ਲੁਧਿਆਣਾ: ਅੱਜ ਦੀ ਦੌੜ ਭੱਜ ਦੀ ਜ਼ਿੰਦਗੀ ਵਿੱਚ ਲੋਕ ਢਾਬਿਆਂ, ਰੈਸਟੋਰੇਂਟ, ਹੋਟਲਾਂ, ਰੇਹੜੀਆਂ ਤੋਂ ਆਨਲਾਈਨ ਖਾਣਾ ਮੰਗਵਾਉਂਦੇ ਹਨ ਜਿਸ ਨਾਲ ਲੋਕ ਕਈ ਭਿਆਨਕ ਬੀਮਾਰੀਆਂ ਦਾ ਸ਼ਿਕਾਰ ਵੀ ਹੋ ਜਾਂਦੇ ਹਨ। ਅਕਸਰ ਹੀ ਕੰਮ ਕਰਨ ਵਾਲੇ ਲੋਕ ਪੀਜੀ ਵਿੱਚ ਰਹਿੰਦੇ ਹਨ ਜਾਂ ਫਿਰ ਡੱਬੇ ਮੰਗਾ ਕੇ ਖਾਣਾ ਖਾਂਦੇ ਹਨ। ਪਰ, ਇਹ ਖਾਣਾ ਤੁਹਾਡੇ ਖਾਣ ਲਾਇਕ ਹੈ ਜਾਂ ਨਹੀਂ ਇਹ ਸਵਾਲ ਅਕਸਰ ਹੀ ਜ਼ਹਿਨ ਵਿੱਚ ਆਉਂਦਾ ਹੈ। ਇਸ ਸਵਾਲ ਦਾ ਜਵਾਬ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਲੋ ਲੱਭਿਆ ਗਿਆ ਹੈ। ਯੂਨੀਵਰਸਿਟੀ ਦੇ ਵਿਭਾਗ ਮਾਈਕਰੋਬਾਇਓਲੋਜੀ ਵੱਲੋਂ ਦੋ ਸਪੈਸ਼ਲਿਸਟ ਟੈਸਟ ਕਿੱਟਾਂ ਤਿਆਰ ਕੀਤੀਆਂ ਗਈਆਂ ਹਨ, ਜਿਨ੍ਹਾਂ ਦੀ ਕੀਮਤ ਮਹਿਜ਼ 40 ਰੁਪਏ ਅਤੇ 60 ਰੁਪਏ ਹੈ, ਇਸ ਨਾਲ ਤੁਸੀਂ ਆਪਣਾ ਖਾਣਾ ਅਤੇ ਪੀਣ ਵਾਲਾ ਪਾਣੀ ਦੀ ਗੁਣਵੱਤਾ ਚੈੱਕ ਕਰ ਸਕਦੇ ਹੋ।
ਕਿੰਨੀਆਂ ਲਾਹੇਵੰਦ ਕਿੱਟਾਂ ?: ਪੀਣ ਵਾਲੇ ਪਾਣੀ ਨੂੰ ਟੈਸਟ ਕਰਨ ਦੀ ਕਿੱਟ 40 ਰੁਪਏ ਦੀ ਹੈ ਅਤੇ 60 ਰੁਪਏ ਵਿੱਚ ਖਾਣਾ ਟੈਸਟ ਕਰਨ ਵਾਲੀ ਕਿੱਟ ਹੈ। ਤੁਸੀ ਸੈਂਪਲ ਇਨ੍ਹਾਂ ਵਿੱਚ ਪਾਉਣ ਤੋਂ 48 ਘੰਟੇ ਬਾਅਦ ਹੀ ਜਾਣ ਸਕੋਗੇ ਕਿ ਜਿਹੜਾ ਪਾਣੀ ਤੁਸੀਂ ਪੀ ਰਹੇ ਹੋ ਜਾਂ ਖਾਣਾ ਤੁਸੀ ਖਾ ਰਹੇ ਹੋ, ਉਹ ਪੀਣ-ਖਾਣ ਲਾਇਕ ਹੈ ਵੀ ਜਾਂ ਨਹੀਂ। ਇਸ ਲਈ ਤੁਹਾਨੂੰ ਇਹ ਕਿੱਟ ਖ਼ਰੀਦਣੀ ਪਵੇਗੀ ਜੋ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਵਿਭਾਗ ਵਿੱਚ ਉਪਲੱਬਧ ਹੈ। ਇਸ ਦੇ ਨਾਲ ਹੀ, ਯੂਨੀਵਰਸਿਟੀ ਦੇ ਗੇਟ ਨੰਬਰ 1 ਉੱਤੇ ਸਥਿਤ ਅਤੇ ਬੀਜਾਂ ਦੀ ਦੁਕਾਨ ਤੋਂ ਵੀ ਉਪਲਬਧ ਹੋ ਸਕਦੀ ਹੈ। ਛੋਟੀ ਜਿਹੀ ਕੱਚ ਦੀ ਬੋਤਲ ਇਹ ਕਿਸੇ ਦੀ ਜਿੰਦਗੀ ਬਚਾ ਸਕਦੀ ਹੈ। ਖ਼ਾਸ ਕਰਕੇ ਬੱਚਿਆਂ ਨੂੰ ਲੱਗਣ ਵਾਲੀ ਕਈ ਤਰ੍ਹਾਂ ਦੀਆਂ ਬੀਮਾਰੀਆਂ ਜਿੰਨਾਂ ਵਿੱਚ ਦਸਤ, ਉਲਟੀਆਂ, ਫੂਡ ਪਾਈਜ਼ਨਿੰਗ, ਪੀਲੀਆ ਆਦਿ ਬਿਮਾਰੀ ਤੋਂ ਬਚਾਇਆ ਜਾ ਸਕਦਾ ਹੈ।
ਕਿਵੇਂ ਕਰੀਏ ਪਾਣੀ ਟੈਸਟ ?: ਇਸ ਕਿੱਟ ਰਾਹੀਂ ਟੈਸਟ ਕਰਨਾ ਬੇਹੱਦ ਆਸਾਨ ਹੈ, ਜੇਕਰ ਪੀਣ ਵਾਲੇ ਪਾਣੀ ਦਾ ਟੈਸਟ ਕਰਨਾ ਹੈ, ਤਾਂ ਤੁਹਾਨੂੰ ਉਸ ਪਾਣੀ ਨੂੰ ਟੈਸਟ ਕਿੱਟ ਵਿੱਚ ਦਿੱਤੀ ਗਈ ਕੱਚ ਦੀ ਇੱਕ ਛੋਟੀ ਜਿਹੀ ਸ਼ੀਸ਼ੀ ਦੇ ਦਿੱਤੇ ਨਿਸ਼ਾਨ ਤੱਕ ਪਾਣੀ ਪਾਉਣਾ ਹੈ, ਪਰ ਧਿਆਨ ਇਹ ਰੱਖਣਾ ਹੋਵੇਗਾ ਕਿ ਜਿਸ ਵੀ ਭਾਂਡੇ ਵਿਚ ਪਾਣੀ ਨੂੰ ਸੈਂਪਲ ਲਈ ਵਰਤਣਾ ਹੈ ਉਹ ਕੱਚ ਦਾ ਹੋਣਾ ਚਾਹੀਦਾ ਹੈ ਤੇ ਪੂਰੀ ਤਰ੍ਹਾਂ ਸਾਫ਼ ਹੋਣਾ ਚਾਹੀਦਾ ਹੈ। ਉਸ ਵਿੱਚ ਪਹਿਲਾਂ ਉਬਲਿਆ ਹੋਇਆ ਪਾਣੀ ਪਾ ਕੇ ਉਸ ਨੂੰ ਚੰਗੀ ਤਰ੍ਹਾਂ ਧੋ ਕੇ ਸਾਫ਼ ਕਰ ਲੈਣਾ ਹੈ।
ਇਸ ਤੋਂ ਬਾਅਦ, ਜਿਸ ਵੀ ਸੋਮੇ ਦਾ ਤੁਸੀਂ ਪਾਣੀ ਦਾ ਨਮੂਨਾ ਲੈਣਾ ਹੈ, ਉਸ ਕੱਚ ਦੀ ਬੋਤਲ ਨੂੰ ਉੱਥੇ ਲੈ ਜਾ ਕੇ ਪੁਰਾਣਾ ਪਾਣੀ ਸੁੱਟ ਕੇ ਨਵਾਂ ਪਾਣੀ ਪਾਉਣਾ ਹੈ ਜਿਸ ਨੂੰ ਟੈਸਟ ਵਾਲੀ ਸ਼ੀਸ਼ੀ ਵਿੱਚ ਪਾਉਣ ਤੋਂ ਬਾਅਦ 48 ਘੰਟੇ ਲਈ ਰੱਖ ਦੇਣਾ ਹੈ। ਇਸ ਟੈਸਟ ਵਾਲੀ ਸ਼ੀਸ਼ੀ ਦੇ ਵਿੱਚ ਪਹਿਲਾਂ ਹੀ ਗਾੜੇ ਰੰਗ ਦਾ ਤਰਲ ਪਦਾਰਥ ਹੋਵੇਗਾ ਜੇਕਰ ਉਸ ਦਾ ਰੰਗ 48 ਘੰਟਿਆਂ ਬਾਅਦ ਬਦਲ ਜਾਂਦਾ ਹੈ, ਤਾਂ ਇਸ ਦਾ ਮਤਲਬ ਤੁਹਾਡਾ ਪਾਣੀ ਪੀਣ ਲਾਇਕ ਨਹੀਂ ਹੈ। 48 ਘੰਟੇ ਤੱਕ ਇਸ ਪਾਣੀ ਨੂੰ ਲਗਭਗ 37 ਡਿਗਰੀ ਵਿੱਚ ਰੱਖਣਾ ਹੋਵੇਗਾ ਭਾਵ ਕਿ ਤੁਸੀਂ ਅਸਾਨੀ ਨਾਲ ਕਿਤੇ ਵੀ ਇਸ ਨੂੰ ਰੱਖ ਸਕਦੇ ਹੋ। ਜੇਕਰ ਪਾਣੀ ਦਾ ਰੰਗ ਬਦਲਦਾ ਹੈ, ਤਾਂ ਇਸ ਨੂੰ ਪੀਣ ਲਾਇਕ ਬਣਾਉਣ ਲਈ 5 ਫ਼ੀਸਦੀ ਵਾਲਾ ਸੋਡੀਅਮ ਹਾਈਪਰੋ ਕਲੋਰਾਈਡ ਸਲੂਸ਼ਨ 20 ਲੀਟਰ ਉਬਲੇ ਪਾਣੀ ਵਿੱਚ 6 ਤੋਂ 8 ਬੂੰਦਾਂ ਪਾਕੇ ਪਾਣੀ ਨੂੰ ਪੀਣ ਲਾਇਕ ਬਣਾ ਸਕਦੇ ਹੋ।
ਕਿਵੇਂ ਕਰੀਏ ਖਾਣੇ ਦੇ ਟੈਸਟ ?: ਇਸੇ ਤਰ੍ਹਾਂ ਖਾਣੇ ਵਾਲੀ ਕਿੱਟ ਨਾਲ ਟੈਸਟ ਕਰਨਾ ਵੀ ਬੇਹੱਦ ਆਸਾਨ ਹੈ। ਤੁਸੀਂ ਜਿਸ ਵੀ ਖਾਣੇ ਦਾ ਟੈਸਟ ਕਰਨਾ ਹੈ, ਉਸ ਨੂੰ ਚੰਗੀ ਤਰ੍ਹਾਂ ਗਰਮ ਕਰਨ ਤੋਂ ਬਾਅਦ ਟੈਸਟ ਵਾਲੀ ਸ਼ੀਸ਼ੀ ਵਿੱਚ ਰੱਖ ਦੇਣਾ ਹੈ। ਇਸ ਗੱਲ ਦਾ ਧਿਆਨ ਜ਼ਰੂਰ ਰੱਖਿਆ ਜਾਵੇ ਕਿ ਜਿਸ ਖਾਣੇ ਦਾ ਟੈਸਟ ਕਰਨਾ ਹੈ, ਉਹ ਤੁਹਾਡੇ ਹੱਥਾਂ ਵਿਚ ਸਿੱਧਾ ਸੰਪਰਕ ਵਿੱਚ ਨਾ ਆਵੇ, ਨਾ ਹੀ ਹਵਾ ਵਿੱਚ ਮੌਜੂਦ ਕੀਟਾਣੂ ਦੇ ਸੰਪਰਕ ਵਿੱਚ ਆਵੇ। ਉਸ ਨੂੰ ਗੈਸ ਉੱਤੇ ਗਰਮ ਕਰਨ ਤੋਂ ਬਾਅਦ ਤੁਰੰਤ ਸ਼ੀਸ਼ੀ ਵਿੱਚ ਕਿਸੇ ਚਿਮਟੇ ਦੇ ਨਾਲ ਸੁੱਟ ਦੇਣਾ ਹੈ। 48 ਘੰਟਿਆਂ ਤੱਕ ਉਸ ਨੂੰ ਗਰਮ ਥਾਂ ਉੱਤੇ ਰੱਖਣਾ ਹੈ, ਜੇਕਰ ਤਰਲ ਪਦਾਰਥ ਦਾ ਰੰਗ ਬਦਲਦਾ ਹੈ, ਤਾਂ ਇਸ ਦਾ ਮਤਲਬ ਕੀ ਉਹ ਖਾਣਾ ਤੁਹਾਡੇ ਖਾਣ ਲਾਇਕ ਨਹੀਂ ਹੈ।
ਤੁਸੀਂ ਉਸ ਢਾਬੇ ਹੋਟਲ ਕੋਲ ਜਾ ਕੇ ਇਹ ਟੈਸਟ ਦੇ ਸਕਦੇ ਹੋ, ਇਥੋਂ ਤੱਕ ਕਿ ਲੁਧਿਆਣਾ ਦੇ ਸਿਹਤ ਮਹਿਕਮੇ ਵੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਇਸ ਵਿਭਾਗ ਤੋਂ ਕਈ ਟੈਸਟ ਕਰਵਾਏ ਜਾਂਦੇ ਹਨ। ਲੋਕਾਂ ਦੀ ਸਿਹਤ ਲਈ ਇਹ ਬੇਹੱਦ ਜ਼ਰੂਰੀ ਹੈ ਕਿ ਉਹ ਇਹ ਜ਼ਰੂਰ ਵੇਖਣ ਕਿ ਉਹ ਜੋ ਖਾਣਾ ਖਾ ਰਹੇ ਹਨ ਅਤੇ ਜੋ ਪਾਣੀ ਪੀ ਰਹੇ ਹਨ, ਉਹ ਸਹੀ ਹੈ ਜਾਂ ਨਹੀਂ। ਮਾਈਕਰੋਬਾਈਲੋਜੀ ਵਿਭਾਗ ਦੇ ਡਾਕਟਰ ਕਿਸ਼ਾਨੀ ਨੇ ਇਹ ਵੀ ਕਿਹਾ ਹੈ ਕਿ ਜ਼ਰੂਰੀ ਨਹੀਂ ਹੈ ਕਿ ਜੋ ਲੋਕ ਫਿਲਟਰ ਦਾ ਪਾਣੀ ਪੀਂਦੇ ਹਨ ਉਹ ਪਾਣੀ ਪੀਣ ਲਾਇਕ ਹੋਵੇ ਉਸ ਦਾ ਵੀ ਟੈਸਟ ਕਿੱਟ ਰਾਹੀਂ ਕੀਤਾ ਜਾ ਸਕਦਾ ਹੈ।