ਲੁਧਿਆਣਾ: ਬਿਜਲੀ ਵਿਭਾਗ ਨੇ ਵੀਰਵਾਰ ਨੂੰ ਸਰਕਾਰੀ ਵਿਭਾਗਾਂ ਅਤੇ ਪੁਲਿਸ ਥਾਣਿਆਂ ਦੇ ਬਿੱਲ ਦੀ ਅਦਾਇਗੀ ਨਾ ਕਰਨ ਨੂੰ ਲੈ ਕੇ ਸਖ਼ਤ ਕਾਰਵਾਈ ਕੀਤੀ ਹੈ। ਵਿਭਾਗ ਵੱਲੋਂ ਕਈ ਸਰਕਾਰੀ ਵਿਭਾਗਾਂ ਦੇ ਕੁਨੈਕਸ਼ਨ ਕੱਟ ਦਿੱਤੇ ਗਏ ਹਨ, ਜਿਨ੍ਹਾਂ 'ਚ ਪੁਲਿਸ ਵਿਭਾਗ ਵੀ ਸ਼ਾਮਿਲ ਹੈ। ਲੁਧਿਆਣਾ ਜ਼ੋਨ ਦੇ ਪੁਲਿਸ ਵਿਭਾਗ ਦਾ ਲਗਭਗ 7 ਕਰੋੜ 3 ਲੱਖ ਰੁਪਏ ਦੇ ਬਿੱਲ ਬਕਾਇਆ ਹਨ ਜਿਸ ਵਿੱਚ ਵਿਜੀਲੈਂਸ ਲੁਧਿਆਣਾ ਜੇਲ੍ਹ ਅਤੇ ਪੁਲਿਸ ਸਟੇਸ਼ਨ ਸ਼ਾਮਿਲ ਹਨ।
ਦੱਸ ਦਈਏ ਕਿ ਬਿਜਲੀ ਦੇ ਬਿੱਲ ਨਾ ਭਰਨ ਕਰਕੇ ਲੁਧਿਆਣਾ ਦੇ ਪੁਲਿਸ ਸਟੇਸ਼ਨ ਡਿਵੀਜ਼ਨ ਨੰਬਰ 2 ਦੀ ਵੀ ਬਿਜਲੀ ਕੱਟ ਦਿੱਤੀ ਗਈ ਹੈ। ਉਥੋਂ ਦੇ ਮੁਲਾਜ਼ਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਥਾਣੇ ਵਿੱਚ ਬਿਜਲੀ ਕੱਟਣ ਨਾਲ ਕੰਮ ਠੱਪ ਹੋ ਚੁੱਕਿਆ ਹੈ। ਉਨ੍ਹਾਂ ਦੱਸਿਆ ਕਿ ਕੰਪਿਊਟਰ ਬੰਦ ਹੋਣ ਕਰਕੇ ਥਾਣੇ ਦਾ ਸਾਰਾ ਕੰਮ ਬੰਦ ਹੋ ਚੁੱਕਾ ਹੈ।
ਇਹ ਵੀ ਪੜ੍ਹੋ: ਅਸਮ 'ਚ ਵਿਰੋਧ ਪ੍ਰਦਰਸ਼ਨ ਤੇਜ: ਪੁਲਿਸ ਨੇ ਪ੍ਰਦਰਸ਼ਨਕਾਰੀਆਂ 'ਤੇ ਚਲਾਈਆਂ ਗੋਲੀਆਂ
ਉਧਰ ਦੂਜੇ ਪਾਸੇ ਜਦੋਂ ਅਸੀਂ ਲੁਧਿਆਣਾ ਬਿਜਲੀ ਵਿਭਾਗ ਦੇ ਚੀਫ਼ ਇੰਜੀਨੀਅਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਸ ਸਿਰਫ਼ ਲੁਧਿਆਣਾ ਦੇ ਹੀ ਸਰਕਾਰੀ ਵਿਭਾਗਾਂ ਦਾ 97 ਕਰੋੜ ਰੁਪਏ ਦਾ ਬਿੱਲ ਬਕਾਇਆ ਹੈ, ਜਿਸ ਵਿੱਚ ਪੁਲਿਸ ਵਿਭਾਗ ਦਾ 7 ਕਰੋੜ 3 ਲੱਖ ਰੁਪਏ ਦਾ ਬਿੱਲ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਵਿਭਾਗ ਦੀਆਂ ਹਦਾਇਤਾਂ ਮੁਤਾਬਕ 25 ਲੱਖ ਤੋਂ ਵਧੇਰੇ ਬਕਾਇਆ ਬਿੱਲਾਂ ਵਾਲੇ ਵਿਭਾਗਾਂ ਦਾ 13 ਦਸੰਬਰ ਤੱਕ ਕੁਨੈਕਸ਼ਨ ਕੱਟਣ ਦੇ ਹੁਕਮ ਦਿੱਤੇ ਗਏ ਹਨ।