚ 5 ਦਿਨੀਂ ਮਸ਼ਰੂਮ ਫਾਰਮਿੰਗ ਦੀ ਸਿਖਲਾਈ ਲੈਣ ਲਈ ਆਈ ਹੈ, ਉਨ੍ਹਾ ਦੱਸਿਆ ਕਿ ਨੈਚਰੋਪੈਥੀ ਵਿੱਚ ਮਸ਼ਰੂਮ ਦੀ ਵਧੇਰੇ ਮਹਤੱਤਾ ਹੈ, ਡਾਕਟਰ ਵਿਸ਼ੇਸ਼ ਤੌਰ ਉੱਤੇ ਕੈਂਸਰ ਪੀੜਤਾਂ ਨੂੰ ਮਸ਼ਰੂਮ ਖਾਣ ਦੀ ਸਲਾਹ ਦਿੰਦੇ ਨੇ। ਇਸ ਕਰਕੇ ਹੀ, ਮੈਂ ਮਸ਼ਰੂਮ ਦੀ ਖੇਤੀ ਸਿੱਖ ਰਹੇ ਹਾਂ, ਮੈਂ ਕਈ ਡਿਗਰੀਆਂ ਕਰ ਚੁੱਕੀ ਹੈ, ਪਰ ਹੁਣ ਮਸ਼ਰੂਮ ਦੀ ਖੇਤੀ ਵੱਲ ਮੇਰਾ ਰੁਝਾਨ ਵਧਿਆ ਹੈ। ਇਹ ਕੈਂਸਰ ਰੋਗੀਆਂ ਦੇ ਨਾਲ ਹੋਰ ਰੋਗੀਆਂ ਲਈ ਖਾਸ ਕਰਕੇ ਜੋੜਾਂ ਦੇ ਦਰਦ ਦੇ ਮਰੀਜ਼, ਵਿਟਾਮਿਨ ਡੀ ਦੀ ਕਮੀ ਵਾਲੇ ਮਰੀਜ਼ਾਂ ਦੇ ਲਈ ਵਧੇਰੇ ਲਾਹੇਵੰਦ ਹੈ।
ਮੁਫ਼ਤ ਦਿੱਤੀ ਜਾਂਦੀ ਹੈ ਸਿਖਲਾਈ: ਪੀਏਯੂ ਵਿੱਚ ਮੁਫ਼ਤ ਵਿੱਚ ਮਸ਼ਰੂਮ ਦੀ ਖੇਤੀ ਦੀ ਸਿਖਲਾਈ ਦਿੱਤੀ ਜਾਂਦੀ ਹੈ, ਪਹਿਲਾਂ 135 ਕਿਸਾਨਾਂ ਦਾ ਬੈਚ ਸਿਖਲਾਈ ਲੈਣ ਤੋਂ ਬਾਅਦ ਦੂਜਾ ਬੈਚ ਸ਼ੁਰੂ ਹੋ ਗਿਆ ਹੈ। ਦੂਜੇ ਬੈਚ ਵਿੱਚ 72 ਦੇ ਕਰੀਬ ਨੌਜਵਾਨ ਮੁੰਡੇ, ਲੜਕੀਆਂ ਅਤੇ ਕਿਸਾਨ ਸ਼ਾਮਿਲ ਨੇ। ਪੀਏਯੂ ਮਸ਼ਰੂਮ ਵਿਭਾਗ (PAU Mushroom Department) ਦੀ ਮੁਖੀ ਡਾਕਟਰ ਸ਼ਿਵਾਨੀ ਸ਼ਰਮਾ ਨੇ ਦੱਸਿਆ ਕਿ 'ਪੀਏਯੂ ਵਿੱਚ ਕਿਸਾਨਾਂ ਨੂੰ ਮਸ਼ਰੂਮ ਦੀ ਫ਼ਸਲ ਉਗਾਉਣ ਦੇ ਲਈ ਕੰਮਪੋਸਟ ਖਾਦ ਤਿਆਰ ਕਰਨ ਦੀ ਸਿਖਲਾਈ ਦਿੱਤੀ ਜਾਂਦੀ ਹੈ। ਪੰਜਾਬ ਵਿੱਚ 19 ਹਜ਼ਾਰ 700 ਟਨ ਮਸ਼ਰੂਮ ਦੀ ਖੇਤੀ ਹੁੰਦੀ ਹੈ, 200 ਤੋਂ ਵਧੇਰੇ ਵੱਡੇ-ਛੋਟੇ ਕੇਂਦਰ ਪੰਜਾਬ ਵਿੱਚ ਸਥਿਤ ਹਨ। 5 ਕਿਸਮਾਂ ਮਸ਼ਰੂਮ ਦੀਆਂ ਪੰਜਾਬ ਵਿੱਚ ਹੁੰਦੀਆਂ ਨੇ ਅਤੇ ਸਭ ਤੋਂ ਮਹਿੰਗੀ ਟਿੰਗਰੀ ਵਿਕਦੀ ਹੈ। ਵਿਭਾਗ ਦੀ ਹੀ ਮਾਹਿਰ ਡਾਕਟਰ ਜਸਪ੍ਰੀਤ ਕੌਰ ਨੇ ਦੱਸਿਆ ਕਿ ' ਮਸ਼ਰੂਮ ਦੀ ਖੇਤੀ ਤੁਸੀ ਆਪਣੇ ਛੋਟੇ ਜਿਹੇ ਕਮਰੇ ਤੋਂ ਵੀ ਸ਼ੁਰੂ ਕਰ ਸਕਦੇ ਹੋ, ਇਹ ਇਨਡੋਰ ਹੋਣ ਵਾਲੀ ਫਸਲ ਹੈ, ਇਸ ਨੂੰ ਤਿਆਰ ਹੋਣ ਲਈ ਰੂਮ ਦਾ ਪਾਰਾ 23 ਡਿਗਰੀ ਦੇ ਨੇੜੇ ਹੋਣਾ ਚਾਹੀਦਾ ਹੈ, ਪਹਿਲੀ ਪੈਦਾਵਰ ਲਈ ਢਾਈ ਮਹੀਨੇ ਤੱਕ ਦਾ ਸਮਾਂ ਜਾਂ ਇਸ ਤੋਂ ਜ਼ਿਆਦਾ ਵੀ ਲੱਗ ਸਕਦਾ ਹੈ। ਇਸ ਉੱਤੇ ਮਿਹਨਤ ਬਹੁਤ ਜ਼ਿਆਦਾ ਲੱਗਦੀ ਹੈ, ਇਸ ਕਰਕੇ ਇਸ ਨੂੰ ਉਗਾਉਣ ਲਈ ਮੁੱਖ ਤੌਰ ਉੱਤੇ ਕਮਰੇ ਦਾ ਪਾਰਾ ਸਹੀ ਰੱਖਣਾ ਹੀ ਮੁੱਖ ਹੈ।
- Kultar Sandhavan in funeral prayers: ਸਪੀਕਰ ਕੁਲਤਾਰ ਸੰਧਵਾਂ ਅਤੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਰੌੜੀ ਪੁੱਜੇ ਬਿਆਸ, ਪੱਤਰਕਾਰ ਜਗਤਾਰ ਸਿੰਘ ਦੇ ਪਿਤਾ ਦੀ ਅੰਤਿਮ ਅਰਦਾਸ 'ਚ ਹੋਏ ਸ਼ਾਮਿਲ
- Three members of Babbar Khalsa arrested: ਅੰਮ੍ਰਿਤਸਰ 'ਚ ਬੱਬਰ ਖਾਲਸਾ ਇੰਟਰਨੈਸ਼ਨਲ ਮਡਿਊਲ ਦੇ ਤਿੰਨ ਮੈਂਬਰ ਗ੍ਰਿਫ਼ਤਾਰ, ਮੁਲਜ਼ਮਾਂ ਕੋਲੋਂ ਅਸਲਾ ਵੀ ਬਰਾਮਦ
- Vigilance arrested the police inspector: ਹੁਸ਼ਿਆਰਪੁਰ 'ਚ ਇੰਸਪੈਕਟਰ ਰਿਸ਼ਵਤ ਲੈਂਦੇ ਰੰਗੀ ਹੱਥੀਂ ਗ੍ਰਿਫ਼ਤਾਰ, ਵਿਜੀਲੈਂਸ ਨੇ ਕੀਤੀ ਕਾਰਵਾਈ
ਮਸ਼ਰੂਮ ਦੀ ਖੇਤੀ ਸਿੱਖਣ ਆਏ ਜਲੰਧਰ ਦੇ ਨੌਜਵਾਨ ਜਸਮੀਤ ਸਿੰਘ ਨੇ ਦੱਸਿਆ 'ਮੈਂ ਮਧੂ ਮੱਖੀ ਪਾਲਣ ਦਾ ਕੰਮ ਕਰਦਾ ਹਾਂ, ਉਸ ਤੋਂ ਮੈਂ ਕਾਫੀ ਮੁਨਾਫਾ ਕਮਾਇਆ ਹੈ, ਹੁਣ ਮੈਂ ਸੋਚਿਆ ਕਿ ਮਧੂ ਮੱਖੀ ਪਾਲਣ ਦੇ ਨਾਲ ਮਸ਼ਰੂਮ ਦੀ ਖੇਤੀ ਸ਼ੁਰੂ ਕੀਤੀ ਜਾਵੇ, ਜਿਸ ਕਰਕੇ ਮੈਂ ਪੀਏਯੂ ਸਿਖਲਾਈ ਲੈਣ ਆਇਆ ਹਾਂ, ਜਿੱਥੇ ਕਾਫੀ ਵਧੀਆ ਢੰਗ ਦੇ ਨਾਲ ਪ੍ਰੈਕਟੀਕਲ ਅਤੇ ਥਿਊਰੀ ਦੀ ਜਾਣਕਾਰੀ ਦਿੱਤੀ ਜਾਂਦੀ ਹੈ । ਪਹਿਲਾਂ ਮੇਰਾ ਮਨ ਵੀ ਪੰਜਾਬ ਦੇ ਬਾਕੀ ਨੌਜਵਾਨਾਂ ਦੇ ਨਾਲ ਵਿਦੇਸ਼ ਜਾਣ ਦਾ ਸੀ, ਫਿਰ ਮੈਂ ਸੋਚਿਆ ਕਿ ਕਿਉਂ ਨਾ ਇੱਥੇ ਰਹਿ ਕੇ ਕੋਈ ਕੰਮ ਕੀਤਾ ਜਾਵੇ, ਜੇਕਰ ਅਸੀਂ ਪੰਜਾਬ ਵਿੱਚ ਰਹਿ ਕੇ ਹੀ ਆਧੁਨਿਕ ਤਕਨੀਕ ਨਾਲ ਖੇਤੀ ਕਰਦੇ ਹਾਂ ਤਾਂ ਵਿਦੇਸ਼ਾਂ ਜਾਣ ਦੀ ਲੋੜ ਨਹੀਂ ਹੈ।'