ਲੁਧਿਆਣਾ: ਦੇਸ਼ ਭਰ ਦੇ ਵਿੱਚ ਟਰੱਕ ਡਰਾਈਵਰਾਂ ਦੀ ਹੜਤਾਲ ਦੇ ਚੱਲਦਿਆਂ ਹੁਣ ਇਸ ਦਾ ਅਸਰ ਵਿਖਾਈ ਦੇਣ ਲੱਗਾ ਹੈ। ਪਹਿਲਾ ਪੈਟਰੋਲ ਡੀਜ਼ਲ ਦੀ ਮਾਰ ਅਤੇ ਹੁਣ ਦੁੱਧ ਦੀ ਸਪਲਾਈ 'ਤੇ ਵੀ ਇਸਦਾ ਮਾੜਾ ਅਸਰ ਪੈ ਸਕਦਾ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਸਬਜ਼ੀਆਂ ਵੀ ਮਹਿੰਗੀਆਂ ਹੋ ਸਕਦੀਆਂ ਹਨ ਕਿਉਂਕਿ ਟਰਾਂਸਪੋਰਟੇਸ਼ਨ ਪੂਰੀ ਤਰ੍ਹਾਂ ਠੱਪ ਹੋ ਚੁੱਕੀ ਹੈ। ਡਰਾਈਵਰ ਲਗਾਤਾਰ ਵਿਰੋਧ ਕਰ ਰਹੇ ਹਨ, ਕਈ ਵਾਰ ਬੈਠਕ ਹੋਣ ਦੇ ਬਾਵਜੂਦ ਬੈਠਕ ਬੇਸਿੱਟਾ ਆ ਰਹੀ ਹੈ।
ਦੁੱਧ ਤੇ ਸਬਜ਼ੀਆਂ 'ਤੇ ਅਸਰ: ਕਿਸਾਨ ਯੂਨੀਅਨ ਦੇ ਆਗੂਆਂ ਨੇ ਇਸ 'ਤੇ ਗੰਭੀਰ ਚਿੰਤਾ ਜਹਿਰ ਕੀਤੀ ਹੈ। ਭਾਰਤੀ ਕਿਸਾਨੀ ਯੂਨੀਅਨ ਲੱਖੋਵਾਲ ਦੇ ਜਨਰਲ ਸੈਕਟਰੀ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਜੇਕਰ ਇਹੀ ਹਾਲ ਰਿਹਾ ਤਾਂ ਦੁੱਧ ਦੀ ਸਪਲਾਈ ਅਤੇ ਸਬਜ਼ੀਆਂ ਦੀ ਸਪਲਾਈ ਦੇ ਵਿੱਚ ਵੀ ਵਿਘਨ ਆਵੇਗਾ। ਇਸ ਨਾਲ ਨਾ ਸਿਰਫ ਕਿਸਾਨਾਂ ਦਾ ਨੁਕਸਾਨ ਹੋਵੇਗਾ, ਸਗੋਂ ਆਮ ਲੋਕ ਵੀ ਇਸ ਨਾਲ ਪੂਰੀ ਤਰ੍ਹਾਂ ਪ੍ਰਭਾਵਿਤ ਹੋਣਗੇ। ਉਹਨਾਂ ਕਿਹਾ ਕਿ ਸਰਕਾਰ ਨੂੰ ਤੁਰੰਤ ਇਸ ਸਬੰਧੀ ਕੋਈ ਨਾ ਕੋਈ ਫੈਸਲਾ ਜ਼ਰੂਰ ਲੈਣਾ ਪਵੇਗਾ।
ਕਿਸਾਨੀ ਹੋਵੇਗੀ ਬੁਰੀ ਤਰ੍ਹਾਂ ਪ੍ਰਭਾਵਿਤ: ਸਾਡੀ ਟੀਮ ਨਾਲ ਗੱਲਬਾਤ ਕਰਦੇ ਹੋਏ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਸਰਕਾਰ ਵੱਲੋਂ ਜਿਸ ਤਰ੍ਹਾਂ ਕਾਲੇ ਕਾਨੂੰਨ ਬਣਾਏ ਗਏ ਸਨ, ਉਸੇ ਤਰ੍ਹਾਂ ਇਹ ਕਾਨੂੰਨ ਬਣਾ ਕੇ ਵੱਡਾ ਨੁਕਸਾਨ ਲੋਕਾਂ ਦਾ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਸਾਡਾ ਡਰਾਈਵਰ ਭਾਈਚਾਰਾ ਇਸ ਨੂੰ ਕਿਸੇ ਵੀ ਹਾਲਤ ਦੇ ਵਿੱਚ ਮਨਜੂਰ ਨਹੀਂ ਕਰੇਗਾ। ਉਹਨਾਂ ਕਿਹਾ ਕਿ ਸਾਡੇ ਕਿਸਾਨਾਂ ਦਾ ਵੱਡਾ ਨੁਕਸਾਨ ਹੋਵੇਗਾ ਕਿਉਂਕਿ ਸਾਡੀ ਕਿਸਾਨੀ ਲਈ ਪੈਟਰੋਲ ਅਤੇ ਡੀਜ਼ਲ ਬੇਹਦ ਜ਼ਰੂਰੀ ਹੈ। ਉਹਨਾਂ ਕਿਹਾ ਕਿ ਟਰੈਕਟਰਾਂ ਦੇ ਵਿੱਚ ਡੀਜ਼ਲ ਦੀ ਲੋੜ ਪੈਂਦੀ ਹੈ ਤੇ ਜੇਕਰ ਡੀਜ਼ਲ ਦੀ ਸਪਲਾਈ ਨਹੀਂ ਹੋਵੇਗੀ ਤਾਂ ਟਰੈਕਟਰ ਨਹੀਂ ਚੱਲਣਗੇ। ਲੱਖੋਵਾਲ ਨੇ ਕਿਹਾ ਕਿ ਆਉਂਦੇ ਦਿਨਾਂ 'ਚ ਦੁੱਧ ਦੀ ਸਪਲਾਈ ਅਤੇ ਸਬਜ਼ੀਆਂ ਦੀ ਸਪਲਾਈ ਵੀ ਇਸ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਸਕਦੀ ਹੈ ਅਤੇ ਕੀਮਤਾਂ ਦੇ ਵਿੱਚ ਵੀ ਵਾਧਾ ਹੋ ਸਕਦਾ ਹੈ। ਅਜਿਹੇ 'ਚ ਆਮ ਲੋਕਾਂ ਦੇ ਨੁਕਸਾਨ ਦੇ ਨਾਲ ਕਿਸਾਨਾਂ ਦਾ ਵੀ ਨੁਕਸਾਨ ਹੋਵੇਗਾ।
ਕੇਂਦਰ ਬਣਾ ਰਹੀ ਲੋਕ ਮਾਰੂ ਨੀਤੀਆਂ: ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜਨਰਲ ਸੈਕਟਰੀ ਹਰਿੰਦਰ ਸਿੰਘ ਲਖੋਵਾਲ ਨੇ ਇਹ ਵੀ ਕਿਹਾ ਕਿ ਦੁੱਧ ਜ਼ਿਆਦਾ ਦੇਰ ਨਹੀਂ ਰਹਿੰਦਾ, ਉਹ ਖਰਾਬ ਹੋ ਜਾਂਦਾ ਹੈ। ਅਜਿਹੇ ।ਚ ਉਸ ਦੀ ਸਪਲਾਈ ਰੁਕਣ ਦੇ ਨਾਲ ਕਿਸਾਨਾਂ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋਵੇਗਾ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਹਮੇਸ਼ਾ ਹੀ ਲੋਕ ਮਾਰੂ ਨੀਤੀਆਂ ਬਣਾਉਂਦੀ ਹੈ ਅਤੇ ਇਸ ਨਾਲ ਡਰਾਈਵਰ ਭਾਈਚਾਰਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਉਹਨਾਂ ਕਿਹਾ ਕਿ ਅਜਿਹੇ ਕਾਨੂੰਨ ਤੁਰੰਤ ਵਾਪਸ ਲੈਣ ਦੀ ਲੋੜ ਹੈ ਤਾਂ ਜੋ ਡਰਾਈਵਰ ਭਾਈਚਾਰਾ ਕੰਮ 'ਤੇ ਪਰਤ ਸਕੇ ਅਤੇ ਜਿੰਦਗੀ ਆਮ ਹੋ ਸਕੇ।