ਲੁਧਿਆਣਾ: ਇਹ ਮੇਰਾ ਪੰਜਾਬ ਪ੍ਰੋਗਰਾਮ ਦੀ ਇਸ ਲੜੀ ਵਿੱਚ ਅੱਜ ਅਸੀ ਪਹੁੰਚੇ ਹਾਂ ਭਾਰਤੇ ਦੇ ਮੈਨਚੈਸਟਰ ਵਜੋਂ ਜਾਣੇ ਜਾਂਦੇ ਸ਼ਹਿਰ ਲੁਧਿਆਣਾ ਵਿੱਚ, ਇਸ ਆਧੁਨਿਕ ਸ਼ਹਿਰ ਵਿੱਚ ਬਹੁਤ ਇਤਿਹਾਸ ਲੁਕਿਆ ਹੋਇਆ ਹੈ ਜਿਸ ਦੀ ਇੱਕ ਪਰਤ ਫਰੋਲਦਿਆਂ ਅੱਜ ਅਸੀਂ ਪਹੁੰਚੇ ਹਾਂ ਸ਼ਹਿਰ ਦੇ ਵਿੱਚ ਬਣੀ ਜਾਮਾ ਮਸਜਿਦ ਵਿੱਚ, ਕਿਹਾ ਜਾਂਦਾ ਹੈ ਕਿ ਇਸ ਮਸਜਿਦ ਦਾ ਜੰਗ ਏ ਆਜ਼ਾਦੀ ਵਿੱਚ ਅਹਿਮ ਯੋਗਦਾਨ ਰਿਹਾ ਹੈ।
ਇਤਿਹਾਸ
ਮਸਜਿਦ ਦੇ ਇਮਾਮ ਨੇ ਦੱਸਿਆ ਕਿ ਇਹ ਮਸਜਿਦ 1891 ਵਿੱਚ ਬਣੀ ਹੈ। ਇਸ ਮਸਜਿਦ ਦਾ ਦੇਸ਼ ਦੀ ਆਜ਼ਾਦੀ ਵਿੱਚ ਅਹਿਮ ਯੋਗਦਾਨ ਰਿਹਾ ਹੈ। ਇਸ ਵਿੱਚ ਆਜ਼ਾਦੀ ਦੀ ਲੜਾਈ ਵੇਲੇ ਪੰਡਿਤ ਜਵਾਹਰ ਲਾਲ ਨਹਿਰੂ, ਸੁਭਾਸ਼ ਚੰਦਰ ਬੌਸ, ਲਾਲਾ ਲਾਜਪਤ ਰਾਏ ਅਤੇ ਭਗਤ ਸਿੰਘ ਵਰਗੇ ਅਨੇਕਾਂ ਹੀ ਆਜ਼ਾਦੀ ਘੁਲਾਟੀਏ ਆਏ ਹਨ।
ਦੇਸ਼ ਨੂੰ ਜਦੋਂ 1947 ਵਿੱਚ ਦੋ ਧਰਮਾਂ ਦੇ ਆਧਾਰ ਉੱਤੇ ਵੰਡਿਆ ਜਾਣ ਲੱਗਿਆ ਤਾਂ ਉਦੋਂ ਦੇ ਮੌਲਾਨਾ ਨੇ ਭਾਰਤ ਨੂੰ ਹੀ ਆਪਣਾ ਦੇਸ਼ ਦੱਸਿਆ ਅਤੇ ਇੱਥੇ ਹੀ ਰਹਿਣ ਦਾ ਫ਼ੈਸਲਾ ਕੀਤਾ। ਆਜ਼ਾਦੀ ਤੋਂ ਬਾਅਦ ਜਦੋਂ ਮੁਸਲਮਾਨ ਹਿਜ਼ਰਤ ਕਰ ਕੇ ਪਾਕਿਸਤਾਨ ਚਲੇ ਗਏ ਸੀ ਤਾਂ ਉਦੋਂ ਸਾਰੀਆਂ ਮਸਜਿਦਾਂ ਨੂੰ ਜਿੰਦੇ ਲੱਗ ਗਏ ਸੀ ਉਦੋਂ ਬੱਸ ਲੁਧਿਆਣਾ ਦੀ ਜਾਮਾ ਮਸਜਿਦ ਹੀ ਇਕਲੌਤੀ ਮਸਜਿਦ ਰਹਿ ਗਈ ਸੀ।
ਕੁਰਾਨ ਦੀ ਤਾਲੀਮ
ਇਮਾਮ ਨੇ ਦੱਸਿਆ ਕਿ ਮਸਜਿਦ ਵਿੱਚ ਜੋ ਵੀ ਨਮਾਜ਼ੀ ਆਉਂਦੇ ਹਨ ਉਨ੍ਹਾਂ ਨੂੰ ਕਿਹਾ ਜਾਂਦਾ ਹੈ ਕਿ ਉਹ ਬੱਚਿਆ ਨੂੰ ਬੇਸ਼ੱਕ ਜਿਹੜੇ ਵੀ ਮਰਜ਼ੀ ਸਕੂਲਾਂ ਵਿੱਚ ਪੜ੍ਹਾਈ ਲਈ ਭੇਜਣ ਪਰ ਬੱਚਿਆਂ ਨੂੰ ਸ਼ਾਮ ਨੂੰ 2 ਘੰਟਿਆਂ ਲਈ ਮਸਜਿਦ ਵਿੱਚ ਜ਼ਰੂਰ ਭੇਜਿਆ ਜਾਵੇ ਤਾਂ ਉਨ੍ਹਾਂ ਨੂੰ ਕੁਰਾਨ ਪੜ੍ਹਨੀ ਸਿਖਾਈ ਜਾਵੇ।
ਮਸਜਿਦ ਕਰਦੀ ਹੈ ਲੋੜਵੰਦਾਂ ਦੀ ਮਦਦ
ਇਮਾਮ ਦੇ ਕਹਿਣ ਮੁਤਬਾਕ ਮਸਜਿਦ ਵਿੱਚ ਜੋ ਵੀ ਦੁਖਿਆਰਾ ਜਾਂ ਲੋੜਵੰਡ ਹੈ ਉਸ ਦੀ ਹਰ ਪ੍ਰਕਾਰ ਦੀ ਮਦਦ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਸ ਕੰਮ ਦਾ ਕਦੇ ਵੀ ਮੀਡੀਆ ਵਿੱਚ ਜ਼ਿਕਰ ਨਹੀਂ ਕੀਤਾ ਨਾ ਹੀ ਕਦੇ ਇਸ ਕੰਮ ਨੂੰ ਕਰਦੇ ਹੋਏ ਅਖ਼ਬਾਰਾਂ ਵਿੱਚ ਫ਼ੋਟੋਆਂ ਲਵਾਈਆਂ ਹਨ ਕਿਉਂਕਿ ਅਜਿਹਾ ਕਰਨ ਨਾਲ਼ ਲੋੜਵੰਦ ਨੂੰ ਸ਼ਰਮ ਮਹਿਸੂਸ ਹੁੰਦੀ ਹੈ।
ਇਸ ਗੱਲਬਾਤ ਦੌਰਾਨ ਇਹ ਵੀ ਜਾਣਕਾਰੀ ਮਿਲੀ ਕਿ ਜਿਸ ਮੌਲਾਨਾ ਨੇ ਅਲਫ਼, ਬੇ, ਤੇ ਦੀ ਸ਼ੁਰੂਆਤ ਕੀਤੀ ਸੀ ਉਹ ਵੀ ਲੁਧਿਆਣਾ ਦੇ ਹੀ ਸਨ ਜਿਸ ਕਰਕੇ ਇਸ ਮਸਜਿਦ ਦੀ ਅਹਮੀਅਤ ਹੋਰ ਜ਼ਿਆਦਾ ਵਧ ਜਾਂਦੀ ਹੈ। ਜਾਮਾ ਮਸਜਿਦ ਇਸ ਇਲਾਕੇ ਵਿੱਚ ਆਪਸੀ ਭਾਈਚਾਰੇ ਦੀ ਮਿਸਾਲ ਹੈ ਕਿਉਂਕਿ ਮਸਜਿਦ ਦੇ 500 ਮੀਟਰ ਦੇ ਘੇਰੇ ਦੇ ਅੰਦਰ ਹੀ ਇਤਿਾਸਕ ਗੁਰਦੁਆਰਾ ਸਾਹਿਬ, ਮੰਦਰ ਅਤੇ ਚਰਚ ਮੌਜੂਦ ਹੈ।
ਨਮਾਜ਼ੀਆਂ ਦੇ ਜਜ਼ਬਾਤ
ਮਸਜਿਦ ਵਿੱਚ ਆਉਣ ਵਾਲੇ ਨਮਾਜ਼ੀਆਂ ਨਾਲ਼ ਜਦੋਂ ਵਿਚਾਰ ਵਟਾਂਦਰਾ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇੱਥੇ ਆ ਕੇ ਬੜਾ ਹੀ ਸਕੂਨ ਮਿਲਦਾ ਹੈ। ਇੱਥੋ ਸਾਂਤੀ ਅਤੇ ਆਪਸੀ ਭਾਈਚਾਰੇ ਦਾ ਸੁਨੇਹਾ ਮਿਲਦਾ ਹੈ।
ਆਪਸੀ ਭਾਈਚਾਰੇ ਦੀ ਮਿਸਾਲ
ਬੇਸ਼ੱਕ ਪੂਰੇ ਪੰਜਾਬ ਵਿੱਚ ਲੋਕਾਂ ਵਿੱਚ ਆਪਸੀ ਭਾਈਚਾਰਾ ਬਹੁਤ ਹੈ ਪਰ ਲੁਧਿਆਣਾ ਦੇ ਇਸ ਇਲਾਕੇ ਵਿੱਚ ਜੋ ਇਸ ਦੀ ਮਿਸਾਲ ਵੇਖਣ ਨੂੰ ਮਿਲਦੀ ਹੈ ਉਹ ਤਾਂ ਬਾ-ਕਮਾਲ ਹੀ ਹੈ। ਜਾਮਾ ਮਸਜਿਦ ਦੇ ਮਹਿਜ਼ 500 ਮੀਟਰ ਦੇ ਘੇਰੇ ਦੇ ਅੰਦਰ ਹੀ ਇਤਿਹਾਸਕ ਗੁਰਦੁਆਰਾ ਸਾਹਿਬ, ਮੰਦਰ ਅਤੇ ਚਰਚ ਮੌਜੂਦ ਹੈ।