ਲੁਧਿਆਣਾ: ਵਿਧਾਇਕ ਪੁੱਤਰਾਂ ਨੂੰ ਨੌਕਰੀ ਦੇਣ ਦਾ ਮਾਮਲਾ ਦਿਨੋ-ਦਿਨ ਗਰਮਾਉਂਦਾ ਜਾ ਰਿਹਾ ਹੈ। ਸਾਰੀਆਂ ਪਾਰਟੀਆਂ ਹੀ ਕਾਂਗਰਸ ਦੇ ਖ਼ਿਲਾਫ਼ ਪ੍ਰਦਰਸ਼ਨ ਕਰ ਰਹੀਆਂ ਹਨ। ਇਸ ਲੜੀ ਵਿੱਚ ਅੱਜ ਲੋਕ ਇਨਸਾਫ ਪਾਰਟੀ ਦੇ ਸਟੂਡੈਂਟ ਵਿੰਗ ਵੱਲੋਂ ਵੀ ਪ੍ਰਦਰਸ਼ਨ ਕੀਤਾ ਗਿਆ। ਜਿਸ ਵਿੱਚ ਉਨ੍ਹਾਂ ਨੇ ਡੀ.ਸੀ. ਦਫ਼ਤਰ ਨੂੰ ਜਿੰਦਰਾ ਲਗਾਉਣ ਦੀ ਗੱਲ ਕਹੀ ਸੀ।
ਹਾਲਾਂਕਿ ਪਹਿਲਾਂ ਹੀ ਡੀ ਸੀ ਦਫ਼ਤਰ ਬਾਹਰ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਤੈਨਾਤ ਕੀਤੇ ਗਏ ਸਨ। ਇਹਨਾਂ ਨੇ ਮੁਸਤੈਦੀ ਵਰਤਦੇ ਹੋਏ, ਪਹਿਲਾਂ ਹੀ ਲੋਕ ਇਨਸਾਫ ਪਾਰਟੀ ਦੇ ਯੂਥ ਵਿੰਗ ਦੇ ਪ੍ਰਧਾਨ ਸੰਨੀ ਕੈਂਥ ਤੇ ਉਸਦੇ ਸਾਥੀਆਂ ਨੂੰ ਹਿਰਾਸਤ ਵਿੱਚ ਲੈ ਲਿਆ। ਇਸ ਦੌਰਾਨ ਸੰਨੀ ਕੈਂਥ ਨੇ ਕਿਹਾ, ਕਿ ਕੈਪਟਨ ਸਰਕਾਰ ਨੇ ਪੰਜਾਬ ਦੇ ਨੌਜਵਾਨਾਂ ਦੇ ਹੱਕ ਖੋ ਲਿਆ ਹੈ।
ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਮੁੱਖ ਮੰਤਰੀ ਕੈਪਨਟ ਅਮਰਿੰਦਰ ਸਿੰਘ ‘ਤੇ ਇਲਜ਼ਾਮ ਲਾਏ ਹਨ। ਕਿ ਮੁੱਖ ਮੰਤਰੀ ਕੈਪਟਨ ਆਪਣੇ ਵਿਧਾਇਕਾਂ ਨੂੰ ਖੁਸ਼ ਕਰਨ ਲਈ ਉਨ੍ਹਾਂ ਦੇ ਪੁੱਤਰਾਂ ਨੂੰ ਮੁਫ਼ਤ ਵਿੱਚ ਨਾਜਾਇਜ਼ ਨੌਕਰੀਆਂ ਵੰਡ ਰਹੇ ਹਨ। ਲੋਕ ਇਨਸਾਫ ਪਾਰਟੀ ਨੇ ਇਨ੍ਹਾਂ ਵਿਧਾਇਕਾਂ ਦੇ ਪੁੱਤਰਾਂ ‘ਤੇ ਪੰਜਾਬ ਦੇ ਮਿਹਨਤੀ ਲੋਕਾਂ ਦੇ ਹੱਕ ਖਾਉਣ ਦੇ ਇਲਜ਼ਾਮ ਲਾਏ ਹਨ।
ਜਿਸ ਦੇ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ, ਏ.ਸੀ.ਪੀ. ਜਤਿੰਦਰ ਨੇ ਦੱਸਿਆ, ਕਿ ਉਹਨਾਂ ਨੂੰ ਗ੍ਰਿਫ਼਼ਤਾਰ ਕਰ ਲਿਆ ਹੈ, ਅਤੇ ਸਰਾਭਾ ਨਗਰ ਥਾਣੇ ਭੇਜ ਦਿੱਤਾ ਗਿਆ ਹੈ, ਉਨ੍ਹਾਂ ਕਿਹਾ ਕਿ ਕਨੂੰਨ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ, ਅਤੇ ਕਿੰਨੇ ਵਰਕਰ ਹਿਰਾਸਤ ‘ਚ ਲਾਏ ਗਏ ਹਨ, ਇਸ ਬਾਰੇ ਹਾਲੇ ਗਿਣਤੀ ਨਹੀਂ ਕੀਤੀ।
ਇਹ ਵੀ ਪੜ੍ਹੋ:ਅਰਵਿੰਦ ਕੇਜਰੀਵਾਲ ਨੂੰ ਅੰਮ੍ਰਿਤਸਰ 'ਚ ਦਿਖਾਏ ਕਾਲੇ ਝੰਡੇ