ਲੁਧਿਆਣਾ: ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ਵਿੱਚ ਜ਼ਿਮਨੀ ਚੋਣਾਂ ਦਾ ਐਲਾਨ ਹੁੰਦਿਆਂ ਹੀ ਕਾਂਗਰਸ ਨੇ ਚਾਰਾਂ ਹਲਕਿਆਂ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਮੁੱਲਾਂਪੁਰ ਦਾਖਾ ਤੋਂ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਦਾਖਾ ਤੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਮਨਪ੍ਰੀਤ ਇਯਾਲੀ ਚੋਣ ਮੈਦਾਨ 'ਚ ਉੱਤਰਣਗੇ। ਉੱਥੇ ਹੀ ਲੁਧਿਆਣਾ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਮਨਪ੍ਰੀਤ ਸਿੰਘ ਨਾਲ ਬੈਠਕ ਕੀਤੀ।
ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਅਕਾਲੀ ਦਲ ਚਾਰਾਂ ਸੀਟਾਂ 'ਤੇ ਜਿੱਤ ਦਰਜ ਕਰੇਗੀ, ਕਿਉਂਕਿ ਲੋਕ ਹੁਣ ਕਾਂਗਰਸ ਤੋਂ ਪ੍ਰੇਸ਼ਾਨ ਹੋ ਗਏ ਹਨ। ਉਨ੍ਹਾਂ ਨੇ ਕਿਹਾ ਕਿ ਬੇਅਦਬੀਆਂ ਦੇ ਨਾਂਅ 'ਤੇ ਅਕਾਲੀ ਦਲ 'ਤੇ ਨਿਸ਼ਾਨੇ ਲਾਉਣ ਵਾਲੇ ਹੁਣ ਖ਼ੁਦ ਬੇਅਦਬੀਆਂ ਦੇ ਮਾਮਲੇ 'ਚ ਘਿਰ ਗਏ ਹਨ। ਚੀਮਾ ਨੇ ਕਿਹਾ ਕਿ ਬੈਂਸ ਅਤੇ ਆਮ ਆਦਮੀ ਪਾਰਟੀ ਵੀ ਕਾਂਗਰਸ ਦਾ ਹੀ ਹਿੱਸਾ ਹੈ ਅਤੇ ਅਕਾਲੀ ਦਲ ਨੂੰ ਹਰਾਉਣ ਲਈ ਇਹ ਸਭ ਸਾਜਿਸ਼ ਰਚ ਰਹੇ ਹਨ।
ਉਨ੍ਹਾਂ ਕਿਹਾ ਕਿ ਹੁਣ ਲੋਕ ਕਾਂਗਰਸ ਤੋਂ ਅੱਕ ਚੁੱਕੇ ਹਨ ਅਤੇ ਕਾਂਗਰਸ ਦਾ ਦਾਖਾ ਤੋਂ ਉਮੀਦਵਾਰ ਵੀ ਪੈਰਾਸ਼ੂਟ ਉਮੀਦਵਾਰ ਹੈ ਜਿਸ ਨੂੰ ਲੋਕ ਨਾਕਾਰ ਦੇਣਗੇ। ਚੀਮਾ ਨੇ ਇਹ ਵੀ ਕਿਹਾ ਕਿ ਚੋਣਾਂ ਨਿਰਪੱਖ ਕਰਵਾਉਣ ਲਈ ਚੋਣ ਕਮਿਸ਼ਨ ਨੂੰ ਚੋਣ ਆਬਜ਼ਰਵਰ ਅਤੇ ਸੁਰੱਖਿਆ ਮੁਲਾਜ਼ਮ ਬਾਹਰਲੇ ਸੂਬਿਆਂ ਤੋਂ ਮੰਗਵਾਉਣੇ ਚਾਹੀਦੇ ਹਨ।
ਇਸ ਦੇ ਨਾਲ ਹੀ ਦਲਜੀਤ ਸਿੰਘ ਚੀਮਾ ਨੇ ਪੰਜਾਬੀ ਗਾਇਕ ਗੁਰਦਾਸ ਮਾਨ ਵੱਲੋਂ ਇੱਕ ਦੇਸ਼ ਇੱਕ ਭਾਸ਼ਾ ਨੂੰ ਲੈ ਕੇ ਦਿੱਤੇ ਬਿਆਨ ਉੱਤੇ ਵੀ ਆਪਣੀ ਪ੍ਰਤੀਕਿਰਿਆ ਜ਼ਾਹਿਰ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਗੁਰਦਾਸ ਮਾਨ ਨੂੰ ਅਜਿਹਾ ਨਹੀਂ ਕਹਿਣਾ ਚਾਹੀਦਾ ਸੀ। ਉੱਥੇ ਹੀ ਦਰਬਾਰ ਸਾਹਿਬ ਦੇ ਲੰਗਰ ਦੀ ਜੀਐੱਸਟੀ ਹਿੱਸੇ ਨੂੰ ਲੈ ਕੇ ਵੀ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਉਹ ਸਰਕਾਰ ਨੂੰ ਸਾਰੇ ਸਬੂਤ ਵਿਖਾ ਚੁੱਕੇ ਹਨ ਕਿ ਹਾਲੇ ਤੱਕ ਦਰਬਾਰ ਸਾਹਿਬ ਦਾ ਹਿੱਸਾ ਜੀਐੱਸਟੀ ਦਾ ਨਹੀਂ ਦਿੱਤਾ ਗਿਆ।