ਲੁਧਿਆਣਾ: ਜਿਵੇਂ ਜਿਵੇਂ ਤਕਨੀਕੀ ਵਿਕਾਸ ਹੋ ਰਿਹਾ ਹੈ, ਉੰਝ ਹੀ, ਸਾਈਬਰ ਠੱਗ ਹੋਰ ਵੀ ਜ਼ਿਆਦਾ ਠੱਗੀਆਂ ਮਾਰਨ ਵਿੱਚ ਕਾਮਯਾਬ ਹੋਣ ਲੱਗ ਪਏ ਹਨ। ਆਰਟੀਫ਼ਿਸ਼ਲ ਇੰਟੈਲੀਜੈਂਸ ਦੀ ਮਦਦ ਨਾਲ ਸਾਈਬਰ ਠੱਗ ਤੁਹਾਡੇ ਕਿਸੇ ਰਿਸ਼ਤੇਦਾਰ ਜਾਂ ਫਿਰ ਪਰਿਵਾਰਕ ਮੈਂਬਰ ਦੀ ਬਿਲਕੁਲ ਮਿਲਦੀ ਜੁਲਦੀ ਬਣਾਉਂਦੇ ਹਨ ਅਤੇ ਫਿਰ ਮੁਸ਼ਕਿਲ ਵਿੱਚ ਹੋਣ, ਹਸਪਤਾਲ ਹੋਣ, ਅਗਵਾ ਹੋ ਜਾਣ ਆਦਿ ਦੀ ਗੱਲ ਕਹਿ ਕੇ ਤੁਰੰਤ ਪੈਸੇ ਭੇਜਣ ਲਈ ਕਹਿੰਦੇ ਹਨ ਜਿਸ ਨਾਲ ਲੋਕ ਇਨ੍ਹਾਂ ਦੇ ਝਾਂਸੇ ਵਿੱਚ ਆ ਕੇ ਆਪਣੀ ਜਮਾਂ ਪੂੰਜੀ ਗਵਾ ਲੈਂਦੇ ਹਨ।
ਦਿੱਲੀ ਵਿੱਚ ਤਾਂ ਇੱਕ ਮਨੀ ਐਕਸਚੇਂਜ਼ ਕੰਪਨੀ ਦੇ ਡਾਇਰੈਕਟਰ ਨਾਲ, ਵਿਧਾਇਕ ਦੀ ਆਵਾਜ਼ ਕੱਢ ਕੇ 6 ਲੱਖ ਰੁਪਏ ਦੀ ਠੱਗੀ ਮਾਰ ਲਈ ਗਈ ਹੈ। ਉਸ ਨੂੰ ਪਾਰਟੀ ਫੰਡ ਲਈ ਪੈਸੇ ਦੇਣ ਦੀ ਗੱਲ ਕਹੀ ਗਈ ਅਤੇ 6 ਲੱਖ ਰੁਪਏ ਦੀ ਠੱਗੀ ਮਾਰ ਗਈ।
ਹਰ ਮਹੀਨੇ ਔਸਤਨ 300 ਦੇ ਕਰੀਬ ਕੇਸ ਦਰਜ ਹੋ ਰਹੇ: ਭਾਰਤ ਵਿੱਚ 2022 ਵਿੱਚ ਸਰਕਾਰੀ ਅੰਕੜਿਆਂ ਮੁਤਾਬਿਕ 13.91 ਲੱਖ ਸਾਈਬਰ ਠੱਗੀ ਦੇ ਮਾਮਲੇ ਸਾਹਮਣੇ ਆਏ ਸਨ। ਕੇਂਦਰੀ ਰਾਜ ਮੰਤਰੀ ਰਾਜੀਵ ਚੰਦਰਸ਼ੇਖਰ ਵੱਲੋਂ ਸੰਸਦ ਵਿੱਚ ਇਸ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਪੰਜਾਬ ਦੀ ਜੇਕਰ ਗੱਲ ਕੀਤੀ ਜਾਵੇ, ਤਾਂ 2022 ਵਿੱਚ ਪੰਜਾਬ ਦੇ ਅੰਦਰ 8,492 ਸਾਈਬਰ ਠੱਗੀ ਦੇ ਮਾਮਲੇ ਸਾਹਮਣੇ ਆਏ ਸਨ। ਲੁਧਿਆਣਾ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਰੋਜ਼ਾਨਾ 10 ਤੋਂ 15 ਮਾਮਲੇ ਸਾਈਬਰ ਕ੍ਰਾਈਮ ਦੇ ਸਾਹਮਣੇ ਆ ਰਹੇ ਹਨ। ਸਾਈਬਰ ਹੈਲਪ ਡੈਸਕ ਵੱਲੋਂ ਹਰ ਮਹੀਨੇ ਔਸਤਨ 300 ਦੇ ਕਰੀਬ ਕੇਸ ਆ ਰਹੇ ਹਨ। ਸਿਰਫ਼ ਆਨਲਾਈਨ ਠੱਗੀ ਹੀ ਨਹੀਂ, ਆਨਲਾਈਨ ਤੰਗ ਪ੍ਰੇਸ਼ਾਨ ਕਰਨ, ਗਾਲ੍ਹਾਂ ਕੱਢਣ, ਫਿਰੌਤੀ ਮੰਗਣ, ਡਰਾਉਣ ਧਮਕਾਉਣ ਦੇ ਵੀ ਮਾਮਲੇ ਇਸ ਵਿੱਚ ਸ਼ਾਮਿਲ ਹਨ। ਸਿਰਫ AI (Artificial Intelligence) ਰਾਹੀਂ ਆਵਾਜ਼ ਬਦਲਣ ਦੇ ਨਹੀਂ ਸਗੋਂ ਆਨਲਾਈਨ ਨਿਵੇਸ਼ ਕਰਨ ਅਤੇ ਆਨਲਾਈਨ ਲੋਨ ਲੈਣ ਦੇ ਮਾਮਲਿਆਂ ਵਿੱਚ ਵੀ ਠਗੀ ਮਾਰਨ ਦੇ ਮਾਮਲੇ ਵਧੇ ਹਨ।
ਕੀ ਹੈ AI: ਦਰਅਸਲ, ਏਆਈ ਦੀ ਫੁੱਲ ਫਾਰਮ ਆਰਟੀਫਿਸ਼ਲ ਇੰਟੈਲੀਜੈਂਸ ਹੈ, ਜਿਸ ਦੀ ਵਰਤੋਂ ਕਰਕੇ ਬਣਾਉਟੀ ਆਵਾਜ਼ ਪੈਦਾ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਵੀਡਿਓ ਵੀ ਬਣਾਈ ਸਕਦੀ ਹੈ। ਇਸ ਨੂੰ ਰੋਕਣ ਲਈ ਪੁਲਿਸ ਨੂੰ ਵੀ ਕਾਫੀ ਮੁਸ਼ਕਤ ਕਰਨੀ ਪੈਂਦੀ ਹੈ। ਚੈਟ GPT ਆਉਣ ਦੇ ਨਾਲ ਸਾਈਬਰ ਠੱਗੀ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। ਚੀਨ ਵਿੱਚ ਚੈਟ GPT ਦੀ ਮਦਦ ਨਾਲ ਕਿਸੇ ਵਿਅਕਤੀ ਨੇ ਟ੍ਰੇਨ ਵਿੱਚ ਧਮਾਕਾ ਹੋਣ ਦੀ ਅਫ਼ਵਾਹ ਨੂੰ ਤੇਜ਼ੀ ਨਾਲ ਫੈਲਾਅ ਦਿੱਤਾ ਜਿਸ ਨਾਲ ਪੂਰੇ ਦੇਸ਼ ਵਿੱਚ ਹੜਕੰਪ ਮਚ ਗਿਆ। ਇਸ ਤਕਨੀਕ ਦੀ ਮਦਦ ਨਾਲ ਜਾਅਲੀ ਵੀਡਿਓ ਵੀ ਬਣਾਈ ਜਾ ਸਕਦੀ ਹੈ, ਜੋ ਕਿ ਤੁਹਾਨੂੰ ਅਸਲੀ ਲੱਗੇਗੀ। ਤੁਹਾਨੂੰ ਵੀਡਿਓ ਕਾਲ ਉੱਤੇ 5 ਤੋਂ 6 ਸੈਕਿੰਡ ਤੱਕ ਅਜਿਹਾ ਪ੍ਰਤੀਤ ਹੋਵੇਗਾ ਕਿ ਕੋਈ ਆਪਣਾ ਤੁਹਾਡੇ ਸਾਹਮਣੇ ਹੈ। ਇਸ ਵਿੱਚ ਜ਼ਿਆਦਤਰ ਕੌਮਾਂਤਰੀ ਨੰਬਰਾਂ ਦੀ ਵਰਤੋਂ ਕੀਤੀ ਜਾ ਰਹੀਂ ਹੈ।
ਪਹਿਲਾ ਮਾਮਲਾ : ਭੱਟੀਆਂ ਦੇ ਰਹਿਣ ਵਾਲੇ ਸੌਰਵ ਕੁਮਾਰ ਨਾਲ ਵੀ ਅਜਿਹੀ ਹੀ ਠੱਗੀ ਦਾ ਮਾਮਲਾ ਹੋਇਆ ਹੈ। ਉਸ ਨੂੰ ਆਨਲਾਈਨ ਲੋਨ ਲੈਣ ਸਬੰਧੀ ਜਾਣਕਾਰੀ ਹਾਸਿਲ ਕਰਨੀ ਓਸ ਵੇਲੇ ਮਹਿੰਗੀ ਪੈ ਗਈ ਜਦੋਂ ਕੰਪਨੀ ਵੱਲੋਂ ਉਸ ਨੂੰ ਫੋਨ ਕਰਕੇ ਕਿਹਾ ਗਿਆ ਕਿ ਉਸ ਨੂੰ ਹੁਣ ਲੋਨ ਲੈਣਾ ਹੀ ਪਵੇਗਾ। ਗੱਲਾਂ-ਗੱਲਾਂ ਵਿੱਚ ਉਸ ਤੋਂ OTP ਮੰਗਾ ਲਿਆ ਗਿਆ ਅਤੇ 32 ਫੀਸਦੀ ਵਿਆਜ ਦਰ 'ਤੇ ਉਸ ਨੂੰ ਇੱਕ ਲੱਖ ਰੁਪਏ ਦਾ ਲੋਨ ਦੇ ਦਿੱਤਾ ਗਿਆ। ਪ੍ਰੋਸੈਸਿੰਗ ਫੀਸ ਕੱਟ ਕੇ 94 ਹਜ਼ਾਰ ਉਸ ਦੇ ਖਾਤੇ ਵਿੱਚ ਪਾਏ ਗਏ ਜਿਸ ਨਾਲ ਉਸ ਨੂੰ 30 ਹਜ਼ਾਰ ਰੁਪਏ ਦੇ ਕਰੀਬ ਦਾ ਚੂਨਾ ਲਾ ਦਿੱਤਾ ਗਿਆ। ਇੰਨਾਂ ਹੀ ਨਹੀਂ, ਆਨਲਾਈਨ ਸਾਈਬਰ ਕ੍ਰਾਈਮ ਸਬੰਧੀ ਕਾਨੂੰਨੀ ਸਹਾਇਤਾ ਦੇਣ ਦੇ ਨਾਂਅ ਉੱਤੇ ਵੀ ਉਸ ਤੋਂ 2400 ਰੁਪਏ ਵੱਖਰਾ ਲੈ ਲਿਆ।
ਦੂਜਾ ਮਾਮਲਾ : ਬੀਤੇ ਦਿਨੀਂ ਅਜਿਹਾ ਹੀ ਇਕ ਹੋਰ ਮਾਮਲਾ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਦੀ ਤਸਵੀਰ ਵ੍ਹਟਸਐਪ ਉੱਤੇ ਲਾ ਕੇ ਠੱਗੀ ਕਰਨ ਦਾ ਸਾਹਮਣੇ ਆਇਆ। ਕਮਿਸ਼ਨਰ ਬਣ ਕੇ ਕਿਸੇ ਸ਼ਖਸ ਦੇ ਦੋਸਤ ਨੂੰ ਕੇਸ ਵਿੱਚੋਂ ਕਢਵਾਉਣ ਲਈ ਪੈਸਿਆਂ ਦੀ ਮੰਗ ਕੀਤੀ ਗਈ। ਸੋਸ਼ਲ ਮੀਡੀਆ ’ਤੇ ਇਹ ਅਵਾਜ਼ ਵਾਇਰਲ ਵੀ ਹੋਈ। ਯਾਨੀ ਕਿ ਸਾਈਬਰ ਠਗੀ ਕਰਨ ਵਾਲਿਆਂ ਨੂੰ ਪੁਲਿਸ ਦਾ ਵੀ ਕੋਈ ਡਰ ਨਹੀਂ। ਉਹਨਾਂ ਨੇ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਦੀ ਤਸਵੀਰ ਲਗਾ ਕੇ ਸ਼ਰੇਆਮ ਕਿਸੇ ਸ਼ਖਸ਼ ਤੋ ਪੈਸਿਆਂ ਦੀ ਮੰਗ ਕਰ ਦਿੱਤੀ।
ਰਹੋ ਸਾਵਧਾਨ ਅਤੇ ਕਰੋ ਬਚਾਅ: ਟੈਲੀਗ੍ਰਾਮ ਦੇ ਰਾਹੀ ਬਿਟ ਕੋਇਨ ਨਿਵੇਸ਼ ਕਰਨ ਦੇ ਨਾਂਅ ਉੱਤੇ ਠੱਗੀਆਂ ਹੋ ਰਹੀਆਂ ਹਨ। ਲੁਧਿਆਣਾ ਸਾਈਬਰ ਕ੍ਰਾਈਮ ਸੈੱਲ ਦੇ ਇੰਚਾਰਜ ਜਤਿੰਦਰ ਸਿੰਘ ਦੇ ਮੁਤਾਬਿਕ ਇਨ੍ਹੀਂ ਦਿਨੀਂ ਤੁਹਾਨੂੰ ਨਿਵੇਸ਼ ਕਰਕੇ ਦੁੱਗਣੀ ਰਕਮ ਮਿਲਣ ਦਾ ਲਾਲਚ ਦੇ ਕੇ ਤੁਹਾਡੇ ਨਾਲ ਠੱਗੀ ਮਾਰੀ ਜਾਂਦੀ ਹੈ। ਉਹਨਾਂ ਦੱਸਿਆ ਕਿ ਵਿਦੇਸ਼ੀ ਨੰਬਰਾਂ ਤੋਂ ਫੋਨ ਕਰਕੇ ਤੁਹਾਡੇ ਕਿਸੇ ਰਿਸ਼ਤੇਦਾਰ ਦੀ ਅਵਾਜ ਵਿੱਚ ਗੱਲ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਜੇਕਰ ਤੁਹਾਨੂੰ ਵੀ ਅਜਿਹੇ ਫੋਨ ਆਉਂਦੇ ਹਨ, ਤਾਂ ਆਪਣੇ ਰਿਸ਼ਤੇਦਾਰ ਦੇ ਅਸਲੀ ਨੰਬਰ ਉੱਤੇ ਫੋਨ ਕਰਕੇ ਜ਼ਰੂਰ ਪਤਾ ਕਰ ਲੈਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਜੇਕਰ ਕੋਈ ਅਜਿਹੀ ਠੱਗੀ ਦਾ ਸ਼ਿਕਾਰ ਹੁੰਦਾ ਹੈ ਤਾਂ ਤੁਰੰਤ 1930 ਉੱਤੇ ਕਾਲ ਕਰੋ। ਜੇਕਰ ਸਮੇਂ ਸਿਰ ਫੋਨ ਕਰ ਦਿੱਤਾ ਜਾਵੇ ਤਾਂ ਪੈਸੇ ਵਾਪਸ ਆਉਣ ਦੇ ਚਾਂਸ ਕਾਫੀ ਵਧ ਜਾਂਦੇ ਹਨ। ਇਸੇ ਤਰ੍ਹਾਂ ਤੁਸੀ ਆਪਣੇ ਖਾਤਿਆਂ ਦਾ ਅਲੱਗ-ਅਲੱਗ ਪਾਸਵਰਡ ਰੱਖੋ, ਇਸ ਤੋਂ ਇਲਾਵਾ AI ਤੋਂ ਜਾਣੂ ਰਹੋ। ਨਿਵੇਸ਼ ਦੇ ਨਾਂਅ ਉੱਤੇ ਪੈਸੇ ਨਾ ਦਿਓ, ਆਪਣੇ ਖਾਤੇ ਸੁਰੱਖਿਅਤ ਰੱਖੋ, ਬਿਨ੍ਹਾਂ ਜਾਣ-ਪਛਾਣ ਤੋਂ ਕਿਸੇ ਦੀ ਵ੍ਹਟਸਐਪ ਕਾਲ ਨਾ ਚੁੱਕੋ। ਜਾਗਰੂਕਤਾ ਹੀ ਠੱਗੀ ਤੋਂ ਬਚਣ ਦਾ ਸਭ ਤੋਂ ਅਹਿਮ ਹਿੱਸਾ ਹੈ।