ਲੁਧਿਆਣਾ: ਜ਼ਿਲ੍ਹੇ ਵਿੱਚ ਇੱਕ ਨਾਬਾਲਿਗ ਦੀ ਲਾਸ਼ ਇਕ ਖਾਲੀ ਪਲਾਟ ਵਿੱਚੋਂ ਬਰਾਮਦ ਹੋਈ ਹੈ। ਮ੍ਰਿਤਕ ਇਲਾਕੇ ਦੇ ਵਿੱਚ ਹੀ ਇਕ ਫੈਕਟਰੀ ਅੰਦਰ ਪੈਕਿੰਗ ਦਾ ਕੰਮ ਕਰਦਾ ਸੀ ਅਤੇ ਦੇਰ ਰਾਤ ਸ਼ਾਮ ਤੋਂ ਲਾਪਤਾ ਸੀ ਜਿਸ ਤੋਂ ਬਾਅਦ ਉਸਦੇ ਭਰਾ ਨੇ ਪੁਲਿਸ ਕੋਲ ਉਸ ਦੇ ਲਾਪਤਾ ਹੋਣ ਦੀ ਸ਼ਿਕਾਇਤ ਵੀ ਦਰਜ ਕਰਵਾਈ ਸੀ। ਮ੍ਰਿਤਕ ਦੇ ਗੁਆਂਢੀ ਨੇ ਹੀ ਪਲਾਟ ਦੇ ਵਿੱਚ ਉਸਦੀ ਲਾਸ਼ ਨੂੰ ਵੇਖਿਆ ਜਿਸ ਨੂੰ ਵੇਖ ਕੇ ਉਹ ਹੈਰਾਨ ਰਹਿ ਗਿਆ ਜਿਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ।
ਮ੍ਰਿਤਕ ਦੇ ਮੂੰਹ ’ਚੋਂ ਖੂਨ ਨਿਕਲ ਰਿਹਾ ਸੀ ਅਤੇ ਮੌਕੇ ਤੇ ਪਹੁੰਚੀ ਪੁਲਿਸ ਨੇ ਮ੍ਰਿਤਕ ਦੀ ਪਹਿਚਾਣ ਐਂਥਨੀ ਉਮਰ 17 ਦੇ ਰੂਪ ਵਿਚ ਕੀਤੀ ਜਿਸ ਤੋਂ ਬਾਅਦ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਜਿਨ੍ਹਾਂ ਨੇ ਉਸ ਨੂੰ ਕਤਲ ਕੀਤਾ ਉਹ ਉਸ ਦੇ ਜਾਣਕਾਰ ਸਨ।
ਇਸ ਸਬੰਧੀ ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਦੇਰ ਰਾਤ ਤਿੰਨ ਮੁਲਜ਼ਮ ਅਤੇ ਐਂਥਨੀ ਇਕੱਠੇ ਬੈਠ ਕੇ ਪਾਰਟੀ ਕਰ ਰਹੇ ਸਨ ਜਿਸ ਤੋਂ ਬਾਅਦ ਆਪਸ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਅਤੇ ਐਂਥਨੀ ਦੀ ਲਾਸ਼ ਸਵੇਰੇ ਬਰਾਮਦ ਹੋਈ। ਪਲਾਟ ਵਿੱਚ ਸੀਸੀਟੀਵੀ ਨਾ ਲੱਗਿਆ ਹੋਣ ਕਰਕੇ ਪੁਲਿਸ ਨੂੰ ਇਸ ਬਾਰੇ ਫਿਲਹਾਲ ਪਤਾ ਨਹੀਂ ਲੱਗ ਸਕਿਆ ਕਿ ਤਿੰਨਾਂ ਵਿੱਚੋਂ ਮੁੱਖ ਮੁਲਜ਼ਮ ਕੌਣ ਹੈ।
ਪੁਲਿਸ ਨੇ ਤਿੰਨਾਂ ਨੂੰ ਜਲਦ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਨੂੰ ਪਲਾਟ ਵਿੱਚ ਕੁਝ ਖਾਲੀ ਸ਼ਰਾਬ ਦੀਆਂ ਬੋਤਲਾਂ ਮਿਲੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏਐਸਪੀ ਜੋਤੀ ਯਾਦਵ ਨੇ ਦੱਸਿਆ ਕਿ ਮ੍ਰਿਤਕ ਦੀ ਸ਼ਨਾਖਤ ਹੋ ਗਈ ਹੈ ਕਿਉਂਕਿ ਉਸ ਦੇ ਭਰਾ ਨੇ ਬੀਤੇ ਦਿਨ ਉਸ ਦੇ ਲਾਪਤਾ ਹੋਣ ਦੀ ਰਿਪੋਰਟ ਦਰਜ ਕਰਵਾਈ ਸੀ। ਉਨ੍ਹਾਂ ਕਿਹਾ ਕਿ ਚਿਹਰੇ ਤੇ ਵਾਰ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਅਤੇ ਬਾਕੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: Sidhu Moosewala murder case: ਐਨਕਾਊਂਟਰ ’ਤੇ ਗੋਲਡੀ ਬਰਾੜ ਦਾ ਵੱਡਾ ਬਿਆਨ, ਪੁਲਿਸ ਨੂੰ ਵੀ ਦਿੱਤੀ ਇਹ ਸਲਾਹ