ਲੁਧਿਆਣਾ: ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਵੱਲੋਂ ਗੁਰਦਾਸਪੁਰ ਦੇ ਡੀਸੀ ਨਾਲ ਬਦਸਲੂਕੀ ਕਰਨ ਦਾ ਮਾਮਲਾ ਲਗਾਤਾਰ ਭੱਖਦਾ ਜਾ ਰਿਹਾ ਹੈ। ਇਸ ਨੂੰ ਲੈ ਕੇ ਹੁਣ ਲੁਧਿਆਣਾ ਦੇ ਡੀਸੀ ਦਫ਼ਤਰ ਵਿੱਚ ਵੀ ਉਨ੍ਹਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ।
ਡੀਸੀ ਦਫ਼ਤਰ ਦੇ ਮੁਲਾਜ਼ਮ ਆਪਣਾ ਕੰਮਕਾਜ ਠੱਪ ਕਰਕੇ ਬੈਂਸ ਦੀ ਗ੍ਰਿਫ਼ਤਾਰੀ ਦੀ ਮੰਗ ਕਰ ਰਹੇ ਹਨ। ਲੁਧਿਆਣਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਯੂਨੀਅਨ ਦੇ ਆਗੂਆਂ ਦਾ ਕਹਿਣਾ ਹੈ ਕਿ ਸਿਮਰਜੀਤ ਬੈਂਸ ਵਿਰੁੱਧ ਜੋ ਪਰਚਾ ਦਰਜ ਕੀਤਾ ਗਿਆ ਹੈ ਉਸ ਤਹਿਤ ਉਸਨੂੰ ਛੇਤੀ ਤੋਂ ਛੇਤੀ ਗ੍ਰਿਫ਼ਤਾਰ ਕੀਤਾ ਜਾਵੇ ਨਹੀਂ ਤਾਂ ਆਉਂਦੇ ਦਿਨਾਂ ਵਿੱਚ ਉਹ ਕੰਮਕਾਜ ਠੱਪ ਕਰ ਦੇਣਗੇ ਅਤੇ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਉੱਤੇ ਬੈਠ ਜਾਣਗੇ।
ਜ਼ਿਕਰਯੋਗ ਹੈ ਕਿ ਬਟਾਲਾ ਧਮਾਕੇ ਸਬੰਧੀ ਬੈਂਸ ਨੇ ਇੱਕ ਪੀੜਤ ਪਰਿਵਾਰ ਦੇ ਮੁੱਦੇ ‘ਤੇ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਵਿਪੁਲ ਉੱਜਵਲ ਨਾਲ ਐੱਸਡੀਐੱਮ ਦਫ਼ਤਰ ਵਿਚ ਧਮਕੀ ਭਰੇ ਲਹਿਜ਼ੇ ਵਿੱਚ ਗੱਲ ਕੀਤੀ ਅਤੇ ਗ਼ਲਤ ਸ਼ਬਦਾਵਲੀ ਦੀ ਵਰਤੋਂ ਕੀਤੀ। ਹਾਲਾਂਕਿ ਡੀ.ਸੀ. ਨਿਮਰਤਾ ਨਾਲ ਆਪਣਾ ਪੱਖ ਰੱਖਣ ਦਾ ਯਤਨ ਕਰਦੇ ਰਹੇ।
ਇਸ ਤੋਂ ਬਾਅਦ ਬੈਂਸ ਨੇ ਡੀ.ਸੀ. ਨਾਲ ਹੋਈ ਨੋਕ ਝੋਕ 'ਤੇ ਪ੍ਰੈੱਸ ਕਾਨਫਰੰਸ ਕਰਕੇ ਇਸ ਮੁੱਦੇ 'ਤੇ ਸਫਾਈ ਵੀ ਦਿੱਤੀ ਸੀ। ਬੈਂਸ ਨੇ ਕਿਹਾ ਕਿ ਬਟਾਲਾ ਪਟਾਕਾ ਫ਼ੈਕਟਰੀ ਹਾਦਸੇ ਵਿੱਚ ਪਰਿਵਾਰਾਂ ਨੇ ਆਪਣੇ ਜੀਆਂ ਨੂੰ ਗਵਾ ਲਿਆ ਅਤੇ ਜਦੋਂ ਪੀੜਤ ਪਰਿਵਾਰ ਇਨਸਾਫ਼ ਲਈ ਡੀਸੀ ਦਫ਼ਤਰ ਪਹੁੰਚਿਆ ਤਾਂ ਉਨ੍ਹਾਂ ਨੂੰ ਬਦਸਲੂਕੀ ਕਰਕੇ ਡੀਸੀ ਨੇ ਦਫ਼ਤਰ ਵਿੱਚੋਂ ਬਾਹਰ ਕੱਢ ਦਿੱਤਾ ਜੋ ਕਿ ਸਰਾਸਰ ਗ਼ਲਤ ਹੈ, ਇਸੇ ਕਰਕੇ ਉਨ੍ਹਾਂ ਦੀ ਡੀਸੀ ਨਾਲ ਨੋਕ ਝੋਕ ਹੋ ਗਈ ਸੀ।
ਡਿਪਟੀ ਕਮਿਸ਼ਨਰ ਨਾਲ ਬਦਸਲੂਕੀ ਕਰਨ ਦੇ ਦੋਸ਼ਾਂ ਅਧੀਨ ਬੈਂਸ ਵਿਰੁੱਧ ਮਾਮਲਾ ਦਰਜ ਹੋਇਆ ਹੈ। ਇਸ ਮਾਮਲੇ ਤੇ ਹੁਣ ਸਿਆਸਤ ਭਖ ਗਈ ਹੈ। ਬਹੁਤ ਸਾਰੇ ਆਗੂਆਂ ਨੇ ਇਸ ਮਾਮਲੇ ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।