ਲੁਧਿਆਣਾ: ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਵੱਲੋਂ ਬੀਤੀ ਸ਼ਾਮ ਲੁਧਿਆਣਾ ਦੇ ਸਿਵਲ ਹਸਪਤਾਲ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਹਸਪਤਾਲ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਨੇ ਹਸਪਤਾਲ ਦੇ ਵਿੱਚ ਮਰੀਜ਼ਾਂ ਨੂੰ ਖਾਸ ਕਰਕੇ ਕੋਰੋਨਾ ਪੀੜਤ ਮਰੀਜ਼ਾਂ ਨੂੰ ਕਿਹੋ ਜਿਹੀਆਂ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਇਸ ਦਾ ਜਾਇਜ਼ਾ ਲਿਆ, ਨਾਲ ਹੀ ਉਨ੍ਹਾਂ ਵੱਲੋਂ ਹਸਪਤਾਲ ਦੇ ਡਾਕਟਰਾਂ ਐੱਸਐੱਮਓ ਅਤੇ ਸਿਵਲ ਸਰਜਨ ਦੇ ਨਾਲ ਇੱਕ ਵਿਸ਼ੇਸ਼ ਬੈਠਕ ਵੀ ਕੀਤੀ।
ਇਸ ਦੌਰਾਨ ਹਸਪਤਾਲ ਦੇ ਵਿੱਚ ਬੈਡਾਂ ਦੀ ਸਮਰੱਥਾ ਨਿੱਜੀ ਅਤੇ ਸਰਕਾਰੀ ਹੋਰ ਨਾਲ ਲੁਧਿਆਣਾ ਦੇ ਹਸਪਤਾਲਾਂ ਦੇ ਵਿੱਚ ਸਿਹਤ ਸੁਵਿਧਾਵਾਂ ਲਈ ਵਿਚਾਰ ਵਟਾਂਦਰਾ ਕੀਤਾ ਗਿਆ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਲੋਕਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣਾ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ, ਤੇ ਇਸ ਜ਼ਿੰਮੇਵਾਰੀ ਨੂੰ ਬਾਖ਼ੂਬੀ ਨਿਭਾਉਣ ਲਈ ਲੁਧਿਆਣਾ ਜ਼ਿਲ੍ਹਾ ਸਿਹਤ ਮਹਿਕਮਾ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਚਨਬੱਧ ਹੈ।
ਉਨ੍ਹਾਂ ਕਿਹਾ ਕਿ ਲੁਧਿਆਣਾ ਦੇ ਵਿੱਚ ਪਹਿਲੇ ਗੇੜ 'ਚ ਕੋਰੋਨਾ ਮਰੀਜ਼ਾਂ ਦੇ ਲਈ 1200 ਬੈਡਾਂ ਦਾ ਪ੍ਰਬੰਧ ਕਰ ਲਿਆ ਗਿਆ ਹੈ। ਇਸ ਤੋਂ ਇਲਾਵਾ, ਦੂਜੇ ਗੇੜ ਲਈ ਵੀ ਚੰਗੇ ਪ੍ਰਬੰਧ ਕੀਤੇ ਗਏ ਹਨ, ਨਿੱਜੀ ਹਸਪਤਾਲਾਂ ਦੇ ਨਾਲ ਵੀ ਰਾਬਤਾ ਕਾਇਮ ਕੀਤਾ ਗਿਆ ਹੈ। ਜੇਕਰ ਕਿਸੇ ਨੂੰ ਵੈਂਟੀਲੇਟਰ ਦੀ ਲੋੜ ਹੈ ਤਾਂ ਸੀਐੱਮਸੀ ਦੇ ਵਿੱਚ 5 ਵੈਂਟੀਲੇਟਰ ਵੀ ਮੌਜੂਦ ਹਨ।
ਉਨ੍ਹਾਂ ਕਿਹਾ ਕਿ ਲੁਧਿਆਣਾ ਦੇ ਸਰਕਾਰੀ ਹਸਪਤਾਲ ਦੇ ਨਾਲ ਪਟਿਆਲਾ ਦੇ ਰਜਿੰਦਰਾ ਹਸਪਤਾਲ ਦਾ ਸਿੱਧਾ ਰਾਬਤਾ ਕੀਤਾ ਗਿਆ ਹੈ ਜੇਕਰ ਕੋਈ ਵੀ ਮਰੀਜ ਗੰਭੀਰ ਹੁੰਦਾ ਹੈ ਤਾਂ ਉਸ ਨੂੰ ਡਾਇਰੈਕਟ ਰਜਿੰਦਰਾ ਹਸਪਤਾਲ ਰੈਫ਼ਰ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਪ੍ਰਾਈਵੇਟ ਹਸਪਤਾਲ ਜਿਵੇਂ ਸੀਐੱਮਸੀ ਡੀਐੱਮਸੀ ਦੀਪ ਹਸਪਤਾਲ ਫੋਰਟਿਸ ਹਸਪਤਾਲ ਨਾਲ ਵੀ ਉਨ੍ਹਾਂ ਦਾ ਰਾਬਤਾ ਕਾਇਮ ਕੀਤਾ ਹੈ ਤੇ ਆਈਸੋਲੇਸ਼ਨ ਵਾਰਡ ਦੇ ਬੈਡਾਂ ਦੀ ਵੀ ਗਿਣਤੀ ਵਧਾਈ ਜਾ ਰਹੀ ਹੈ।