ਲੁਧਿਆਣਾ: ਪਿਛਲੇ ਸਾਲਾਂ ਵਿੱਚ ਹੋਏ ਵਿਕਾਸ ਕਾਰਜਾਂ ਨੂੰ ਲੈ ਕੇ ਹੁਣ ਮੌਜੂਦਾ ਸਰਕਾਰ ਤੇ ਸਾਬਕਾ ਸਰਕਾਰ ਦੇ ਆਗੂ ਆਹਮਣੋ-ਸਾਹਮਣੇ ਹਨ। ਪਹਿਲਾਂ ਲੁਧਿਆਣਾ ਦੀ ਰਾਹੋਂ ਰੋਡ ਅਤੇ ਹੁਣ ਇੰਟਰਨੈਸ਼ਨਲ ਹਲਵਾਰਾ ਏਅਰਪੋਰਟ ਪ੍ਰੋਜੈਕਟ ਨੂੰ ਲੈ ਕੇ ਮੌਜੂਦਾ ਅਤੇ ਸਾਬਕਾ ਸਰਕਾਰ ਦੇ ਆਗੂ ਆਹਮੋ-ਸਾਹਮਣੇ ਹੋ ਗਏ ਹਨ ਤੇ ਪ੍ਰੋਜੈਕਟ ਨੂੰ ਲੈ ਕੇ ਕ੍ਰੈਡਿਟ ਵਾਰ ਸ਼ੁਰੂ ਹੋ ਚੁੱਕੀ ਹੈ।
ਬੀਤੇ ਦਿਨ ਪੰਜਾਬ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਵੱਲੋਂ ਹਲਵਾਰਾ ਏਅਰਪੋਰਟ ਦਾ ਦੌਰਾ ਕਰਕੇ ਕਿਹਾ ਗਿਆ ਸੀ ਕਿ ਉਹ ਜਾਇਜ਼ਾ ਕਰਨ ਆਏ ਹਨ, ਜੁਲਾਈ ਤੱਕ ਇਹ ਏਅਰਪੋਰਟ ਸੁਚਾਰੂ ਢੰਗ ਨਾਲ ਸ਼ੁਰੂ ਹੋ ਜਾਵੇਗਾ। ਪੰਜਾਬ ਸਰਕਾਰ ਵੱਲੋਂ 15 ਕਰੋੜ ਰੁਪਏ ਹੈ ਏਅਰਪੋਰਟ ਦੇ ਪ੍ਰੋਜੈਕਟ ਲਈ ਜਾਰੀ ਕੀਤੇ ਜਾ ਚੁੱਕੇ ਨੇ।
ਦੂਜੇ ਪਾਸੇ ਅੱਜ ਮੰਗਲਵਾਰ ਨੂੰ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਅਤੇ ਫਤਿਹਗੜ੍ਹ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਹਲਵਾਰਾ ਏਅਰਪੋਰਟ ਪਹੁੰਚ ਕੇ ਕੰਮ ਦਾ ਜਾਇਜ਼ਾ ਲੈਣ ਲਈ ਪਹੁੰਚੇ। ਦੋਹਾਂ ਹੀ ਮੈਂਬਰ ਪਾਰਲੀਮੈਂਟਾਂ ਨੇ ਕਿਹਾ ਕਿ ਇਹ ਪ੍ਰੋਜੈਕਟ ਸੈਕਟਰ ਅਮਰਿੰਦਰ ਸਿੰਘ ਸਰਕਾਰ ਵੇਲੇ ਲਿਆਂਦਾ ਗਿਆ ਸੀ ਅਤੇ 2022 ਵਿਚ ਇਸ ਦਾ ਨੀਂਹ ਪੱਥਰ ਮੈਂਬਰ ਪਾਰਲੀਮੈਂਟ ਅਮਰ ਸਿੰਘ ਵੱਲੋਂ ਰੱਖਿਆ ਗਿਆ ਸੀ, ਅੱਜ ਜਿਸ ਵੀ ਲੋਕ ਸਭਾ ਹਲਕੇ ਦੇ ਵਿੱਚ ਇਹ ਰਿਪੋਰਟ ਹੁੰਦਾ ਹੈ, ਉਥੋਂ ਦਾ ਐਮ.ਪੀ ਏਅਰਪੋਰਟ ਦਾ ਚੇਅਰਮੈਨ ਹੁੰਦਾ ਹੈ।
ਕ੍ਰੈਡਿਟ ਵਾਰ:- ਹਲਵਾਰਾ ਇੰਟਰਨੈਸ਼ਨਲ ਏਅਰਪੋਰਟ ਨੂੰ ਲੈ ਕੇ ਦੋਵੇ ਹੀ ਪਾਰਟੀਆਂ ਦੇ ਆਗੂ ਆਹਮੋ ਸਾਹਮਣੇ ਹਨ। ਇਕ ਪਾਸੇ ਜਿੱਥੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਦਾਅਵਾ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਜ਼ਮੀਨ ਐਕੁਆਇਰ ਕੀਤੀ ਅਤੇ ਏਅਰਪੋਰਟ ਦੇ ਨਾਲ ਲੱਗਦੇ ਇਲਾਕੇ ਵਿੱਚ ਵੀ ਜ਼ਮੀਨ ਅਕਵਾਇਰ ਕਰਕੇ 15 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ। ਉੱਥੇ ਹੀ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਅਮਰ ਸਿੰਘ ਅਤੇ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਨੇ ਕਿਹਾ ਹੈ ਕਿ ਇਸ ਪ੍ਰੋਜੈਕਟ ਨੂੰ ਲਿਆਉਣ ਲਈ ਕੇਂਦਰ ਸਰਕਾਰ ਕੋਲ ਉਹਨਾਂ ਨੇ ਪਹੁੰਚ ਕੀਤੀ ਸੀ ਅਤੇ ਲੋਕ ਸਭਾ ਦੇ ਵਿੱਚ ਇਹ ਮੁੱਦਾ ਚੁੱਕਿਆ ਸੀ, ਜਿਸ ਕਰਕੇ ਇਸ ਪ੍ਰਾਜੈਕਟ ਨੂੰ ਮਨਜ਼ੂਰੀ ਮਿਲੀ ਸੀ।
ਕਾਂਗਰਸ ਦਾ ਦਾਅਵਾ:- ਫਤਿਹਗੜ੍ਹ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਡਾਕਟਰ ਅਮਰ ਸਿੰਘ ਨੂੰ ਰਾਏਕੋਟ ਦਾ ਇਲਾਕਾ ਵੀ ਲੱਗਦਾ ਹੈ, ਜਿੱਥੇ ਇਹ ਏਅਰਪੋਰਟ ਬਣ ਰਿਹਾ ਹੈ। ਇਸ ਰਿਪੋਰਟ ਨੂੰ ਲੈ ਕੇ ਅਮਰ ਸਿੰਘ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਕੋਲ ਉਹ ਇਹ ਪ੍ਰੋਜੈਕਟ ਲੈ ਕੇ ਗਏ ਸਨ, ਉਨ੍ਹਾਂ ਨੇ ਹਰੀ ਝੰਡੀ ਦਿੱਤੀ। ਜਿਸ ਤੋਂ ਬਾਅਦ ਉਨ੍ਹਾਂ ਨੇ ਕੇਂਦਰ ਸਰਕਾਰ ਦੇ ਤਤਕਾਲੀ ਸੈਕਟਰੀ ਅਤੇ ਮੰਤਰੀ ਦੇ ਨਾਲ ਗੱਲਬਾਤ ਕੀਤੀ ਬੜੀ ਮੁਸ਼ਕਿਲ ਦੇ ਨਾਲ ਇਹ ਪ੍ਰੋਜੈਕਟ ਨੂੰ ਪਾਸ ਕਰਵਾਇਆ। ਉਹਨਾਂ ਕਿਹਾ ਕਿ 2022 ਵਿੱਚ ਇਸ ਦਾ ਨੀਂਹ ਪੱਥਰ ਰੱਖਿਆ ਸੀ ਤੇ ਕੰਮ ਜਨਵਰੀ ਤੱਕ ਮੁਕੰਮਲ ਹੋ ਜਾਣਾ ਸੀ।
ਮੈਂਬਰ ਪਾਰਲੀਮੈਂਟ ਡਾਕਟਰ ਅਮਰ ਸਿੰਘ ਨੇ ਕਿਹਾ ਕਿ ਪਰ ਕੇਂਦਰ ਨੇ ਸ਼ਰਤ ਰੱਖੀ ਪੰਜਾਬ ਸਰਕਾਰ ਪਹਿਲਾਂ ਆਪਣਾ ਹਿੱਸਾ ਜਾਰੀ ਕਰ ਕੇ ਕੰਮ ਕਰੇ, ਉਸ ਤੋਂ ਬਾਅਦ ਉਹ ਪੈਸੇ ਜਾਰੀ ਕਰਨਗੇ। ਅਮਰ ਸਿੰਘ ਨੇ ਕਿਹਾ ਕਿ ਸਰਕਾਰ ਨੇ ਪੈਸੇ ਜਾਰੀ ਨਹੀਂ ਕੀਤੇ ਕੰਮ ਰੁੱਕ ਗਿਆ, ਜਿਸ ਕਰਕੇ ਉਹ ਕੇਂਦਰੀ ਮੰਤਰੀ ਸਿੰਧੀਆ ਨੂੰ ਮਿਲੇ। ਜਿਨ੍ਹਾਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਇਸ ਪ੍ਰਾਜੈਕਟ ਨੂੰ ਮੁਕੰਮਲ ਕਰਨ ਦੀ ਅਪੀਲ ਕੀਤੀ ਅਤੇ ਉਨ੍ਹਾਂ ਨੇ ਹਾਮੀ ਭਰ ਕੇ ਇਸ ਪ੍ਰੋਜੈਕਟ ਨੂੰ ਹੁਣ ਸਾਲ ਦੇ ਆਖਿਰ ਤੱਕ ਮੁਕੰਮਲ ਕਰਨ ਦਾ ਵਾਅਦਾ ਕੀਤਾ ਹੈ।
ਪੰਜਾਬ ਸਰਕਾਰ ਦਾ ਦਾਅਵਾ:- ਇਕ ਪਾਸੇ ਕਾਂਗਰਸ ਦੇ ਐਮ.ਪੀ ਇਸ ਪ੍ਰੋਜੈਕਟ ਉੱਤੇ ਆਪਣੀ ਮੋਹਰ ਲਗਾ ਰਹੇ ਹਨ। ਉੱਥੇ ਹੀ ਦੂਜੇ ਪਾਸੇ ਬੀਤੇ ਦਿਨੀਂ ਹਲਵਾਰਾ ਏਅਰਪੋਰਟ ਪਹੁੰਚੇ, ਕੈਬਨਿਟ ਮੰਤਰੀ ਹਰਭਜਨ ਸਿੰਘ ਨੇ ਸਾਫ ਤੌਰ ਉੱਤੇ ਕਿਹਾ ਹੈ ਕਿ ਇਕੱਲੇ ਨੀਂਹ ਪੱਥਰ ਲਾਉਣ ਨਾਲ ਇਹ ਰਿਪੋਰਟ ਨਹੀਂ ਬਣੀ। ਇਸ ਲਈ ਸਰਕਾਰ ਨੇ ਨਿਰਦੇਸ਼ ਜਾਰੀ ਕੀਤੇ ਹਨ, ਕਿਉਕਿ ਇਹ ਪ੍ਰੋਜੈਕਟ ਪਿਛਲੇ ਮਹੀਨਿਆਂ ਤੋਂ ਰੁਕਿਆ ਹੋਇਆ ਸੀ ਏਥੇ ਕੋਈ ਕੰਮ ਨਹੀਂ ਹੋ ਰਿਹਾ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਖੁਦ ਨਿੱਜੀ ਦਖ਼ਲ ਦੇ ਕੇ ਇਸ ਇਲਾਕੇ ਦੀ ਨੁਹਾਰ ਬਦਲਣ ਲਈ ਇਸ ਪ੍ਰੋਜੈਕਟ ਨੂੰ ਮੁਕੰਮਲ ਕਰਨ ਲਈ ਗ੍ਰਾਂਟ ਜਾਰੀ ਕਰਵਾਈ। ਉਨ੍ਹਾਂ ਦਾਅਵਾ ਕੀਤਾ ਕਿ ਜੁਲਾਈ ਮਹੀਨੇ ਤੱਕ ਇਸ ਰਿਪੋਰਟ ਦੀ ਸ਼ੁਰੂਆਤ ਕਰ ਦਿੱਤੀ ਜਾਵੇਗੀ, ਜਿਸ ਨਾਲ ਇਲਾਕੇ ਨੂੰ ਕਾਫੀ ਫਾਇਦਾ ਹੋਵੇਗਾ।
ਕਿਉਂ ਜਰੂਰੀ ਏਅਰਪੋਰਟ:- ਦਰਅਸਲ ਹਲਵਾਰਾ ਏਅਰਪੋਰਟ ਇਸ ਕਰਕੇ ਵੀ ਜ਼ਰੂਰੀ ਹੈ, ਕਿਉਂਕਿ ਲੁਧਿਆਣਾ ਸਨਅਤੀ ਸ਼ਹਿਰ ਹੈ। ਲੁਧਿਆਣਾ ਦੇ ਵਿੱਚ ਕੋਈ ਕਾਰਗੋ ਪੋਰਟ ਨਹੀਂ ਹੈ, ਜੇਕਰ ਹਲਵਾਰਾ ਕੌਮਾਂਤਰੀ ਏਅਰਪੋਰਟ ਬਣ ਜਾਂਦਾ ਹੈ ਤਾਂ ਲੁਧਿਆਣਾ ਦੇ ਸਨਅਤਕਾਰਾਂ ਨੂੰ ਕਾਫੀ ਫਾਇਦਾ ਹੋਵੇਗਾ। ਜਿਸਨੂੰ ਸਿਆਸਤਦਾਨ ਵੀ ਚੰਗੀ ਤਰ੍ਹਾਂ ਸਮਝਦੇ ਹਨ। 2024 ਯਾਨੀ ਕਿ ਅਗਲੇ ਸਾਲ ਲੋਕ ਸਭਾ ਚੋਣਾਂ ਹੋਣੀਆਂ ਨੇ ਇਲਾਕੇ ਦੇ 2 ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਤੇ ਡਾਕਟਰ ਅਮਰ ਸਿੰਘ ਖੁਦ ਅਸਿੱਧੇ ਤੌਰ ਉੱਤੇ ਇਸ ਦੇ ਵਿਚ ਸ਼ਾਮਿਲ ਨੇ ਅਤੇ ਇਹ ਪ੍ਰੋਜੈਕਟ ਨੂੰ ਲੈ ਕੇ ਕ੍ਰੇਡਿਟ ਚੱਲ ਰਿਹਾ ਹੈ। ਅਜਿਹੇ ਵਿੱਚ ਮੌਜੂਦਾ ਸਰਕਾਰ ਤੇ ਸਾਬਕਾ ਸਰਕਾਰ ਇਸ ਪ੍ਰੋਜੈਕਟ ਨੂੰ ਆਪਣੀ ਮੋਹਰ ਲਗਾ ਕੇ ਲੋਕਾਂ ਵਿੱਚ ਪੇਸ਼ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੇ ਹਨ।
ਇਹ ਵੀ ਪੜੋ:- ਡਿਬਰੂਗੜ੍ਹ ਜੇਲ੍ਹ 'ਚ ਨਜ਼ਰਬੰਦ ਮੁਲਜ਼ਮਾਂ ਨਾਲ ਪਰਿਵਾਰਕ ਮੈਂਬਰਾਂ ਦੀ ਹੋਵੇਗੀ ਮੁਲਾਕਾਤ, ਐੱਸਜੀਪੀਸੀ ਨੇ ਕੀਤਾ ਮੁਲਾਕਾਤ ਦਾ ਪ੍ਰਬੰਧ