ਲੁਧਿਆਣਾ : ਕੇਂਦਰ ਸਰਕਾਰ ਵੱਲੋਂ ਬਜਟ 2023 ਪੇਸ਼ ਕੀਤਾ ਜਾ ਰਿਹਾ ਹੈ, ਜਿਸ ਨੂੰ ਲੈ ਕੇ ਹਰ ਵਰਗ ਨੂੰ ਉਮੀਦਾਂ ਹਨ। ਜੇਕਰ ਪੰਜਾਬ ਦੇ ਕਿਸਾਨਾਂ ਦੀ ਗੱਲ ਕਰੀਏ ਤਾਂ ਪੰਜਾਬ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਖੇਤੀ ਲਈ ਵੱਖਰਾ ਬਜਟ ਪੇਸ਼ ਕਰੇ। ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਸਾਡੀ ਲੰਬੇ ਸਮੇਂ ਤੋਂ ਸਭ ਤੋਂ ਵੱਡੀ ਮੰਗ ਐਮਐਸਪੀ ਬਾਰੇ ਹੈ। ਉਨ੍ਹਾਂ ਕਿਹਾ ਕਿ ਸਾਡੀਆਂ ਕਈ ਮੰਗਾਂ ਹਨ, ਜਿਨ੍ਹਾਂ ਵਿੱਚ ਫ਼ਸਲ ਦਾ ਬੀਮਾ, ਗੰਨੇ ਦਾ ਬਕਾਇਆ, ਇਸ ਤੋਂ ਇਲਾਵਾ ਕਿਸਾਨਾਂ ਨੇ ਕਿਹਾ ਕਿ ਸਾਨੂੰ ਖਾਦਾਂ ਅਤੇ ਮਸ਼ੀਨਾਂ 'ਤੇ ਸਬਸਿਡੀ ਦਿੱਤੀ ਜਾਵੇ।
ਇਹ ਵੀ ਪੜ੍ਹੋ : Budget 2023-24: ਬਜਟ ਤੋਂ ਮਹਿਲਾਵਾਂ ਨੂੰ ਵੀ ਵੱਡੀਆਂ ਆਸਾਂ, ਪੜ੍ਹੋ ਕਿਹੜੇ-ਕਿਹੜੇ ਫਾਇਦੇ ਸੋਚ ਰਹੀਆਂ ਨੇ ਬੀਬੀਆਂ
ਬਜਟ ਵਿੱਚ ਕਿਸਾਨਾਂ ਲਈ ਵਿਸ਼ੇਸ਼ ਤਜਵੀਜ਼ਾਂ ਰੱਖੇ ਕੇਂਦਰ ਸਰਕਾਰ : ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜਰਨਲ ਸੈਕਟਰੀ ਹਰਿੰਦਰ ਸਿੰਘ ਲੱਖੋਵਾਲ ਅਤੇ ਮਨਜੀਤ ਸਿੰਘ ਰਾਏ ਨੇ ਕਿਹਾ ਕਿ ਕੇਂਦਰ ਬਜਟ ਵਿੱਚ ਕੇਂਦਰ ਸਰਕਾਰ ਸਾਡੀਆਂ ਸਾਰੀਆਂ ਮੰਗਾਂ ਨੂੰ ਸ਼ਾਮਲ ਕਰੇ। ਉਨ੍ਹਾਂ ਇਹ ਵੀ ਕਿਹਾ ਕਿ ਕਿਸਾਨਾਂ ਦੀ ਹਾਲਤ ਪਿਛਲੇ ਲੰਮੇ ਸਮੇਂ ਤੋਂ ਬਹੁਤ ਮਾੜੀ ਹੈ। ਉਨ੍ਹਾਂ ਕਿਹਾ ਕਿ ਸਾਡੀ ਸਭ ਤੋਂ ਮੁੱਖ ਮੰਗ ਹੈ ਐਮਐਸਪੀ ਦੀ, ਜਿਸ ਨੂੰ ਲੈ ਕੇ ਸਮੇਂ ਦੀਆਂ ਸਰਕਾਰਾਂ ਵੱਲੋਂ ਸਾਨੂੰ ਸਿਰਫ ਲਾਰੇ ਹੀ ਲਗਾਏ ਗਏ ਹਨ। ਅੱਜ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਗਈਆਂ। ਉਨ੍ਹਾਂ ਕਿਹਾ ਕਿ ਪੰਜਾਬ ਨੇ ਦੇਸ਼ ਦਾ ਢਿੱਡ ਭਰਿਆ ਹੈ। ਇਸ ਕਰਕੇ ਬਜਟ ਵਿੱਚ ਕਿਸਾਨਾਂ ਲਈ ਵਿਸ਼ੇਸ਼ ਤਜਵੀਜ਼ਾਂ ਰੱਖਣੀਆਂ ਚਾਹੀਦੀਆਂ ਹਨ। ਕਿਸਾਨ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਹਰ ਵਾਰ ਸਾਨੂੰ ਉਮੀਦਾਂ ਹੁੰਦੀਆਂ ਹਨ ਪਰ ਹਰ ਵਾਰ ਸਾਡੀਆਂ ਉਮੀਦਾਂ ਉਤੇ ਪਾਣੀ ਫਿਰਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰਾਂ 50 ਜਾਂ 100 ਰੁਪਏ ਵਧਾ ਦਿੰਦੀਆਂ ਹਨ, ਜੋ ਕਿ ਸਾਡਾ ਲਾਗਤ ਮੁੱਲ ਵੀ ਨਹੀਂ ਹੈ, ਇਸ ਕਰਕੇ ਸਵਾਮੀਨਾਥਨ ਰਿਪੋਰਟ ਦੀਆਂ ਸਿਫਾਰਸ਼ਾਂ ਲਾਗੂ ਕਰਨੀਆਂ ਚਾਹੀਦੀਆਂ ਹਨ।
ਸ਼ੁਰੂ ਤੋਂ ਹੀ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਨਾਲ ਵਿਤਕਰਾ ਕੀਤਾ ਗਿਆ : ਦੂਜੇ ਪਾਸੇ ਬਜਟ ਨੂੰ ਲੈ ਕੇ ਕਿਸਾਨ ਆਗੂਆਂ ਨੇ ਕਿਹਾ ਕਿ ਸ਼ੁਰੂ ਤੋਂ ਹੀ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਨਾਲ ਵਿਤਕਰਾ ਕੀਤਾ ਗਿਆ ਹੈ। ਇਹੀ ਕਾਰਨ ਹੈ ਕਿ ਅੱਜ ਖੇਤੀ ਲਗਾਤਾਰ ਘਾਟੇ ਵੱਲ ਜਾ ਰਹੀ ਹੈ। ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਭਾਵੇਂ ਸਰਕਾਰ ਕੇਂਦਰ ਦੀ ਹੋਵੇ ਜਾਂ ਪੰਜਾਬ ਦੀ ਹੋਵੇ ਕਿਸੇ ਨੇ ਵੀ ਪੰਜਾਬ ਦੇ ਕਿਸਾਨਾਂ ਦੇ ਹੱਕ ਵਿੱਚ ਕਦੇ ਕੋਈ ਫੈਸਲਾ ਨਹੀਂ ਲਿਆ। ਸਾਡੇ ਹੱਥ ਹਮੇਸ਼ਾ ਤੋਂ ਹੀ ਨਮੋਸ਼ੀ ਲੱਗੀ ਹੈ, ਇਸ ਕਰਕੇ ਸਾਨੂੰ ਸੰਘਰਸ਼ ਦੇ ਰਾਹ ਉਤੇ ਤੁਰਨਾ ਪੈ ਰਿਹਾ ਹੈ। ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਵੱਲੋਂ ਬਜਟ ਸੈਸ਼ਨ ਦੌਰਾਨ ਵਿਰੋਧ ਵੀ ਕੀਤਾ ਜਾਣਾ ਹੈ।