ਲੁਧਿਆਣਾ: ਸਿਵਲ ਹਸਪਤਾਲ ਵਿੱਚ ਬੀਤੀ ਰਾਤ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ, ਜਦੋਂ ਸੁਖਵਿੰਦਰ ਸਿੰਘ ਨਾਮਦੇਵ ਵਕੀਲ ਜੋ ਕਿ ਆਪਣੇ ਮੁਨਸ਼ੀ ਦਾ ਮੈਡੀਕਲ ਕਰਵਾਉਣ ਲਈ ਲੁਧਿਆਣਾ ਦੇ ਸਿਵਲ ਹਸਪਤਾਲ ਪਹੁੰਚਿਆ, ਤਾਂ ਉਸ ਦੀ ਮੌਕੇ 'ਤੇ ਮੌਜੂਦ ਹੈਬੋਵਾਲ ਦੇ ਇੱਕ ਏਐਸਆਈ ਨਾਲ ਬਹਿਸਬਾਜ਼ੀ ਹੋ ਗਈ। ਇਸ ਤੋਂ ਬਾਅਦ ਦੋਵਾਂ ਵਿਚਾਲੇ ਝੜਪ ਹੋ ਗਈ ਅਤੇ ਜੰਮ ਕੇ ਸਿਵਲ ਹਸਪਤਾਲ ਵਿੱਚ ਝਗੜਾ ਹੋਇਆ। ਇਸ ਦੀ ਵੀਡੀਓ ਵੀ ਇਥੋਂ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ। ਦੋਹਾਂ ਨੇ ਇੱਕ ਦੂਜੇ ਦੀ ਪੱਗ ਤੱਕ ਲਾ ਦਿੱਤੀ ਅਤੇ ਥੱਪੜ ਮਾਰੇ।
ਮੌਕੇ ਉੱਤੇ ਪਹੁੰਚੀ ਪੁਲਿਸ ਨੇ ਆ ਕੇ ਦੋਵਾਂ ਨੂੰ ਸ਼ਾਂਤ ਕਰਵਾਇਆ। ਹਸਪਤਾਲ ਵਿੱਚ ਐਮਰਜੈਂਸੀ ਸੇਵਾਵਾਂ ਵਿੱਚ ਵੀ ਇਸ ਦੌਰਾਨ ਵਿਘਨ ਪੈ ਗਿਆ। ਹਾਲਾਂਕਿ, ਡਿਵੀਜ਼ਨ ਨੰਬਰ ਦੋ ਵੱਲੋਂ ਪੁਲਿਸ ਭੇਜੀ ਗਈ ਏਸੀਪੀ ਕੇਂਦਰੀ ਖੁਦ ਮੌਕੇ ਉੱਤੇ ਪਹੁੰਚੇ ਅਤੇ ਮਾਮਲਾ ਸ਼ਾਂਤ ਕਰਵਾਇਆ। ਇਸ ਤੋਂ ਬਾਅਦ ਵੱਡੀ ਗਿਣਤੀ ਵਿੱਚ ਵਕੀਲ ਡਿਵੀਜ਼ਨ ਨੰਬਰ ਦੋ ਦੇ ਬਾਹਰ ਇਕੱਠੇ ਹੋ ਗਏ।
ਦੋਸਤ ਮੁਨਸ਼ੀ ਦਾ ਮੈਡੀਕਲ ਕਰਵਾਉਣ ਗਏ ਸੀ ਹਸਪਤਾਲ: ਇਸ ਦੌਰਾਨ ਸੁਖਵਿੰਦਰ ਸਿੰਘ ਵਕੀਲ ਨੇ ਕਿਹਾ ਕਿ ਉਸ ਦੇ ਮਨਸ਼ੀ ਪ੍ਰੇਮ ਸਿੰਘ ਦਾ ਕੋਈ ਘਰੇਲੂ ਵਿਵਾਦ ਕਰਕੇ ਲੜਾਈ ਝਗੜਾ ਹੋਇਆ ਸੀ ਅਤੇ ਉਹ ਉਸ ਦਾ ਮੈਡੀਕਲ ਕਰਵਾਉਣ ਲਈ ਸਿਵਿਲ ਹਸਪਤਾਲ ਲੈ ਕੇ ਆਏ ਸੀ। ਉਨ੍ਹਾਂ ਕਿਹਾ ਕਿ ਇਸ ਦੌਰਾਨ ਏਐਸਆਈ ਹੈਬੋਵਾਲ ਨੇ ਕਿਹਾ ਕਿ ਪਹਿਲਾਂ ਉਹ ਜਿਸ ਹਵਾਲਾਤੀ ਨੂੰ ਨਾਲ ਲੈ ਕੇ ਆਇਆ ਹੈ, ਉਸ ਦਾ ਮੈਡੀਕਲ ਕਰਵਾਏਗਾ। ਉਨ੍ਹਾਂ ਕਿਹਾ ਕਿ ਉਹ ਸਾਡੇ ਉੱਤੇ ਰੋਹਬ ਪਾਉਣ ਲੱਗਾ ਜਿਸ ਤੋਂ ਬਾਅਦ ਦੋਵਾਂ ਵਿਚਾਲੇ ਬਹਿਸਬਾਜ਼ੀ ਹੋ ਗਈ। ਏਐਸਆਈ ਨੇ ਉਸ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ ਅਤੇ ਉਸ ਦੀ ਪੱਗ ਉਤਾਰ ਦਿੱਤੀ। ਵਕੀਲ ਨੇ ਦੱਸਿਆ ਕਿ ਉਹ ਸਿਰਫ ਮੈਡੀਕਲ ਕਰਵਾਉਣ ਲਈ ਆਏ ਸਨ ਉਨ੍ਹਾਂ ਦਾ ਕੋਈ ਨਾ ਹੀ ਕੇਸ ਸੀ ਤੇ ਨਾ ਹੀ ਕੋਈ ਝਗੜਾ ਸੀ। ਵਕੀਲ ਨੇ ਕਿਹਾ ਕਿ ਉਸ ਨੂੰ ਇਨਸਾਫ ਚਾਹੀਦਾ ਹੈ।
ਮਾਮਲੇ ਦੀ ਜਾਂਚ ਜਾਰੀ: ਹਾਲਾਂਕਿ, ਬਾਅਦ ਵਿੱਚ ਵਕੀਲ ਨੂੰ ਪੁਲਿਸ ਮੁਲਾਜ਼ਮ ਗੱਡੀ ਵਿੱਚ ਬਿਠਾ ਕੇ ਥਾਣਾ ਡਿਵੀਜ਼ਨ ਨੰਬਰ ਦੋ ਲੈ ਆਏ। ਇਸ ਦੌਰਾਨ ਵੱਡੀ ਗਿਣਤੀ ਵਿੱਚ ਵਕੀਲ ਵੀ ਪੁਲਿਸ ਸਟੇਸ਼ਨ ਵਿੱਚ ਇਕੱਠੇ ਹੋ ਗਏ ਜਿਸ ਤੋਂ ਐਸਐਚਓ ਅੰਮ੍ਰਿਤਪਾਲ ਸ਼ਰਮਾ ਨਾਲ ਉਨ੍ਹਾਂ ਨੇ ਕਾਫੀ ਦੇਰ ਤੱਕ ਗੱਲਬਾਤ ਕੀਤੀ। ਏਸੀਪੀ ਸੁਖਨਾਜ ਸਿੰਘ ਨੇ ਕਿਹਾ ਕਿ ਹੈਬੋਵਾਲ ਦੇ ਏਐਸਆਈ ਹਨ, ਜਿਨ੍ਹਾਂ ਨਾਲ ਵਕੀਲ ਸੁਖਵਿੰਦਰ ਸਿੰਘ ਭਾਟੀਆ ਦਾ ਝਗੜਾ ਹੋਇਆ ਹੈ। ਉਨ੍ਹਾਂ ਕਿਹਾ ਕਿ ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਉਹ ਕਿਸ ਕੇਸ ਦੇ ਸਿਲਸਿਲੇ ਵਿੱਚ ਆਏ ਸਨ, ਇਸ ਬਾਰੇ ਸਾਨੂੰ ਜਾਣਕਾਰੀ ਨਹੀਂ ਕਿਉਂਕਿ ਉਨ੍ਹਾਂ ਦਾ ਇਲਾਕਾ ਵੱਖਰਾ ਹੈ, ਪਰ ਅਸੀਂ ਫਿਰ ਵੀ ਮਾਮਲੇ ਦੀ ਜਾਂਚ ਕਰ ਰਹੇ ਹਨ।