ਲੁਧਿਆਣਾ: ਖੇਤੀ ਕਾਨੂੰਨਾਂ ਕਾਰਨ ਅਤੇ ਬੀਤੇ ਕੱਲ੍ਹ ਵਾਪਰੀ ਉੱਤਰ ਪ੍ਰਦੇਸ਼ ਦੀ ਲਖੀਮਪੁਰ ਖੀਰੀ ਘਟਨਾ ਤੋਂ ਪ੍ਰੇਸ਼ਾਨ ਜਗਰਾਓ ਦੇ ਪਿੰਡ ਸੁਧਾਰ (ਪੱਤੀ ਧਾਲੀਵਾਲ) ਦੇ ਕਿਸਾਨ ਪਰਮਜੀਤ ਸਿੰਘ (60 ਸਾਲ) ਪੁੱਤਰ ਜੋਰਾ ਸਿੰਘ ਨੇ ਮੰਗਲਵਾਰ ਸ਼ਾਮ ਸਮੇਂ ਬਕਾਇਦਾ ਖੁਦਕੁਸ਼ੀ ਨੋਟ ਲਿਖਣ ਉਪਰੰਤ ਗਲ ਅੰਦਰ ਪਾ ਕੇ ਰੱਖਦੇ ਪਰਨੇ ਨਾਲ ਫਾਹਾ ਲੈ ਕੇ ਜੀਵਨ ਲੀਲਾ ਸਮਾਪਤ ਕਰ ਲਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਸੁਧਾਰ (ਪੱਤੀ ਧਾਲੀਵਾਲ) ਲੰਘਦੀ ਅਬੋਹਰ ਬਰਾਂਚ ਨਹਿਰ ਦੇ ਦੂਜੇ ਬੰਨ੍ਹੇ ਸੰਘਣੇ ਦਰੱਖਤਾਂ ਵਿੱਚ ਪ੍ਰੇਸ਼ਾਨ ਕਿਸਾਨ ਪਰਮਜੀਤ ਸਿੰਘ ਨੇ ਪਰਨੇ ਨਾਲ ਫਾਹਾ ਲੈ ਲਿਆ। ਨਰੇਗਾ ਦਾ ਕੰਮ ਨਿਪਟਾ ਕੇ ਗੁਜ਼ਰ ਰਹੀਆਂ ਔਰਤਾਂ ਨੇ ਲਟਕਦੀ ਲਾਸ਼ ਦੇਖ ਕੇ ਸਾਬਕਾ ਸਰਪੰਚ ਜਸਵਿੰਦਰ ਸਿੰਘ ਧਾਲੀਵਾਲ ਤੇ ਸਰਪੰਚ ਸਤਵੰਤ ਸਿੰਘ ਨੂੰ ਸੂਚਿਤ ਕੀਤਾ। ਮੌਕੇ 'ਤੇ ਪਹੁੰਚੇ ਥਾਣਾ ਮੁਖੀ ਜਸਵੀਰ ਸਿੰਘ ਬੁੱਟਰ ਸਮੇਤ ਪੁਲਿਸ ਪਾਰਟੀ ਨੇ ਲਾਸ਼ ਨੂੰ ਆਪਣੇ ਕਬਜ਼ੇ ਅੰਦਰ ਲੈ ਲਿਆ। ਮ੍ਰਿਤਕ ਦੀ ਜੇਬ ਵਿੱਚੋਂ ਇਕ ਖੁਦਕੁਸ਼ੀ ਨੋਟ ਵੀ ਮਿਲਿਆ।
ਜਿਸ ਵਿਚ ਉਸ ਨੇ ਖੇਤੀ ਕਾਨੂੰਨ ਰੱਦ ਨਾ ਹੋਣ ਅਤੇ ਲਖੀਮਪੁਰ ਖੇੜੀ ਦੀ ਘਟਨਾ ਤੋਂ ਆਪਣੇ ਆਪ ਨੂੰ ਬੇਹੱਦ ਪ੍ਰੇਸ਼ਾਨ ਦੱਸਿਆ। ਮ੍ਰਿਤਕ ਕਿਸਾਨ ਦਿੱਲੀ ਕਿਸਾਨ ਅੰਦੋਲਨ ਅੰਦਰ ਆਉਂਦਾ ਜਾਂਦਾ ਰਹਿੰਦਾ ਸੀ ਤੇ ਮਹਿਜ 5 ਦਿਨ ਪਹਿਲਾਂ ਹੀ ਵਾਪਸ ਪਰਤਿਆ ਸੀ। ਉਹ ਆਪਣੇ ਪਿੱਛੇ ਪਤਨੀ ਤੋਂ ਇਲਾਵਾ ਤਿੰਨ ਲੜਕੇ ਛੱਡ ਗਿਆ ਹੈ। ਉਕਤ ਘਟਨਾ ਤੋਂ ਬਾਅਦ ਕਿਸਾਨ ਜਥੇਬੰਦੀਆਂ ਸਿਵਲ ਹਸਪਤਾਲ ਸੁਧਾਰ ਵਿਖੇ ਇਕੱਠੀਆਂ ਹੋਣੀਆਂ ਸ਼ੁਰੂ ਹੋ ਗਈਆਂ ਸਨ। ਸਾਬਕਾ ਸਰਪੰਚ ਜਸਵਿੰਦਰ ਸਿੰਘ ਨੇ ਸਰਕਾਰ ਪਾਸੋਂ ਪੀੜਤ ਪਰਿਵਾਰ ਨੂੰ ਢੁੱਕਵਾਂ ਮੁਆਵਜ਼ਾ ਤੇ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ:- ਲਖੀਮਪੁਰ ਖੇੜੀ ਮਾਮਲੇ 'ਚ ਸਿੱਧੂ ਦੀ ਚਿਤਾਵਨੀ, ਹਰੀਸ਼ ਰਾਵਤ ਨੇ ਕੀਤੀ ਹਮਾਇਤ