ਲੁਧਿਆਣਾ: ਆਬਕਾਰੀ ਵਿਭਾਗ ਵੱਲੋਂ ਸੂਬੇ ਵਿੱਚ ਗੈਰ ਕਾਨੂੰਨੀ ਸ਼ਰਾਬ ਦੇ ਕਾਰੋਬਾਰ ਨੂੰ ਜੜ੍ਹੋਂ ਖ਼ਤਮ ਕਰਨ ਲਈ ਆਪ੍ਰੇਸ਼ਨ ਰੈਡ ਰੋਜ਼ ਤਹਿਤ ਵਿੱਢੀ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਸਤਲੁਜ ਦਰਿਆ ਨਾਲ ਲੱਗਦੇ ਲੁਧਿਆਣਾ ਜ਼ਿਲ੍ਹੇ ਦੇ ਪਿੰਡਾਂ ਖੈਰਾ ਬੇਟ ਅਤੇ ਨਿਊ ਰਾਜਾਪੁਰ ਵਿਖੇ ਛਾਪਾ ਮਾਰਿਆ। ਇਹ ਕਾਰਵਾਈ ਆਬਕਾਰੀ ਤੇ ਸਥਾਨਕ ਪੁਲਿਸ ਦੀਆਂ ਟੀਮਾਂ ਵੱਲੋਂ ਸਾਂਝੇ ਤੌਰ ਉੱਤੇ ਕੀਤੀ।
ਕਾਰਵਾਈ ਦੇ ਵੇਰਵੇ ਸਾਂਝੇ ਕਰਦਿਆਂ ਆਬਕਾਰੀ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ 1.30 ਲੱਖ ਲੀਟਰ ਲਾਹਨ ਫੜੀ ਗਈ ਜਿਸ ਨੂੰ ਨਸ਼ਟ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਤਰਪਾਲਾਂ, 2 ਡਰੰਮ, ਇੱਕ ਪਾਈਪ ਅਤੇ ਇਕ ਚਾਲੂ ਭੱਠੀ ਵੀ ਜ਼ਬਤ ਕੀਤੀ ਗਈ। ਵਿਭਾਗ ਵੱਲੋਂ ਅਧਿਕਾਰਤ ਪੁਲਿਸ ਥਾਣੇ ਵਿੱਚ ਕੇਸ ਵੀ ਦਰਜ ਕਰਵਾ ਦਿੱਤਾ ਗਿਆ।
ਗੈਰ ਸਮਾਜੀ ਤੱਤਾਂ ਨੂੰ ਸਖ਼ਤ ਸੁਨੇਹਾ ਦਿੰਦਿਆਂ ਬੁਲਾਰੇ ਨੇ ਵਿਭਾਗ ਵੱਲੋਂ ਅਜਿਹੇ ਤੱਤਾਂ ਨੂੰ ਠੱਲ੍ਹ ਪਾਉਣ ਦੀ ਆਪਣੀ ਵਚਨਬੱਧਤਾ ਦੁਹਰਾਈ। ਉਨ੍ਹਾਂ ਕਿਹਾ ਕਿ ਨਜਾਇਜ਼ ਸ਼ਰਾਬ, ਸ਼ਰਾਬ ਦੀ ਤਸਕਰੀ ਆਦਿ ਦੇ ਮਾਮਲੇ ਵਿੱਚ ਦੋਸ਼ੀ ਪਾਇਆ ਜਾਣ ਵਾਲਾ ਕੋਈ ਵੀ ਵਿਅਕਤੀ ਬਖਸ਼ਿਆ ਨਹੀਂ ਜਾਵੇਗਾ।