ਲੁਧਿਆਣਾ: ਸਕੂਲ 'ਚ ਡਰਾਇੰਗ ਪੜਾਉਂਦੀ ਟੀਚਰ ਗਗਨਦੀਪ ਨੇ ਖ਼ਾਲੀ ਸਮੇਂ ਦੀ ਸਹੀ ਵਰਤੋਂ ਕਰ ਆਪਣੇ ਸੌਂਕ ਨੂੰ ਰੁਜ਼ਗਾਰ ਦੇ ਖੰਭ ਲੱਗਾ ਇੱਕ ਨਵੀਂ ਉਡਾਣ ਭਰੀ ਹੈ। ਕੋਈ ਵੀ ਕੰਮ ਜਦੋਂ ਦਿਲ ਨਾਲ ਹੋਵੇ ਤਾਂ ਉਸ ਜ਼ਰੀਏ ਪੈਸੇ ਵੀ ਮਿਲਣ ਤਾਂ ਉਸ ਦੀ ਕੋਈ ਰੀਸ ਨਹੀਂ ਹੁੰਦੀ।
ਕੋਰੋਨਾ ਦੀ ਮਹਾਂਮਾਰੀ ਨੇ ਕਾਫ਼ੀ ਖਾਲੀ ਸਮਾਂ ਦਿੱਤਾ ਤੇ ਗਗਨਦੀਪ ਤੇ ਉਸਦੀ ਧੀ ਨੈਨਾ ਨੇ ਉਸ ਖਾਲੀ ਸਮੇਂ ਦੀ ਇੱਕ ਚੰਗੇ ਢੰਗ ਨਾਲ ਵਰਤੋਂ ਕੀਤੀ। ਗਗਨਦੀਪ ਘੁਮਿਆਰ ਕੋਲੋਂ ਦੀਵੇ ਲੈ ਉਸ ਨੂੰ ਆਪਣੀ ਕਲਾ ਦੇ ਰੰਗਾਂ ਨਾਲ ਭਰ ਇੱਕ ਨਵਾਂ ਰੂਪ ਦਿੰਦੀ ਹੈ।
ਪੰਜਵੀਂ ਜਮਾਤ 'ਚ ਪੜ੍ਹਦੀ ਨੈਨਾ ਆਪਣੀ ਮਾਂ ਦੇ ਇਸ ਕੰਮ 'ਚ ਪੂਰਾ ਹੱਥ ਵਟਾਉਂਦੀ ਹੈ। ਨੈਨਾ ਨੇ ਕਿਹਾ,"ਉਸ ਨੂੰ ਇਹ ਕੰਮ ਕਰਨਾ ਚੰਗਾ ਲੱਗਦਾ ਹੈ ਤੇ ਉਹ ਆਪਣੀ ਪੜ੍ਹਾਈ ਤੇ ਸੌਂਕ ਵਿਚਾਲੇ ਇੱਕ ਸੰਤੁਲਨ ਬਣਾ ਕੇ ਰੱਖਦੀ ਹੈ।"
ਈਟੀਵੀ ਭਾਰਤ ਨਾਲ ਗੱਲ ਕਰਦਿਆਂ ਗਗਨਦੀਪ ਨੇ ਕਿਹਾ,"ਅਸੀਂ ਪਿਛਲੀ ਵਾਰ ਵੀ ਆਪਣੇ ਦੀਵਿਆਂ ਦੀ ਪ੍ਰਦਰਸ਼ਨੀ ਲਗਾਈ ਸੀ ਤੇ ਸਾਨੂੰ ਭਰਵਾਂ ਹੁੰਗਾਰਾ ਮਿਲਿਆ ਸੀ ਤੇ ਇਸ ਵਾਰ ਫਿਰ ਤੋਂ ਅਸੀਂ ਦੀਵੇ ਰੰਗ ਰਹੇ ਹਾਂ।" ਉਨ੍ਹਾਂ ਕਿਹਾ ਰੰਗ ਭਰਨੇ ਉਨ੍ਹਾਂ ਨੂੰ ਚੰਗੇ ਲੱਗਦੇ ਹਨ। ਇਹ ਸ਼ੌਂਕ ਵੀ ਹੈ ਤੇ ਰੁਜ਼ਗਾਰ ਵੀ। ਇਸ ਨਾਲ ਘਰ ਦੀ ਵਿੱਤੀ ਮਦਦ ਵੀ ਹੋ ਜਾਂਦੀ ਹੈ। ਆਤਮ ਨਿਰਭਰ ਗਗਨਦੀਪ ਚਾਹੁੰਦੀ ਹੈ ਕਿ ਉਸ ਦੀ ਧੀ ਵੀ ਉਸੇ ਤਰ੍ਹਾਂ ਆਤਮ ਨਿਰਭਰ ਬਣੇ।
ਗਗਨਦੀਪ ਕਿੱਤੇ ਵੱਜੋਂ ਇੱਕ ਅਧਿਆਪਕ ਹੈ ਪਰ ਉਹ ਖ਼ਾਲੀ ਸਮੇਂ 'ਚ ਕੰਮ ਕਰ ਆਮਦਨ ਦਾ ਸਾਧਨ ਪੈਦਾ ਕਰ ਰਹੀ ਹੈ। ਉਸ ਦਾ ਕਹਿਣਾ ਸੀ ਕਿ ਹਰ ਕਿਸੇ 'ਚ ਹੁਨਰ ਹੁੰਦੈ, ਬਸ ਲੋੜ ਹੈ ਤਾਂ ਉਸ ਨੂੰ ਪਛਾਨਣ ਦੀ ਤੇ ਨਿਖਾਰਨ ਦੀ।